
ਜਲੰਧਰ (06.08.2024): ਸਿਹਤ ਵਿਭਾਗ ਵੱਲੋਂ ਮਨਾਏ ਜਾ ਰਹੇ “ਮਾਂ ਦੇ ਦੁੱਧ ਦੀ ਮਹੱਤਤਾ” ਸੰਬੰਧੀ ਹਫ਼ਤੇ ਦੇ ਮੱਦੇਨਜਰ ਸਿਵਲ ਸਰਜਨ ਡਾ. ਜਗਦੀਪ ਚਾਵਲਾ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਮੰਗਲਵਾਰ ਨੂੰ ਜਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ. ਮਨਦੀਪ ਕੌਰ ਦੀ ਅਗਵਾਈ ਹੇਠ ਐਮ.ਸੀ.ਐਚ. ਸੈਂਟਰ ਸਿਵਲ ਹਸਪਤਾਲ ਦੇ ਗਾਇਨੀ ਵਾਰਡ ਵਿਖੇ ਨਵਜਨਮੇ ਬਚਿੱਆਂ ਦੀਆਂ ਮਾਵਾਂ ਨੂੰ ਦੁੱਧ ਪਿਲਾਉਣ ਦੇ ਤਰੀਕਿਆਂ ਬਾਰੇ ਜਾਗਰੂਕ ਕੀਤਾ ਗਿਆ। ਉਨ੍ਹਾਂ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬੱਚੇ ਦੇ ਜਨਮ ਦੇ ਤੁਰੰਤ ਬਾਅਦ ਇੱਕ ਘੰਟੇ ਦੇ ਅੰਦਰ-ਅੰਦਰ ਮਾਂ ਦਾ ਦੁੱਧ ਚੁੰਘਾਉਣਾ, ਪਹਿਲੇ 6 ਮਹੀਨੇ ਸਿਰਫ ਮਾਂ ਦਾ ਦੁੱਧ ਦੇਣਾ ਅਤੇ 6 ਮਹੀਨਿਆਂ ਤੋਂ ਬਾਅਦ ਵੀ ਪੂਰਕ ਆਹਾਰ ਦੇ ਨਾਲ-ਨਾਲ ਮਾਂ ਦਾ ਦੁੱਧ ਜਾਰੀ ਰੱਖਣਾ ਚਾਹੀਦਾ ਹੈ। ਆਧੁਨਿਕਰਨ ਤੇ ਗਲਤ ਧਾਰਨਾਵਾਂ ਕਾਰਨ ਕੁੱਝ ਪੜ੍ਹੀਆਂ-ਲਿਖਿਆ ਮਾਵਾਂ ਵੀ ਬੋਤਲ ਦੇ ਦੁੱਧ ਜਾਂ ਬੰਦ ਡੰਬਿਆਂ ਦੇ ਦੁੱਧ ਨੂੰ ਮਾਂ ਦੇ ਦੁੱਧ ਤੋਂ ਵਧੀਆ ਅਤੇ ਉੱਤਮ ਖੁਰਾਕ ਸਮਝਦੀਆਂ ਹਨ ਜਦਕਿ ਇਸ ਤਰ੍ਹਾਂ ਦਾ ਦੁੱਧ ਆਹਾਰ ਬੱਚਿਆਂ ਲਈ ਘਾਤਕ ਸਿੱਧ ਹੁੰਦਾ ਹੈ। ਉਨ੍ਹਾਂ ਦੱਸਿਆ ਕਿ 6 ਮਹੀਨੇ ਤੋਂ ਬਾਅਦ ਬੱਚੇ ਨੂੰ ਮਾਂ ਦੇ ਦੁੱਧ ਦੇ ਨਾਲ-ਨਾਲ ਪੋਸ਼ਟਿਕ ਖਾਧ ਪਦਾਰਥ ਦੇਣੇ ਸ਼ੁਰੂ ਕਰ ਦੇਣੇ ਚਾਹੀਦੇ ਹਨ ਅਤੇ ਡੱਬਾ ਬੰਦ ਦੁੱਧ ਬੱਚੇ ਨੂੰ ਨਹੀਂ ਦੇਣਾ ਚਾਹੀਦਾ।
ਡਾ. ਮਨਦੀਪ ਕੌਰ ਨੇ ਦੱਸਿਆ ਕਿ ਜਿਹੜੀਆਂ ਮਾਵਾਂ ਕੰਮਕਾਜੀ ਹਨ ਉਹ ਆਪਣੇ ਬੱਚੇ ਨੂੰ ਦੁੱਧ ਪਿਲਾਉਣ ਦੇ ਲਈ ਆਪਣਾ ਦੁੱਧ ਕੱਢਕੇ ਘਰ ਰੱਖ ਸਕਦੀਆਂ ਹਨ ਅਤੇ ਬੱਚੇ ਦਾ ਸੰਭਾਲਕਰਤਾ ਬੱਚੇ ਨੂੰ ਉਹ ਦੁੱਧ ਪਿਲਾ ਸਕਦਾ ਹੈ। ਅਜਿਹੀ ਸਥਿਤੀ ਵਿੱਚ ਨਾਰਮਲ ਤਾਪਮਾਨ ਵਿੱਚ ਢੱਕੇ ਹੋਏ ਬਰਤਨ ਵਿੱਚ ਰੱਖਿਆ ਮਾਂ ਦਾ ਕੱਢਿਆ ਹੋਇਆ ਦੁੱਧ 6 ਘੰਟਿਆ ਤੱਕ ਬੱਚਿਆਂ ਨੂੰ ਪਿਲਾਇਆ ਜਾ ਸਕਦਾ ਹੈ ਅਤੇ ਜੋ ਦੁੱਧ ਮਿਥੇ ਸਮੇਂ ਵਿੱਚ ਵਰਤਿਆ ਨਹੀਂ ਜਾਂਦਾ ਤਾਂ ਉਸ ਨੂੰ ਨਸ਼ਟ ਕਰ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਮਾਂ ਦਾ ਦੁੱਧ ਨਾ ਸਿਰਫ਼ ਬੱਚੇ ਲਈ ਫਾਇਦੇਮੰਦ ਹੁੰਦਾ ਹੈ, ਸਗੋਂ ਔਰਤ ਨੂੰ ਵੀ ਛਾਤੀ ਅਤੇ ਬੱਚੇਦਾਨੀ ਦੇ ਕੈਂਸਰ ਵਰਗੀਆਂ ਬਿਮਾਰੀਆਂ ਹੋਣ ਦਾ ਖਤਰਾ ਘਟ ਜਾਂਦਾ ਹੈ। ਨਵ ਜਨਮੇ ਬੱਚੇ ਨੂੰ ਪੋਸ਼ਣ, ਸੁਰੱਖਿਆ ਅਤੇ ਪਿਆਰ ਦੀ ਲੋੜ ਹੁੰਦੀ ਹੈ, ਇਨ੍ਹਾਂ ਸਾਰੀਆਂ ਜਰੂਰਤਾਂ ਦੀ ਪੂਰਤੀ ਮਾਂ ਦਾ ਦੁੱਧ ਹੀ ਕਰਦਾ ਹੈ। ਇਸ ਮੌਕੇ ਜਿਲ੍ਹਾ ਸਮੂਹ ਸਿੱਖਿਆ ਤੇ ਸੂਚਨਾ ਅਫਸਰ ਗੁਰਦੀਪ ਸਿੰਘ, ਡਿਪਟੀ ਸਮੂਹ ਸਿੱਖਿਆ ਤੇ ਸੂਚਨਾ ਅਫਸਰ ਅਸੀਮ ਸ਼ਰਮਾ ਅਤੇ ਜਿਲ੍ਹਾ ਬੀ.ਸੀ.ਸੀ. ਕੋਆਰਡੀਨੇਟਰ ਨੀਰਜ ਸ਼ਰਮਾ ਮੌਜੂਦ ਸਨ।
ਅਰਬਨ ਏ.ਐਨ.ਐਮਜ਼ ਨੂੰ ਜੱਚਾ-ਬੱਚਾ ਸਿਹਤ ਸੇਵਾਵਾਂ ਵਿੱਚ ਹੋਰ ਸੁਧਾਰ ਲਿਆਉਣ ਦੀ ਹਦਾਇਤ
ਜਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ. ਮਨਦੀਪ ਕੌਰ ਵੱਲੋਂ ਮੰਗਲਵਾਰ ਨੂੰ ਅਰਬਨ ਏ.ਐਨ.ਐਮਜ. ਨਾਲ ਮੀਟਿੰਗ ਕਰਦੇ ਹੋਏ ਉਨ੍ਹਾਂ ਵੱਲੋਂ ਕੀਤੇ ਜਾ ਰਹੇ ਕੰਮਾਂ ਦੀ ਸਮੀਖਿਆ ਕੀਤੀ ਗਈ ਅਤੇ ਉਨ੍ਹਾਂ ਨੂੰ ਜੱਚਾ-ਬੱਚਾ ਸਿਹਤ ਸੇਵਾਵਾਂ ਵਿੱਚ ਹੋਰ ਸੁਧਾਰ ਲਿਆਉਣ ਸੰਬੰਧੀ ਹਦਾਇਤ ਕੀਤੀ ਗਈ। ਮੀਟਿੰਗ ਦੌਰਾਨ ਡਾ. ਮਨਦੀਪ ਕੌਰ ਨੇ ਕਿਹਾ ਕਿ ਸਿਹਤ ਵਿਭਾਗ ਦਾ ਮੁੱਖ ਮਕਸਦ ਲੋਕਾਂ ਨੂੰ ਵਧੀਆ ਸਿਹਤ ਸੇਵਾਵਾਂ ਮੁਹੱਈਆ ਕਰਵਾਉਣਾ ਹੈ। ਇਸ ਲਈ ਨਵਜਨਮੇ ਬੱਚਿਆਂ ਦੀਆਂ ਮਾਵਾਂ ਅਤੇ ਗਰਭਵਤੀ ਔਰਤਾਂ ਵਿੱਚ ਮਾਂ ਦੇ ਦੁੱਧ ਦੀ ਮਹੱਤਤਾ ਸੰਬੰਧੀ ਜਾਗਰੂਕਤਾ ਫੈਲਾਉਣ ਦਾ ਕੰਮ ਲਗਾਤਾਰ ਜਾਰੀ ਰੱਖਿਆ ਜਾਵੇ ਤਾਂ ਜੋ ਜੱਚਾ-ਬੱਚਾ ਦੋਵੇਂ ਤੰਦਰੁਸਤ ਰਹਿਣ ਅਤੇ ਸਿਹਤ ਵਿਭਾਗ ਵੱਲੋਂ ਦਿੱਤੀਆਂ ਜਾਂਦੀਆਂ ਸਿਹਤ ਸੇਵਾਵਾਂ ਦਾ ਲਾਭ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚ ਸਕੇ। ਇਸ ਮੌਕੇ ਡਿਪਟੀ ਸਮੂਹ ਸਿੱਖਿਆ ਤੇ ਸੂਚਨਾ ਅਫਸਰ ਅਸੀਮ ਸ਼ਰਮਾ, ਅਰਬਨ ਕੌਆਰਡੀਨੇਟਰ ਡਾ. ਸੁਰਭੀ ਅਤੇ ਜਿਲ੍ਹਾ ਬੀ.ਸੀ.ਸੀ. ਕੋਆਰਡੀਨੇਟਰ ਨੀਰਜ ਮੌਜੂਦ ਸਨ।