
ਜਲੰਧਰ (19-03-2025): ਸਿਵਲ ਸਰਜਨ ਡਾ. ਗੁਰਮੀਤ ਲਾਲ ਦੀ ਅਗਵਾਈ ਹੇਠ ਸਿਵਲ ਸਰਜਨ ਦਫ਼ਤਰ ਵਿਖੇ ਜਲੰਧਰ ਵਿਖੇ ਮੈਡੀਕਲ ਅਫ਼ਸਰਾਂ ਅਤੇ ਸਟਾਫ਼ ਨਰਸਾਂ ਲਈ ਬਚਪਨ ਵਿੱਚ ਹੋਣ ਵਾਲੇ ਟੀ.ਬੀ. ਦੀ ਜਾਂਚ ਤੇ ਇਲਾਜ ਸਬੰਧੀ ਟ੍ਰੇਨਿੰਗ ਦਾ ਆਯੋਜਨ ਕੀਤਾ ਗਿਆ। “ਨੈਸ਼ਨਲ ਟੀਬੀ ਅਲੀਮਿਨੇਸ਼ਨ ਪ੍ਰੋਗਰਾਮ” ਤਹਿਤ ਇਹ ਟ੍ਰੇਨਿੰਗ ਵਰਲਡ ਹੈੱਲਥ ਪਾਰਟਨਰ (ਡਬਲਿਊ.ਐੱਚ.ਪੀ) ਦੇ ਸਹਿਯੋਗ ਨਾਲ ਕਰਵਾਈ ਗਈ। ਇਸ ਮੌਕੇ ਜਿਲ੍ਹਾ ਟੀਕਾਕਰਨ ਅਫ਼ਸਰ ਡਾ. ਰਾਕੇਸ਼ ਚੋਪੜਾ ਅਤੇ ਜਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ. ਰਮਨ ਗੁਪਤਾ ਵੀ ਹਾਜ਼ਰ ਸਨ।
ਸਿਵਲ ਸਰਜਨ ਡਾ. ਗੁਰਮੀਤ ਲਾਲ ਨੇ ਕਿਹਾ ਕਿ ਬੱਚਿਆਂ ਲਈ ਟੀ.ਬੀ. ਵੱਡੀ ਚੁਣੌਤੀ ਹੈ, ਕਿਉਂਕਿ ਅਕਸਰ ਇਸ ਦਾ ਪਤਾ ਲੱਗਣ ’ਚ ਦੇਰ ਹੋ ਜਾਂਦੀ ਹੈ। ਉਨ੍ਹਾਂ ਕਿਹਾ ਕਿ ਇਸ ਟ੍ਰੇਨਿੰਗ ਪ੍ਰੋਗਰਾਮ ਦਾ ਉਦੇਸ਼ 14 ਸਾਲ ਤੱਕ ਦੀ ਉਮਰ ਦੇ ਬੱਚਿਆਂ ਵਿੱਚ ਟੀਬੀ ਦੇ ਇਲਾਜ ਅਤੇ ਪ੍ਰਬੰਧਨ ਵਿੱਚ ਸਿਹਤ ਪੇਸ਼ੇਵਰਾਂ ਦੇ ਗਿਆਨ ਅਤੇ ਹੁਨਰ ਨੂੰ ਵਧਾਉਣਾ ਹੈ। ਉਨ੍ਹਾਂ ਕਿਹਾ ਕਿ ਸਾਲ 2025 ਦੇ ਅੰਤ ਤੱਕ ਦੇਸ਼ ਨੂੰ ਟੀਬੀ ਮੁਕਤ ਬਣਾਉਣ ਦਾ ਟੀਚਾ ਮਿੱਥਿਆ ਗਿਆ ਹੈ। ਉਨ੍ਹਾਂ ਨੇ ਮੈਡੀਕਲ ਅਫ਼ਸਰਾਂ ਤੇ ਸਟਾਫ ਨਰਸਾਂ ਨੂੰ ਬੱਚਿਆਂ ਵਿੱਚ ਟੀ.ਬੀ. ਦੇ ਲੱਛਣਾਂ ਦੀ ਪਛਾਣ, ਇਲਾਜ, ਮਹੱਤਤਾ ਅਤੇ ਟੀ.ਬੀ. ਟੈਸਟਿੰਗ ਦੀ ਪ੍ਰਕਿਰਿਆ ਬਾਰੇ ਵੀ ਜਾਣਕਾਰੀ ਦਿੱਤੀ।
ਜਿਲ੍ਹਾ ਟੀ.ਬੀ. ਅਫ਼ਸਰ ਡਾ. ਰੀਤੂ ਦਾਦਰਾ ਨੇ ਕਿਹਾ ਕਿ ਟੀ.ਬੀ. ਇੱਕ ਲਾਗ ਦੀ ਬਿਮਾਰੀ ਹੈ, ਪਰ ਜੇਕਰ ਸਮੇਂ ਸਿਰ ਇਸ ਦਾ ਪਤਾ ਲੱਗ ਜਾਵੇ ਅਤੇ ਇਲਾਜ ਕੀਤਾ ਜਾਵੇ ਤਾਂ ਇਹ ਪੂਰੀ ਤਰ੍ਹਾਂ ਠੀਕ ਹੋ ਜਾਂਦੀ ਹੈ। ਉਨ੍ਹਾਂ ਕਿਹਾ ਕਿ ਲੋਕਾਂ ਵਿੱਚ ਇਹ ਵੱਡਾ ਤੇ ਆਮ ਭੁਲੇਖਾ ਹੈ ਕਿ ਟੀ.ਬੀ. ਦੀ ਬਿਮਾਰੀ ਮੌਤ ਦਾ ਕਾਰਨ ਬਣਦਾ ਹੈ, ਪਰ ਅਸਲ ਵਿੱਚ ਅਜਿਹਾ ਨਹੀਂ ਹੈ ਕਿਉਂਕਿ ਸਮੇਂ ਸਿਰ ਜਾਂਚ ਅਤੇ ਇਲਾਜ ਨਾਲ ਇਹ ਬਿਮਾਰੀ ਅੱਗੇ ਫੈਲਣ ਤੋਂ ਰੁੱਕ ਜਾਂਦੀ ਹੈ।
ਟ੍ਰੇਨਿੰਗ ਸੈਸ਼ਨ ਦੌਰਾਨ ਸਟੇਟ ਟੈਕਨਿਕਲ ਐਕਸਪਰਟ ਡਾ. ਸਤੀਸ਼ ਪੰਧੀਰ ਨੇ ਵੀ “ਨੈਸ਼ਨਲ ਟੀਬੀ ਖਾਤਮਾ ਪ੍ਰੋਗਰਾਮ ਤਹਿਤ ਬਾਲ ਟੀ.ਬੀ. ਦੀ ਜਾਂਚ ਅਤੇ ਇਲਾਜ ਪ੍ਰਬੰਧਨ ਸਬੰਧੀ ਗਾਈਡਲਾਈਨਜ ਬਾਰੇ ਦੱਸਿਆ। ਉਨ੍ਹਾਂ ਕਿਹਾ ਕਿ ਜੇਕਰ ਦੋ ਹਫ਼ਤਿਆਂ ਤੋਂ ਵੱਧ ਸਮੇਂ ਤੱਕ ਖੰਘ, ਪਸੀਨੇ ਦੇ ਨਾਲ ਬੁਖਾਰ, ਤੇਜ਼ੀ ਨਾਲ ਭਾਰ ਘਟਣਾ, ਭੁੱਖ ਨਾ ਲੱਗਣਾ, ਥੁੱਕ ਵਿੱਚ ਖੂਨ ਆਉਣਾ ਵਰਗੇ ਲੱਛਣ ਹਨ, ਤਾਂ ਨਜ਼ਦੀਕੀ ਸਿਹਤ ਕੇਂਦਰ ਵਿੱਚ ਟੀ.ਬੀ. ਦੀ ਜਾਂਚ ਜ਼ਰੂਰ ਕਰਵਾਉਣੀ ਚਾਹੀਦੀ ਹੈ। ਟੀ.ਬੀ. ਦੀ ਸ਼ੁਰੂਆਤੀ ਜਾਂਚ, ਪਛਾਣ ਅਤੇ ਇਲਾਜ ਨਾਲ, ਇਸ ਬਿਮਾਰੀ ਨੂੰ ਪੂਰੀ ਤਰ੍ਹਾਂ ਠੀਕ ਕੀਤਾ ਜਾ ਸਕਦਾ ਹੈ। ਬੱਚਿਆਂ ਵਿੱਚ ਇਸਦੀ ਸ਼ੁਰੂਆਤ ਵਿੱਚ ਪਛਾਣ ਕਰਨਾ ਬਹੁਤ ਜ਼ਰੂਰੀ ਹੈ।
ਟ੍ਰੇਨਿੰਗ ਦੌਰਾਨ ਪਿਮਸ ਤੋਂ ਮਾਸਟਰ ਟ੍ਰੇਨਰ ਡਾ. ਹਰਮੇਸ਼ ਸਿੰਘ ਬੈਂਸ ਨੇ ਕਿਹਾ ਕਿ ਮੈਡੀਕਲ ਅਫ਼ਸਰਾਂ ਤੇ ਸਟਾਫ ਨਰਸਾਂ ਨੂੰ ਬੱਚਿਆਂ ਵਿੱਚ ਟੀਬੀ ਦੇ ਲੱਛਣਾਂ ਦੀ ਪਛਾਣ, ਇਲਾਜ, ਮਹੱਤਤਾ ਅਤੇ ਟੀਬੀ ਟੈਸਟਿੰਗ ਦੀ ਪ੍ਰਕ੍ਰਿਆ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਇਸ ਮੌਕੇ ਡਾ. ਹਰਜੋਤ ਬੱਚਿਆਂ ਦੇ ਰੋਗਾਂ ਦੇ ਮਾਹਿਰ, ਤਰਸੇਮ ਲਾਲ ਡਿਪਟੀ ਸਮੂਹ ਸਿੱਖਿਆ ਤੇ ਸੂਚਨਾ ਅਫਸਰ, ਡਾ. ਜੋਤੀ ਬਾਲਾ ਜਿਲ੍ਹਾ ਏ.ਸੀ.ਐਫ਼. ਕੋਆਰਡੀਨੇਟਰ, ਜੋਤੀ ਪੀ.ਪੀ.ਐਸ.ਏ. ਆਪਰੇਸ਼ਨਲ ਲੀਡ ਮੌਜੂਦ ਸਨ।