ਜਲੰਧਰ: ਪੰਜਾਬ ਦੇ ਭਵਿੱਖੀ ਪਾਣੀ ਸੰਕਟ ਲਈ ਸਿਰਫ਼ ਖੇਤੀ ਹੀ ਜਿੰਮੇਵਾਰ ਨਹੀਂ ਸਗੋਂ ਪਾਣੀ ਦੇ ਬਦਲਦੇ ਰੂਪਾਂ ਤੋਂ ਹੋਣ ਵਾਲੇ ਨੁਕਸਾਨ ਦੀ ਨਿਸ਼ਾਨਦੇਹੀ ਕਰਨ ਦੀ ਜ਼ਰੂਰਤ ਹੈ। ਪਾਣੀ ਦੇ ਬਦਲਦੇ ਰੂਪਾਂ ਨੂੰ ਕਾਬੂ ਕਰਨ ਅਤੇ ਇਸ ਤੋਂ ਪੈਦਾ ਹੋਣ ਵਾਲੇ ਖਤਰਨਾਕ ਸਿੱਟਿਆਂ ਤੋਂ ਸਮੁੱਚੀ ਮਨੁੱਖਤਾ ਪ੍ਰਭਾਵਿਤ ਹੋਵੇਗੀ। ਸਥਾਨਕ ਲਾਇਲਪੁਰ ਖਾਲਸਾ ਗਰਲਜ਼ ਕਾਲਜ ‘ਚ ਲੋਕ ਜਾਗ੍ਰਿਤੀ ਮੰਚ ਪੰਜਾਬ ਵਲੋਂ ਪਾਣੀ ਦੇ ਸੰਕਟ ਵਿਸ਼ੇ ‘ਤੇ ਕਰਵਾਏ ਇੱਕ ਸੈਮੀਨਾਰ ਨੂੰ ਸੰਬੋਧਨ ਕਰਦਿਆ ਉੱਘੇ ਵਾਤਾਵਰਨ ਮਾਹਿਰ ਵਿਜੈ ਬੰਬੇਲੀ ਨੇ ਕਿਹਾ ਕਿ ਪਾਣੀ ਨੂੰ ਰੀਚਾਰਜ਼ ਕੀਤੇ ਬਿਨ੍ਹਾਂ ਇਸ ਨੂੰ ਬਚਾਇਆ ਨਹੀਂ ਜਾ ਸਕਦਾ। ਪਾਣੀ ਦੀ ਆਖਰੀ ਤੱਗੀ ਪੱਚੀ ਛੱਬੀ ਸੌਂ ਫੁੱਟ ਡੂੰਘੀ ਹੋਣ ਕਾਰਨ ਆਮ ਵਿਅਕਤੀ ਦੇ ਵੱਸ ‘ਚ ਨਹੀਂ ਹੋਵੇਗਾ ਕਿ ਉਹ ਧਰਤੀ ਹੇਠਲਾ ਪਾਣੀ ਬਾਹਰ ਕੱਢ ਸਕੇ। ਜਦੋਂ ਧਰਤੀ ਦੀ ਉੱਪਰਲੀ ਸਤਾ ਦਾ ਪਾਣੀ ਮੁੱਕ ਜਾਏ ਜਾਵੇਗਾ ਤਾਂ ਸਰਮਾਏਦਾਰ ਧਿਰਾਂ ਹੀ ਏਨੇ ਡੂੰਘੇ ਪਾਣੀ ਕੱਢ ਸਕਣਗੀਆਂ । ਉਨ੍ਹਾ ਅੱਗੇ ਕਿਹਾ ਕਿ ਧਰਤੀ ਹੇਠੋਂ ਬਹੁਤਾ ਪਾਣੀ ਕੱਢਣ ਕਰਕੇ ਧਰਤੀ ਅੰਦਰੋ
ਖੋਖਲੀ ਹੋ ਰਹੀ ਹੈ, ਜਿਸ ਕਾਰਨ ਪਲੇਟਾਂ ‘ਤੇ ਟਿਕੀ ਹੋਈ ਧਰਤੀ ਕਿਸੇ ਵੇਲੇ ਵੀ ਹੇਠਾਂ ਨੂੰ ਗਰਕ ਸਕਦੀ ਹੈ। ਇਸ ਦੌਰਾਨ ਸਮੁੰਦਰ ਦਾ ਪਾਣੀ ਵੀ ਧਰਤੀ ਹੇਠ ਜਾ ਕੇ ਵਰਤੋਂ ਯੋਗ ਪਾਣੀ ਨੂੰ ਪਲੀਤ ਕਰ ਸਕਦਾ ਹੈ। ਅਜਿਹੀਆਂ ਚਿੰਤਾਵਾਂ ਦਾ ਪ੍ਰਗਟਾਵਾ ਕਰਦਿਆਂ ਵਿਜੈ ਬੰਬੇਲੀ ਹੁਰਾਂ ਨੇ ਕਿਹਾ ਕਿ ਵਰਖਾ ਦਾ ਪਾਣੀ ਸੰਭਾਲਣਾ, ਵੱਧ ਵਰਖਾ ਲਈ ਦਰਖ਼ਤ ਬਗੈਰਾ ਲਗਾ ਕੇ ਵਾਤਾਵਰਣ ਨੂੰ ਕਾਇਮ ਰੱਖਣਾ ਅੱਜ ਦੇ ਮੁਖ ਕਾਰਜ ਹੋਣਗੇ। ਪ੍ਰੋਗਰਾਮ ਦੇ ਆਰੰਭ ‘ਚ ਕਾਲਜ ਦੀ ਪ੍ਰਿੰਸੀਪਲ ਡਾ. ਨਵਜੋਤ ਨੇ ਮਹਿਮਾਨਾਂ ਨੂੰ ਜੀ ਆਇਆ ਕਿਹਾ।
ਇਸ ਸੈਮੀਨਾਰ ਦੇ ਮੁੱਖ ਮਹਿਮਾਨ ਜਮਹੂਰੀ ਕਿਸਾਨ ਸਭਾ ਦੇ ਸੂਬਾ ਜਨਰਲ ਸਕੱਤਰ ਕੁਲਵੰਤ ਸਿੰਘ ਸੰਧੂ ਨੇ ਕਿਹਾ ਕਿ ਪਾਣੀ ਦੇ ਸੰਕਟ ਨੂੰ ਠੀਕ ਕਰਨ ਲਈ ਸਰਕਾਰਾਂ ਵਲੋਂ ਆਪਣੀ ਜਿੰਮੇਵਾਰੀ ਨਹੀਂ ਨਿਭਾਈ ਜਾ ਰਹੀ। ਮਾਲਵਾ ਨਹਿਰ ਜੇ ਬਣ ਵੀ ਗਈ ਤਾਂ ਪੰਜਾਬ ਦਾ ਪਾਣੀ ਰਾਜਸਥਾਨ ਨੂੰ ਜਾਏਗਾ। ਉਨ੍ਹਾ ਕਿਹਾ ਕਿ ਨਹਿਰਾਂ ਦੀ ਸਹੀ ਢੰਗ ਨਾਲ ਸਫਾਈ ਨਾ ਹੋਣ ਕਾਰਨ ਪਾਣੀ ਦਰਿਆ ‘ਚ ਅਜਾਈ ਪਾਇਆ ਜਾ ਰਿਹਾ ਹੈ। ਸੰਧੂ ਨੇ ਕਿਹਾ ਕਿ ਦਸਮੇਸ਼ ਨਹਿਰ ਅਤੇ ਕੰਢੀ ਕੈਨਾਲ ਦਾ ਪ੍ਰੋਜੈਕਟ ਵੀ ਕਾਗਜ਼ਾਂ ਦਾ ਸ਼ਿੰਗਾਰ ਬਣ ਕੇ ਰਹਿ ਗਿਆ ਹੈ।
ਲੋਕ ਜਾਗ੍ਰਿਤੀ ਮੰਚ ਦੇ ਪ੍ਰਧਾਨ ਡਾ. ਗੋਪਾਲ ਸਿੰਘ ਬੁੱਟਰ ਨੇ ਧੰਨਵਾਦ ਕਰਦਿਆ ਕਿਹਾ ਕਿ ਪ੍ਰਪਾਤ ਕੀਤਾ ਗਿਆਨ ਹੀ ਪਰਮਸੱਚ ਤੱਕ ਲੈ ਕੇ ਜਾਂਦਾ ਹੈ।
ਪ੍ਰੋਗਰਾਮ ਦੇ ਆਖਰ ‘ਚ ਕਾਲਜ ਦੀਆਂ ਵਿਦਿਆਰਥਣਾਂ ਵਲੋਂ ‘ਹਮ ਮਿਹਨਤਕਸ਼ ਇਸ ਦੁਨੀਆ ਸੇ’ ਕੋਰੀਓਗਰਾਫੀ ਪੇਸ਼ ਕੀਤੀ। ਇਸ ਮੌਕੇ ਸਟੇਜ ਸੰਚਾਲਨ ਸ਼ੀਤਲ ਠਾਕੁਰ ਨੇ ਖੂਬਸੂਰਤ ਤਰੀਕੇ ਨਾਲ ਮੰਚ ਦਾ ਸੰਚਾਲਨ ਕੀਤਾ । ਇਸ ਮੌਕੇ ਸੰਸਥਾ ਦੇ ਸਰਪ੍ਰਸਤ ਡਾ ਰਘਬੀਰ ਕੌਰ, ਸਮਾਜ ਸੇਵੀ ਸੁਮਨ ਚੱਠਾ, ਡਾ. ਤੇਜਿੰਦਰ ਵਿਰਲੀ, ਡਾ. ਸਰਬਜੀਤ ਮੁਠੱਡਾ, ਪ੍ਰੋਫੈਸਰ ਮਨਜੀਤ ਕੌਰ, ਪ੍ਰੋਫੈਸਰ ਸਰਬਜੀਤ ਕੌਰ, ਪ੍ਰੋਫੈਸਰ ਆਤਮਾ ਸਿੰਘ ਆਦਿ ਉਚੇਚੇ ਤੌਰ ‘ਤੇ ਹਾਜ਼ਰ ਸਨ।
ਲੋਕ ਜਾਗਰਤੀ ਮੰਚ ਪੰਜਾਬ ਦੇ ਪ੍ਰਧਾਨ ਡਾਕਟਰ ਗੋਪਾਲ ਸਿੰਘ ਬੁੱਟਰ ਨੇ ਕਿਹਾ ਕਿ ਇਸੇ ਮਹੀਨੇ 28 ਤਰੀਕ ਨੂੰ ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਦੇ ਜਨਮ ਦਿਹਾੜੇ ਤੇ ਰਾਮਗੜੀਆ ਕਾਲਜ ਫਗਵਾੜਾ ਵਿਖੇ ਕੈਨੇਡਾ ਵਿੱਚ ਪਰਵਾਸ ਦੇ ਸੰਕਟ ਨੂੰ ਲੈ ਕੇ ਲੋਕ ਜਾਗਰਤੀ ਮੰਚ ਵੱਲੋਂ ਸੈਮੀਨਾਰ ਕਰਵਾਇਆ ਜਾਵੇਗਾ।