ਜਲੰਧਰ/ਕਰਤਾਰਪੁਰ,7 ਅਗਸਤ,
ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਵਲੋਂ ਪਿੰਡ ਬੂਲੇ ਦੀ ਨੌਜਵਾਨ ਲੜਕੀ ਨੂੰ ਇਨਸਾਫ਼ ਦਿਵਾਉਣ ਲਈ ਸੰਘਰਸ਼ ਨੂੰ ਤੇਜ਼ ਕਰਦਿਆਂ ਅੱਜ ਜ਼ਿਲ੍ਹਾ ਪੱਧਰੀ ਇਕੱਠ ਕਰਕੇ ਐੱਸ ਐੱਸ ਪੀ ਜਲੰਧਰ ਦਿਹਾਤੀ ਦੇ ਦਫ਼ਤਰ ਅੱਗੇ ਧਰਨਾ ਮੁਜ਼ਾਹਰਾ ਸ਼ੁਰੂ ਕਰਨ ਤੋਂ ਪਹਿਲਾਂ ਹੀ ਐੱਸ ਐੱਸ ਪੀ, ਐੱਸ ਪੀ ਸਥਾਨਕ ਅਤੇ ਡੀ ਐੱਸ ਪੀ ਕਰਤਾਰਪੁਰ ਵਲੋਂ ਯੂਨੀਅਨ ਆਗੂਆਂ ਨਾਲ ਆਪਣੇ ਦਫ਼ਤਰ ਮੀਟਿੰਗ ਕਰਕੇ ਮੰਗਾਂ ਮੰਨ ਲਈਆਂ ਅਤੇ ਦੇਸ਼ ਭਗਤ ਯਾਦਗਾਰ ਹਾਲ ਵਿਖੇ ਡੀਐੱਸਪੀ ਕਰਤਾਰਪੁਰ ਵਲੋਂ ਐੱਸ ਐੱਸ ਪੀ ਤਰਫੋਂ ਮੰਗਾਂ ਮੰਨਣ ਦਾ ਐਲਾਨ ਕੀਤਾ ਗਿਆ। ਧਰਨੇ ਮੁਜ਼ਾਹਰੇ ਵਿੱਚ ਸੈਂਕੜਿਆਂ ਦੀ ਗਿਣਤੀ ਵਿੱਚ ਮਜ਼ਦੂਰਾਂ-ਕਿਸਾਨਾਂ ਨੇ ਸ਼ਮੂਲੀਅਤ ਕੀਤੀ।
ਉੱਧਰ ਅੱਜ ਲੜਕੀ ਜਤਿੰਦਰ ਕੌਰ ਦੀ ਹਾਜ਼ਰੀ ਵਿੱਚ ਉਸਦੀ ਭੈਣ ਰਾਜਦੀਪ ਕੌਰ ਵਾਸੀ ਪਿੰਡ ਮੁਰੀਦਪੁਰ ਦੇ ਬਿਆਨ ਉੱਪਰ ਪਰਚਾ ਦਰਜ ਕਰਨ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਅਤੇ ਥਾਣਾ ਕਰਤਾਰਪੁਰ ਅੱਗੇ ਸੱਤਵੇਂ ਦਿਨ ਸ਼ਾਮ ਵੇਲੇ ਧਰਨਾ ਸਮਾਪਤ ਕਰਦਿਆਂ ਯੂਨੀਅਨ ਆਗੂਆਂ ਨੇ ਐਲਾਨ ਕੀਤਾ ਕਿ ਜੇਕਰ ਪ੍ਰਸ਼ਾਸਨ ਨੇ ਮੰਨੀਆਂ ਮੰਗਾਂ ਨੂੰ ਅਮਲ ਵਿੱਚ ਲਾਗੂ ਨਾ ਕੀਤਾ ਤਾਂ 15 ਅਗਸਤ ਨੂੰ ਕਾਲ਼ੇ ਝੰਡਿਆਂ ਪ੍ਰਦਰਸ਼ਨ ਕੀਤਾ ਜਾਵੇਗਾ।
ਇਸ ਮੌਕੇ ਯੂਨੀਅਨ ਦੇ ਸੂਬਾ ਪ੍ਰਧਾਨ ਤਰਸੇਮ ਪੀਟਰ, ਸੂਬਾ ਪ੍ਰੈੱਸ ਸਕੱਤਰ ਕਸ਼ਮੀਰ ਸਿੰਘ ਘੁੱਗਸ਼ੋਰ, ਜ਼ਿਲ੍ਹਾ ਪ੍ਰਧਾਨ ਹੰਸ ਰਾਜ ਪੱਬਵਾਂ ਅਤੇ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਆਗੂ ਸੰਤੋਖ ਸਿੰਘ ਸੰਧੂ ਨੇ ਕਿਹਾ ਕਿ ਜਾਤਾਂ ਧਰਮਾਂ ਦੇ ਨਾਂਅ ਵੋਟਾਂ ਬਟੋਰਨ ਵਾਲੇ ਮੰਤਰੀ ਸੰਤਰੀ ਜ਼ਰੂਰਤ ਵੇਲੇ ਭੁਗਤਦੇ ਮਜ਼ਦੂਰਾਂ ਕਿਸਾਨਾਂ ਵਿਰੁੱਧ ਹਨ। ਉਨ੍ਹਾਂ ਕਿਹਾ ਕਿ ਕੈਬਨਿਟ ਮੰਤਰੀ ਬਲਕਾਰ ਸਿੰਘ ਵਲੋਂ ਆਪਣੇ ਸਰਕਲ ਪ੍ਰਧਾਨ ਨੂੰ ਬਚਾਉਣ ਲਈ ਪਾਏ ਗਏ ਸਿਆਸੀ ਦਬਾਅ ਕਾਰਨ ਨੌਜਵਾਨ ਲੜਕੀ ਨੂੰ ਇਨਸਾਫ਼ ਦਿਵਾਉਣ ਲਈ ਮਿਹਨਤੀ ਲੋਕਾਂ ਨੂੰ ਇੱਕ ਹਫ਼ਤਾ ਥਾਣਾ ਕਰਤਾਰਪੁਰ ਅੱਗੇ ਧਰਨਾ ਲਾਉਣ ਲਈ ਮਜ਼ਬੂਰ ਹੋਣਾ ਪਿਆ। ਧਰਨੇ ਉੱਪਰ ਡਟੇ ਕਈ ਬੱਚੇ, ਬੁੱਢੇ,ਔਰਤਾਂ ਤੇ ਨੌਜਵਾਨ ਗਰਮੀਂ, ਹੁੰਮਸ ਅਤੇ ਮੱਛਰਾਂ ਕਾਰਨ ਬੀਮਾਰ ਹੋਏ,ਜੋ ਰਾਖਵੇਂ ਹਲਕੇ ਤੋਂ ਵਿਧਾਇਕ ਅਤੇ ਕੈਬਨਿਟ ਮੰਤਰੀ ਬਲਕਾਰ ਸਿੰਘ ਦੇ ਰਾਜ ਦੌਰਾਨ ਪੁਲਿਸ ਵਲੋਂ ਸੱਤਾਧਾਰੀ ਧਿਰ ਦੇ ਸਿਆਸੀ ਦਬਾਅ ਕਾਰਨ ਨਿਭਾਈ ਪੱਖਪਾਤੀ ਭੂਮਿਕਾ ਨੂੰ ਸਾਰੀ ਉਮਰ ਯਾਦ ਰੱਖਣਗੇ। ਉਨ੍ਹਾਂ ਕਿਰਤੀ ਲੋਕਾਂ ਨੂੰ ਆਪਣੇ ਬੁਨਿਆਦੀ ਮੁੱਦਿਆਂ ਉੱਪਰ ਘੋਲ਼ ਚਲਾਉਣ ਲਈ ਪਿੰਡ ਪਿੰਡ ਜਥੇਬੰਦੀਆਂ ਬਣਾਉਣ ਦਾ ਹੋਕਾ ਦਿੰਦਿਆਂ ਅਗਲੇ ਸੰਘਰਸ਼ ਲਈ ਤਿਆਰ ਰਹਿਣ ਦਾ ਸੱਦਾ ਵੀ ਦਿੱਤਾ।
ਇਸ ਮੌਕੇ ਯੂਨੀਅਨ ਦੇ ਯੂਥ ਵਿੰਗ ਦੇ ਆਗੂ ਗੁਰਪ੍ਰੀਤ ਸਿੰਘ ਚੀਦਾ,ਇਸਤਰੀ ਜਾਗ੍ਰਿਤੀ ਮੰਚ ਦੀ ਆਗੂ ਜਸਵੀਰ ਕੌਰ ਜੱਸੀ, ਬਲਵਿੰਦਰ ਕੌਰ ਘੁੱਗਸ਼ੋਰ, ਪੰਜਾਬ ਕਿਸਾਨ ਯੂਨੀਅਨ (ਬਾਗੀ) ਦੇ ਜਨਰਲ ਸਕੱਤਰ ਡਾਕਟਰ ਗੁਰਦੀਪ ਸਿੰਘ ਭੰਡਾਲ ਤੋਂ ਇਲਾਵਾ ਪੇਂਡੂ ਮਜ਼ਦੂਰ ਆਗੂਆਂ ਅਮਰੀਕ ਸਿੰਘ, ਗੋਬਿੰਦਾ, ਲਵਪ੍ਰੀਤ ਸਿੰਘ, ਬਲਬੀਰ ਸਿੰਘ ਧੀਰਪੁਰ, ਬਲਵਿੰਦਰ ਕੌਰ ਦਿਆਲਪੁਰ, ਸਰਬਜੀਤ ਕੌਰ ਕੁੱਦੋਵਾਲ ਆਦਿ ਨੇ ਸੰਬੋਧਨ ਵੀ ਕੀਤਾ।
Disclaimer : यह खबर उदयदर्पण न्यूज़ को सोशल मीडिया के माध्यम से प्राप्त हुई है। उदयदर्पण न्यूज़ इस खबर की आधिकारिक तौर पर पुष्टि नहीं करता है। यदि इस खबर से किसी व्यक्ति अथवा वर्ग को आपत्ति है, तो वह हमें संपर्क कर सकते हैं।