
ਜਲੰਧਰ (01.07.2024): ਪੰਜਾਬ ਸਰਕਾਰ ਦੀਆਂ ਹਦਾਇਤਾਂ ‘ਤੇ ਸਿਹਤ ਵਿਭਾਗ ਵਲੋਂ ਲੋਕਾਂ ਨੂੰ ਮਿਆਰੀ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਤੇ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਲੋਕ ਭਲਾਈ ਸਿਹਤ ਸਕੀਮਾਂ ਬਾਰੇ ਜਾਗਰੂਕਤਾ ਲਈ ਸਮੇਂ-ਸਮੇਂ ‘ਤੇ ਜਾਗਰੂਕਤਾ ਪ੍ਰੋਗਰਾਮ ਉਲੀਕੇ ਜਾਂਦੇ ਹਨ। ਇਸੇ ਕੜੀ ਤਹਿਤ ਰਾਸ਼ਟਰੀ ਦਸਤ ਰੋਕੂ ਅਭਿਆਨ ਤਹਿਤ 1 ਜੁਲਾਈ 2024 ਤੋਂ 31 ਅਗਸਤ 2024 ਤੱਕ ਸਿਹਤ ਵਿਭਾਗ ਵੱਲੋਂ ਦਸਤ ਰੋਕੋ ਮੁਹਿੰਮ ਚਲਾਈ ਜਾ ਰਹੀ ਹੈ। ਜਿਸਦੀ ਸ਼ੁਰੂਆਤ ਸਿਵਲ ਸਰਜਨ ਡਾ. ਜਗਦੀਪ ਚਾਵਲਾ ਵੱਲੋਂ ਸੋਮਵਾਰ ਨੂੰ ਸੀ.ਐਚ.ਸੀ. ਦਾਦਾ ਕਲੋਨੀ ਵਿਖੇ ਕੀਤੀ ਗਈ। ਇਸ ਦੌਰਾਨ “ਦਸਤ ਰੋਕੋ ਮੁਹਿੰਮ” ਜਾਗਰੂਕਤਾ ਪੋਸਟਰ ਵੀ ਰਿਲੀਜ਼ ਕੀਤਾ ਗਿਆ।
ਸਿਵਲ ਸਰਜਨ ਡਾ. ਜਗਦੀਪ ਚਾਵਲਾ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਸਿਹਤ ਵਿਭਾਗ ਵੱਲੋਂ ਦੋ ਮਹੀਨੇ ਦਸਤ ਰੋਕੂ ਮੁਹਿੰਮ ਚਲਾਈ ਜਾ ਰਹੀ ਹੈ। ਜਿਸਦਾ ਮਕਸਦ “ਡਾਇਰੀਆ ਦੀ ਰੋਕਥਾਮ, ਸਫਾਈ ਅਤੇ ਓ.ਆਰ.ਐਸ. ਨਾਲ ਰੱਖੋ ਆਪਣਾ ਧਿਆਨ” ਦੇ ਸੰਦੇਸ਼ ਨੂੰ ਲੋਕਾਂ ਤੱਕ ਪਹੁੰਚਾਉਣਾ ਹੈ। ਜਿਸਦੇ ਤਹਿਤ ਏ.ਐਨ.ਐਮਜ਼. ਅਤੇ ਆਸ਼ਾ ਵੱਲੋਂ 5 ਸਾਲ ਤੱਕ ਦੀ ਉਮਰ ਦੇ ਬੱਚਿਆਂ ਵਾਲੇ ਘਰਾਂ ਵਿਚ ਜਾ ਕੋ ਲੋਕਾਂ ਨੂੰ ਦਸਤ ਤੋਂ ਬਚਾਓ ਲਈ ਜਾਣਕਾਰੀ ਦੇਣ ਦੇ ਨਾਲ-ਨਾਲ ਓ. ਆਰ. ਐਸ. ਦੇ ਪੈਕਟ ਵੰਡੇ ਜਾ ਰਹੇ ਹਨ ਤਾਂ ਕਿ ਲੋੜ ਪੈਣ ਤੇ ਬੱਚੇ ਨੂੰ ਘਰ ਵਿਚ ਹੀ ਜੀਵਨ ਰਖਿਅਕ ਘੋਲ ਤਿਆਰ ਕਰ ਕੇ ਦਿੱਤਾ ਜਾ ਸਕੇ। ਸਿਵਲ ਸਰਜਨ ਨੇ ਦੱਸਿਆ ਕਿ ਡਾਇਰੀਆ ਮੁੱਖ ਤੌਰ ‘ਤੇ ਗੰਦੇ ਹੱਥਾਂ ਨਾਲ ਖਾਣਾ ਖਾਣ, ਖਾਣਾ ਪਕਾਉਣ, ਦੂਸ਼ਿਤ ਪਾਣੀ ਪੀਣ ਅਤੇ ਖਰਾਬ ਤੇ ਬੈਕਟੀਰੀਆ ਯੁਕਤ ਖਾਣਾ ਖਾਣ ਨਾਲ ਹੁੰਦਾ ਹੈ। ਦਸਤ ਤੋਂ ਬਚਾਉ ਲਈ ਜ਼ਰੂਰੀ ਹੈ ਕਿ ਬਾਹਰਲੇ ਖਾਣੇ ਤੋਂ ਬਚਿਆ ਜਾਵੇ ‘ਤੇ ਖਾਣਾ ਹੱਥ ਚੰਗੀ ਤਰ੍ਹਾਂ ਧੋਣ ਤੋਂ ਬਾਅਦ ਹੀ ਪਕਾਇਆ ਤੇ ਖਾਇਆ ਜਾਵੇ। ਉਨ੍ਹਾਂ ਕਿਹਾ ਕਿ ਡਾਇਰੀਆਂ ਦੀ ਰੋਕਥਾਮ ਕਿਸੇ ਦਵਾਈ ਨਾਲ ਨਹੀਂ ਸਗੋਂ ਆਪਣਾ ਖਾਣ-ਪੀਣ ਠੀਕ ਰੱਖਣ ਤੇ ਸਾਫ਼ ਸਫ਼ਾਈ ਦਾ ਵਧੇਰੇ ਧਿਆਨ ਰੱਖਣ ਨਾਲ ਕੀਤੀ ਜਾ ਸਕਦੀ ਹੈ। ਉਨ੍ਹਾਂ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਜਿਲ੍ਹੇ ਦੀਆਂ ਸਮੂਹ ਸਿਹਤ ਸੰਸਥਾਵਾਂ ਵਿਖੇ ਜਿੰਕ- ਓ.ਆਰ.ਐਸ. ਜਿੰਕ ਕਾਰਨਰ ਬਣਾਏ ਗਏ ਹਨ ਜਿਥੇ ਕੋਈ ਵੀ ਓ.ਆਰ.ਐਸ. ਦਾ ਘੋਲ ਬਣਾਉਣ ਦੀ ਵਿਧੀ ਬਾਰੇ ਜਾਣਕਾਰੀ ਅਤੇ ਜਰੂਰਤ ਅਨੁਸਾਰ ਜਿੰਕ ਦੀਆਂ ਗੋਲੀਆਂ ਤੇ ਓ.ਆਰ.ਐਸ. ਦੇ ਪੈਕਟ ਮੁਫਤ ਲੈ ਸਕਦਾ ਹੈ।
ਜਿਲ੍ਹਾ ਟੀਕਾਕਰਨ ਅਫ਼ਸਰ ਡਾ. ਰਾਕੇਸ਼ ਚੋਪੜਾ ਵੱਲੋਂ ਦੱਸਿਆ ਗਿਆ ਕਿ ਬੱਚੇ ਨੂੰ ਦਸਤ ਹੋਣ ਦੀ ਸੂਰਤ ਵਿੱਚ ਓ.ਆਰ.ਐਸ. ਦਾ ਘੋਲ ਪਿਲਾਇਆ ਜਾਵੇ ਅਤੇ ਦਸਤ ਬੰਦ ਹੋਣ ‘ਤੇ ਓ.ਆਰ.ਐਸ. ਦੀ ਖੁਰਾਕ ਦੇਣਾ ਬੰਦ ਕਰਕੇ 14 ਦਿਨ ਜਿੰਕ ਦੀ ਗੋਲੀ ਦੇਣਾ ਸ਼ੁਰੂ ਕੀਤਾ ਜਾਵੇ ਤਾਂ ਜੋ ਬੱਚੇ ਨੂੰ ਦਸਤ ਅਤੇ ਨਮੂਨੀਆ ਤੋਂ ਸੁਰੱਖਿਆ ਪ੍ਰਦਾਨ ਕੀਤੀ ਜਾ ਸਕੇ। ਉਨ੍ਹਾਂ ਜਿੰਕ ਦੀ ਖੁਰਾਕ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਦੋ ਮਹੀਨੇ ਤੋਂ 6 ਮਹੀਨੇ ਤੱਕ ਦੇ ਬੱਚੇ ਨੂੰ ਅੱਧੀ ਜਿੰਕ ਦੀ ਗੋਲੀ (10 ਮਿਲੀਗ੍ਰਾਮ) ਮਾਂ ਦੇ ਦੁੱਧ ਨਾਲ, 6 ਮਹੀਨੇ ਅਤੇ 6 ਮਹੀਨੇ ਤੋਂ ਵੱਧ ਉਮਰ ਦੇ ਬੱਚੇ ਨੂੰ ਇਕ ਗੋਲੀ (20 ਮਿਲੀਗ੍ਰਾਮ) ਸਾਫ਼ ਪਾਣੀ ਵਿੱਚ ਜਾਂ ਮਾਂ ਦੇ ਦੁੱਧ ਨਾਲ ਦਿੱਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਜਿੰਕ ਦੀ ਗੋਲੀ ਬੱਚੇ ਦੀ ਭੁੱਖ ਤੇ ਵਜਨ ਨੂੰ ਵਧਾਉਣ ਵਿੱਚ ਸਹਾਈ ਹੁੰਦੀ ਹੈ ਅਤੇ ਬੱਚੇ ਦੀ ਸਰੀਰਕ ਸਮਰੱਥਾ ਅਤੇ ਰੋਗਾਂ ਨਾਲ ਲੜਨ ਦੀ ਸ਼ਕਤੀ ਨੂੰ ਮਜਬੂਤ ਕਰਦੀ ਹੈ।
ਜ਼ਿਲ੍ਹਾ ਐਪੀਡਿਮੋਲੋਜਿਸਟ ਡਾ. ਸ਼ੋਭਨਾ ਬਾਂਸਲ, ਮੈਡੀਕਲ ਅਫ਼ਸਰ ਡਾ. ਰਘੂ ਸੱਭਰਵਾਲ ਵੱਲੋਂ ਵੀ ਦਸਤ ਰੋਕੂ ਮੁਹਿੰਮ ਬਾਰੇ ਜਾਣਕਾਰੀ ਸਾਂਝਾ ਕੀਤੀ ਗਈ। ਇਮ ਮੌਕੇ ਡਾ. ਮੋਨੀਕਾ, ਜਿਲ੍ਹਾ ਆਰ.ਬੀ.ਐਸ.ਕੇ. ਕੋਆਰਡੀਨੇਟਰ ਪਰਮਵੀਰ ਝੱਮਟ, ਜਿਲ੍ਹਾ ਬੀ.ਸੀ.ਸੀ. ਕੋਆਰਡੀਨੇਟਰ ਨੀਰਜ ਸ਼ਰਮਾ, ਸਟਾਫ ਨਰਸ ਅੰਜਲੀ, ਸਟਾਫ ਨਰਸ ਰੇਨੂ, ਰੋਡੀਓਗ੍ਰਾਫਰ ਸੁਨੀਲ ਕੁਮਾਰ, ਏ.ਐਨ.ਐਮਜ਼. ਅਤੇ ਆਸ਼ਾ ਵਰਕਰਜ਼ ਮੌਜੂਦ ਸਨ।