ਜਲੰਧਰ (23.07.2024): “ਪ੍ਰਧਾਨ ਮੰਤਰੀ ਸੁਰੱਖਿਅਤ ਮਾਤ੍ਰਿਤਵ ਅਭਿਆਨ (ਪੀ.ਐਮ.ਐਸ.ਐਮ.ਏ.)” ਤਹਿਤ ਸਿਵਲ ਸਰਜਨ ਡਾ. ਜਗਦੀਪ ਚਾਵਲਾ ਅਤੇ ਮੈਡੀਕਲ ਸੁਪਰਡੈਂਟ ਡਾ. ਗੀਤਾ ਕਟਾਰੀਆ ਦੇ ਦਿਸ਼ਾ-ਨਿਰਦੇਸ਼ਾਂ ‘ਤੇ ਮੰਗਲਵਾਰ ਨੂੰ ਐਮ.ਸੀ.ਐਚ. ਸੈਂਟਰ ਸਿਵਲ ਹਸਪਤਾਲ ਜਲੰਧਰ ਵਿਖੇ ਜੱਚਾ-ਬੱਚਾ ਜਾਂਚ ਕੈਂਪ ਲਗਾਇਆ ਗਿਆ। ਐਸ.ਐਮ.ਓ. ਡਾ. ਵਰਿੰਦਰ ਕੋਰ ਥਿੰਦ, ਐਸ.ਐਮ.ਓ. ਡਾ. ਸਤਿੰਦਰ ਬਜਾਜ ਅਤੇ ਡਾ. ਪਰਮਜੀਤ ਸਿੰਘ ਵੱਲੋਂ ਕੈਂਪ ਦੌਰਾਨ ਗਰਭਵਤੀ ਔਰਤਾਂ ਨੂੰ ਖੁਰਾਕ ਦਾ ਵਿਸ਼ੇਸ਼ ਧਿਆਨ ਰੱਖਣ ਲਈ ਕਿਹਾ ਗਿਆ। ਉਨ੍ਹਾਂ ਕਿਹਾ ਕਿ ਪ੍ਰੋਟੀਨ ਗਰਭਵਤੀ ਔਰਤਾਂ ਲਈ ਖੁਰਾਕ ਵਿੱਚ ਜ਼ਰੂਰੀ ਹੈ ਕਿਉਂਕਿ ਇਹ ਬੱਚੇ ਦੇ ਸਿਹਤਮੰਦ ਵਿਕਾਸ ਵਿੱਚ ਮਦਦ ਕਰਦਾ ਹੈ। ਪ੍ਰੋਟੀਨ ਦੇ ਸਰੋਤਾਂ ਵਿੱਚ ਮੇਵੇ, ਦਾਲਾਂ, ਬੀਨਜ਼, ਅੰਡੇ, ਮੱਛੀ ਆਦਿ ਸ਼ਾਮਲ ਹਨ। ਡਾ. ਵਰਿੰਦਰ ਕੌਰ ਥਿੰਦ ਨੇ ਦੱਸਿਆ ਕਿ ਸਰੀਰ ਨੂੰ ਗਰਭ ਅਵਸਥਾ ਦੌਰਾਨ ਵਧੇਰੇ ਆਇਰਨ ਦੀ ਲੋੜ ਹੁੰਦੀ ਹੈ ਕਿਉਂਕਿ ਖੂਨ ਦੀ ਮਾਤਰਾ ਵੱਧ ਜਾਂਦੀ ਹੈ, ਇਸ ਲਈ ਆਇਰਨ ਨਾਲ ਭਰਪੂਰ ਭੋਜਨ ਖਾਣਾ ਚਾਹੀਦਾ ਹੈ। ਆਇਰਨ ਦੀ ਘਾਟ ਬੱਚਿਆਂ ਵਿੱਚ ਸਮੇਂ ਤੋਂ ਪਹਿਲਾਂ ਜਨਮ ਜਾਂ ਘੱਟ ਜਨਮ ਵਜ਼ਨ ਦੇ ਨਤੀਜੇ ਵਜੋਂ ਹੋ ਸਕਦੀ ਹੈ। ਸਿਹਤਮੰਦ ਗਰਭ ਅਵਸਥਾ ਅਤੇ ਬੱਚੇ ਲਈ ਆਇਰਨ ਨਾਲ ਭਰਪੂਰ ਭੋਜਨ ਜਿਵੇਂ ਕਿ ਹਰੀਆਂ ਪੱਤੇਦਾਰ ਸਬਜ਼ੀਆਂ, ਫਲ, ਸੁੱਕੇ ਮੇਵੇ ਆਦਿ ਨੂੰ ਖੁਰਾਕ ਵਿੱਚ ਸ਼ਾਮਲ ਕਰਨਾ ਚਾਹੀਦਾ ਹੈ।
ਕੈਂਪ ਦੌਰਾਨ ਹਾਈ ਰਿਸਕ ਤੇ ਜਣੇਪੇ ਵਾਲੀਆਂ ਔਰਤਾਂ ਦਾ ਬਲੱਡ ਪ੍ਰੈਸ਼ਰ, ਖੂਨ, ਸ਼ੂਗਰ ਰੋਗ ਟੈਸਟ ਅਤੇ ਹੋਰ ਲੱਛਣਾਂ ਦੀ ਜਾਂਚ ਕੀਤੀ ਗਈ। ਗਰਭਵਤੀ ਔਰਤਾਂ ਦਾ ਐਂਟੀਨੇਟਲ (ਏ.ਐੱਨ.ਸੀ.) ਚੈਕਅਪ ਕੀਤਾ ਗਿਆ ਅਤੇ ਉਨ੍ਹਾਂ ਨੂੰ ਰਿਫਰੈਸ਼ਮੈਂਟ ਦਿੱਤੀ ਗਈ। ਡਾ. ਸਤਿੰਦਰ ਬਜਾਜ ਵੱਲੋਂ ਗਰਭਵਤੀ ਔਰਤਾਂ ਨੂੰ ਖੂਨ ਦੀ ਕਮੀ ਜਾ ਕੋਈ ਸਿਹਤ ਸਮੱਸਿਆ ਪੇਸ਼ ਆਉਣ ‘ਤੇ ਤੁਰੰਤ ਡਾਕਟਰੀ ਸਲਾਹ ਲੈਣ ਲਈ ਪ੍ਰੇਰਿਤ ਕੀਤਾ ਗਿਆ।
ਜਿਲ੍ਹਾ ਸਮੂਹ ਸਿੱਖਿਆ ਤੇ ਸੂਚਨਾ ਅਫ਼ਸਰ ਗੁਰਦੀਪ ਸਿੰਘ ਅਤੇ ਡਿਪਟੀ ਐਮ.ਈ.ਆਈ.ਓ. ਅਸੀਮ ਸ਼ਰਮਾ ਵੱਲੋਂ ਗਰਭਵਤੀ ਔਰਤਾਂ ਨੂੰ ਸੌ ਫੀਸਦੀ ਐਂਟੀਨੇਟਲ ਚੈੱਕਅਪ, ਲੋੜੀਂਦੇ ਸਾਰੇ ਮੈਡੀਕਲ ਟੈਸਟ ਕਰਵਾਉਣੇ ਅਤੇ ਲੋਕਾਂ ਨੂੰ ਸੰਸਥਾਗਤ ਜਣੇਪੇ ਕਰਵਾਉਣ ਲਈ ਪ੍ਰੋਤਸਾਹਿਤ ਕੀਤਾ ਗਿਆ। ਉਨ੍ਹਾਂ ਵੱਲੋਂ ਸਰਕਾਰੀ ਸਿਹਤ ਸੰਸਥਾਵਾਂ ਵਿੱਚ ਪਹੁੰਚ ਕੇ ਹਰ ਮਹੀਨੇ ਦੀ ਸਿਹਤ ਵਿਭਾਗ ਵੱਲੋਂ ਦਿੱਤੀਆਂ ਜਾ ਰਹੀਆਂ ਮੁਫਤ ਜੱਚਾ-ਬੱਚਾ ਸੇਵਾਵਾਂ ਦਾ ਵੱਧ ਤੋਂ ਵੱਧ ਲਾਭ ਉਠਾਉਣ ਲਈ ਅਪੀਲ ਕੀਤੀ ਗਈ।

Disclaimer : यह खबर उदयदर्पण न्यूज़ को सोशल मीडिया के माध्यम से प्राप्त हुई है। उदयदर्पण न्यूज़ इस खबर की आधिकारिक तौर पर पुष्टि नहीं करता है। यदि इस खबर से किसी व्यक्ति अथवा वर्ग को आपत्ति है, तो वह हमें संपर्क कर सकते हैं।