
ਸੰਗਰੂਰ/ਬਰਨਾਲਾ, 9 ਮਈ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਉਹ ਅਕਾਲੀ ਦਲ ਦੇ ਪ੍ਰਤੀਨਿਧਾਂ ਨੂੰ ਚੁਣ ਕੇ ਸੰਸਦ ਵਿਚ ਭੇਜਣ ਤਾਂ ਜੋ ਪਾਰਟੀ ਸਾਰੇ ਲਟਕਦੇ ਮਸਲੇ ਹੱਲ ਕਰਵਾ ਸਕੇ ਤੇ ਉਹਨਾਂ ਦਾ ਸਥਾਈ ਹੱਲ ਕਰਵਾ ਸਕੇ।
ਅਕਾਲੀ ਦਲ ਦੇ ਪ੍ਰਧਾਨ, ਜਿਹਨਾਂ ਨੇ ਭਦੌੜ, ਮਹਿਲ ਕਲਾਂ ਤੇ ਬਰਨਾਲਾ ਵਿਧਾਨ ਸਭਾ ਹਲਕਿਆਂ ਵਿਚ ਪਾਰਟੀ ਦੇ ਉਮੀਦਵਾਰ ਸਰਦਾਰ ਇਕਬਾਲ ਸਿੰਘ ਝੂੰਦਾ ਦੇ ਨਾਲ ਪੰਜਾਬ ਬਚਾਓ ਯਾਤਰਾ ਦੀ ਅਗਵਾਈ ਕੀਤੀ, ਨੇ ਕਿਹਾ ਕਿ ਇਹੀ ਕਾਰਣ ਹੈ ਕਿ ਅਸੀਂ ਇਕੱਲਿਆਂ ਚੋਣ ਲੜਨ ਦਾ ਫੈਸਲਾ ਕੀਤਾ। ਉਹਨਾਂ ਕਿਹਾ ਕਿ ਅਸੀਂ ਮਹਿਸੂਸ ਕੀਤਾ ਕਿ ਕੇਂਦਰ ਸਰਕਾਰ ਕਿਸਾਨਾਂ ਲਈ ਐਮ ਐਸ ਪੀ ਨੂੰ ਕਾਨੂੰਨੀ ਗਰੰਟੀ ਦਾ ਰੂਪ ਦੇਣ, ਸਾਡੇ ਦਰਿਆਈ ਪਾਣੀਆਂ ਦੀ ਰਾਖੀ ਕਰਨ, ਸਾਡੇ ਧਾਰਮਿਕ ਮਾਮਲਿਆਂ ਵਿਚ ਦਖਲਅੰਦਾਜ਼ੀ ਬੰਦ ਕਰਨ ਤੇ ਬੰਦੀ ਸਿੰਘ ਜੋ ਆਪਣੀਆਂ ਉਮੀਦਵਾਰ ਕੈਦ ਦੀਆਂ ਸਜ਼ਾਵਾਂ ਪੂਰੀਆਂ ਕਰ ਕੇ ਦਹਾਕਿਆਂ ਤੋਂ ਜੇਲ੍ਹਾਂ ਵਿਚ ਬੰਦ ਹਨ, ਦੀ ਰਿਹਾਈ ਵਾਸਤੇ ਕੱਖ ਨਹੀਂ ਕਰ ਰਹੀ। ਉਹਨਾਂ ਕਿਹਾ ਕਿ ਅਸੀਂ ਆਪਣੇ ਸਿਧਾਂਤਾਂ ’ਤੇ ਪਹਿਰਾ ਦੇਣ ਤੇ ਚੰਡੀਗੜ੍ਹ ਪੰਜਾਬ ਨੂੰ ਦੇਣ ਸਮੇਤ ਸੂਬੇ ਦੇ ਵਾਜਬ ਹੱਕਾਂ ਵਾਸਤੇ ਲੜਨ ਦਾ ਫੈਸਲਾ ਕੀਤਾ ਭਾਵੇਂ ਇਸ ਵਿਚ ਕਿੰਨੀ ਹੀ ਦੇਰ ਕਿਉਂ ਨਾ ਲੱਗ ਜਾਵੇ।
ਪੰਜਾਬ ਬਚਾਓ ਯਾਤਰਾ ਨੂੰ ਤਿੰਨਾਂ ਹਲਕਿਆਂ ਵਿਚ ਭਰਵਾਂ ਹੁੰਗਾਰਾ ਮਿਲਿਆ ਜਿਥੇ ਭਦੌੜ ਵਿਚ ਸਤਨਾਮ ਰਾਹੀ, ਮਹਿਲ ਕਲਾਂ ਵਿਚ ਨਾਥ ਸਿੰਘ ਹਮੀਦੀ ਅਤੇ ਬਰਨਾਲਾ ਵਿਚ ਕੁਲਵੰਤ ਸਿੰਘ ਕੰਤਾ ਨੇ ਇਸ ਲਈ ਮੁੱਖ ਭੂਮਿਕਾ ਨਿਭਾਈ। ਅਕਾਲੀ ਦਲ ਦੇ ਪ੍ਰਧਾਨ ’ਤੇ ਪਿੰਡਾਂ ਵਿਚ ਫੁੱਲ ਪੱਤੀਆਂ ਦੀ ਰਾਖੀ ਕੀਤੀ ਗਈ ਤੇ ਲੋਕਾਂ ਨੇ ਉਹਨਾਂ ਦੇ ਗਲ ਵਿਚ ਫੁੱਲਾਂ ਦੇ ਹਾਰ ਪਾਏ ਜਦੋਂ ਕਿ ਨੌਜਵਾਨ ਵਰਗ ਸੈ਼ਕੜੇ ਗੱਡੀਆਂ ਦੇ ਕਾਫਲੇ ਵਿਚ ਯਾਤਰਾ ਵਿਚ ਸ਼ਾਮਲ ਹੋਇਆ।
ਇਕ ਥਾਂ ’ਤੇ ਠਹਿਰਾਅ ’ਤੇ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਇਹ ਇਕ ਸੱਚਾਈ ਹੈ ਕਿ ਦਿੱਲੀ ਆਧਾਰਿਤ ਤਿੰਨੋਂ ਪਾਰਟੀਆਂ ਨੇ ਪੰਜਾਬ ਤੇ ਪੰਜਾਬੀਆਂ ਨਾਲ ਧੋਖਾ ਕੀਤਾ ਹੈ। ਉਹਨਾਂ ਕਿਹਾ ਕਿ ਇਹੀ ਕਾਰਣ ਹੈ ਕਿ ਸਾਡੇ ਮਸਲੇ ਹੱਲ ਨਹੀਂ ਹੋਏ। ਉਹਨਾਂ ਕਿਹਾ ਕਿ ਚੰਡੀਗੜ੍ਹ ਪੰਜਾਬ ਨੂੰ ਦੇਣ ਅਤੇ ਪੰਜਾਬ ਦੇ ਰਿਆਈ ਪਾਣੀਆਂ ਦੀ ਰਾਖੀ ਕਰਨ ਸਮੇਤ ਅਹਿਮ ਮੁੱਦਿਆਂ ’ਤੇ ਦਿੱਲੀ ਆਧਾਰਿਤ ਸਾਰੀਆਂ ਪਾਰਟੀਆਂ ਦਾ ਸਟੈਂਡ ਵੱਖਰਾ ਹੁੰਦਾ ਹੈ। ਉਹਨਾਂ ਕਿਹਾ ਕਿ ਆਪ, ਕਾਂਗਰਸ ਤੇ ਭਾਜਪਾ ਸਮੇਤ ਇਹ ਤਿੰਨੇ ਪਾਰਟੀਆਂ ਪੰਜਾਬ ਵਿਚ ਤਾਂ ਇਹ ਕਹਿੰਦੀਆਂ ਹਨ ਕਿ ਪੰਜਾਬ ਕੋਲ ਦੇਣ ਲਈ ਇਕ ਬੂੰਦ ਫਾਲਤੂ ਪਾਣੀ ਨਹੀਂ ਹੈ ਪਰ ਜਿਉਂ ਹੀ ਇਹ ਪੰਜਾਬ ਦਾ ਬਾਰਡਰ ਟੱਪਦੀਆਂ ਹਨ ਇਹ ਹਰਿਆਣਾ ਲਈ ਵੀ ਪਾਣੀ ਮੰਗਣ ਲੱਗ ਜਾਂਦੀਆਂ ਹਨ ਤੇ ਕਹਿੰਦੀਆਂ ਹਨ ਕਿ ਪੰਜਾਬ ਤੋਂ ਪਾਣੀ ਹਰਿਆਣਾ ਨੂੰ ਮਿਲਣਾ ਚਾਹੀਦਾ ਹੈ।
ਸਰਦਾਰ ਬਾਦਲ ਨੇ ਇਹ ਵੀ ਦੱਸਿਆਕਿ ਕਿਵੇਂ ਦਿੱਲੀ ਆਧਾਰਿਤ ਪਾਰਟੀਆਂ ਦਾ ਤਜ਼ਰਬਾ ਕਰਨ ਲਈ ਵਿਕਾਸ ਕਾਰਜ ਠੱਪ ਹੋ ਕੇ ਰਹਿ ਗਏ ਤੇ ਸੂਬਾ ਕੰਗਾਲ ਹੋ ਗਿਆ ਹੈ। ਉਹਨਾਂ ਕਿਹਾ ਕਿ ਪਿਛਲੀ ਕਾਂਗਰਸ ਸਰਕਾਰ ਤੇ ਮੌਜੂਦਾ ਆਪ ਸਰਕਾਰ ਸੂਬੇ ਵਿਚ ਬੁਨਿਆਦੀ ਢਾਂਚੇ ਦਾ ਇਕ ਵੀ ਪ੍ਰਾਜੈਕਟ ਨਹੀਂ ਲਿਆ ਸਕੇ। ਉਹਨਾਂ ਕਿਹਾ ਕਿ ਭਾਵੇਂ ਇਹਨਾਂ ਸਰਕਾਰਾਂ ਕੋਲ ਵਿਕਾਸ ਦੇ ਨਾਂ ’ਤੇ ਵਿਖਾਉਣ ਵਾਸਤੇ ਕੱਖ ਨਹੀਂ ਹੈ ਪਰ ਇਸਦੇ ਬਾਵਜੂਦ ਆਪ ਸਰਕਾਰ ਨੇ ਦੋ ਸਾਲਾਂ ਵਿਚ ਹੀ ਇਕੱਲ ਲੱਖ ਕਰੋੜ ਰੁਪਏ ਦਾ ਕਰਜ਼ਾ ਲੈ ਲਿਆ ਹੈ। ਉਹਨਾਂ ਕਿਹਾ ਕਿ ਇਹ ਬਹੁਤ ਹੀ ਨਿੰਦਣਯੋਗ ਗੱਲ ਹੈ ਕਿ ਆਪ ਸਰਕਾਰ ਵਾਰ-ਵਾਰ ਫਸਲੀ ਨੁਕਸਾਨ ਹੋਣ ਦੇ ਬਾਵਜੂਦ ਕਿਸਾਨਾਂ ਨੂੰ ਮੁਆਵਜ਼ਾ ਦੇਣ ਤੋਂ ਇਨਕਾਰੀ ਹੈ ਤੇ ਉਹਨਾਂ ਨਾਲ ਵਿਤਕਰਾ ਕਰ ਰਹੀ ਹੈ ਤੇ ਸਾਰੀਆਂ ਫਸਲਾਂ ’ਤੇ ਐਮ ਐਸ ਪੀ ਦੇਣ ਦਾ ਆਪਣਾ ਵਾਅਦਾ ਪੂਰਾ ਨਹੀਂ ਕਰ ਰਹੀ। ਉਹਨਾਂ ਕਿਹਾ ਕਿ ਹੋਰ ਤਾਂ ਹੋਰ ਅਕਾਲੀ ਦਲ ਦੇ ਰਾਜ ਵੇਲੇ ਸ਼ੁਰੂ ਕੀਤੀਆਂ ਸਮਾਜ ਭਲਾਈ ਸਕੀਮਾਂ ਵੀ ਠੱਪ ਹੋ ਗਈਆਂ ਹਨ ਤੇ ਗੈਂਗਸਟਰ ਰਾਜ ਕਾਰਨ ਤੇ ਕਾਨੂੰਨ ਵਿਵਸਥਾ ਢਹਿ ਢੇਰੀ ਹੋਣ ਕਾਰਨ ਵਪਾਰ ਤੇ ਉਦਯੋਗ ਇਥੋਂ ਹਿਜਰਤ ਕਰ ਰਹੇ ਹਨ।