ਚੰਡੀਗੜ੍ਹ( 27/08/24)
ਪੰਜਾਬ ਕਹਿਣ ਨੂੰ ਗੁਰੂਆਂ ਪੀਰਾਂ ਦੀ ਧਰਤੀ ਹੈ ਪਰ ਜਿੰਨਾ ਵਿਤਕਰਾ ਦਲਿਤਾਂ ਨਾਲ ਇਸ ਖਿੱਤੇ ਵਿੱਚ ਹੋ ਰਿਹਾ ਹੈ ਸ਼ਾਇਦ ਹੀ ਦੁਨੀਆਂ ਵਿੱਚ ਕਿਤੇ ਹੋਰ ਹੋਵੇ। ਪੰਜਾਬ ਸਰਕਾਰ 1975 ਤੋਂ ਹੀ ਅਨੁਸੂਚਿਤ ਜਾਤੀ ਸਮਾਜ ਨੂੰ 25% ਰਾਖਵਾਂਕਰਣ ਦਿੰਦੀ ਆ ਰਹੀ ਹੈ। ਸਮਾਜ ਵਿੱਚ ਅਨੁਸੂਚਿਤ ਜਾਤੀਆਂ ਦੀ ਵੱਸੋਂ 2011 ਵਿੱਚ 31.94% ਹੋ ਗਈ , ਐਮ ਐੱਲ ਏ ਦੀਆਂ ਸੀਟਾਂ 29 ਤੋਂ ਵਧਾ ਕੇ 34 ਹੋ ਗਈਆਂ , ਮੈਂਬਰ ਪਾਰਲੀਮੈਂਟ ਦੀਆਂ ਸੀਟਾਂ ਤਿੰਨ ਤੋਂ ਵਧਾ ਕੇ ਚਾਰ ਹੋ ਗਈਆਂ ਪਰ ਮਨੂਵਾਦੀ ਅਫਸਰਸ਼ਾਹੀ ਤੇ ਸਰਕਾਰਾਂ ਨੇ ਦਾਖਲਿਆਂ ਅਤੇ ਰੁਜ਼ਗਾਰ ਵਿੱਚ ਇਹ ਵਾਧਾ ਨਹੀਂ ਕੀਤਾ।
ਕਾਂਗਰਸ ਸਰਕਾਰ ਨੇ 1975 ਵਿੱਚ ਬਾਲਮੀਕੀਆਂ/ਮਜਬੀਆਂ ਲਈ ਅਬਾਦੀ ਮੁਤਾਬਕ 12.5% ਰਾਖਵਾਂਕਰਣ ਦੇ ਦਿੱਤਾ ਪਰ ਬਾਕੀ 20% ਅਬਾਦੀ ਨੂੰ ਵੀ 12.5% ਹੀ ਦਿੱਤਾ ਜਦੋਂ ਕਿ ਵੱਸੋਂ ਮੁਤਾਬਕ ਇਹ ਰਾਖਵਾਂਕਰਣ ਹਰ ਸੂਬੇ ਅੰਦਰ ਵਧਿਆ ਹੈ ਤੇ ਇਹੀ ਦੇਸ਼ ਦਾ ਸੰਵਿਧਾਨ ਵੀ ਕਹਿੰਦਾ ਹੈ। ਹੁਣ ਅਨੁਸੂਚਿਤ ਜਾਤੀਆਂ ਨੂੰ ਜੁਡੀਸ਼ਰੀ ‘ਚ ਰੋਕਣ ਲਈ 45% ਨੰਬਰਾਂ ਦੀ ਸ਼ਰਤ ਦੇਸ਼ ਦੇ ਸੰਵਿਧਾਨ ਦੇ ਖ਼ਿਲਾਫ਼ ਜਾ ਕੇ ਪੰਜਾਬ ਸਰਕਾਰ ਨੇ ਲਾ ਰੱਖੀ ਹੈ , ਅਜਿਹੀ ਸ਼ਰਤਾਂ ਸਰਬ ਉੱਚ ਸੇਵਾਵਾਂ ਜਿਵੇਂ ਆਈ ਏ ਐਸ ਆਦਿ ਦੇ ਇਮਤਿਹਾਨ ਵਿੱਚ ਵੀ ਨਹੀਂ ਹੈ। ਪੰਜਾਬ ਖੇਤੀ ਬਾੜੀ ਯੂਨੀਵਰਸਿਟੀ ਜਾਂ ਗਡਵਾਸੂ ਯੁਨੀਵਰਸਿਟੀਆਂ ਲੁਧਿਆਣਾ ਵਿੱਚ ਪ੍ਰੋਫੈਸਰਾਂ ਦੀ ਭਰਤੀ ਵਿੱਚ ਰਾਖਵਾਂਕਰਣ ਜ਼ੀਰੋ ਹੈ ਜਦੋਂ ਕਿ ਖੇਤੀਬਾੜੀ ਦੇ 100 ਤੋਂ ਵੱਧ ਅਦਾਰੇ ਅਤੇ ਯੂਨੀਵਰਸਿਟੀਆਂ ਦਲਿਤਾਂ ਨੂੰ ਪੂਰੇ ਦੇਸ਼ ਅੰਦਰ ਰਾਖਵਾਂਕਰਣ ਦੇ ਰਹੀਆਂ ਹਨ। ਪੰਜਾਬ ਵਿੱਚ ਕਿਸੇ ਵੀ ਪਾਰਟੀ ਦੀ ਸਰਕਾਰ ਰਹੀ ਹੋਵੇ ਹਮੇਸ਼ਾ ਦਲਿਤ ਵਿਰੋਧੀ ਫੈਸਲੇ ਲਏ ਗਏ ਹਨ। ਆਪ ਨੇ ਸੱਤ ਰਾਜ ਸਭਾ ਮੈਂਬਰ ਨਾਮਜ਼ਦ ਕੀਤੇ ਇੱਕ ਵੀ ਦਲਿਤ ਨਹੀ। ਨਾ ਕਾਂਗਰਸ ਨੇ ਨਾ ਆਪ ਨੇ ਪਿਛਲੇ ਤਿੰਨ ਸਾਲ ਤੋਂ ਐਸ ਸੀ ਕਮਿਸ਼ਨ ਦਾ ਚੇਅਰਮੈਨ ਲਾਇਆ। ਹੋਰ ਤਾਂ ਹੋਰ ਆਪ ਨੇ ਤਾਂ ਦਸ ਕਮਿਸ਼ਨ ਦੇ ਮੈਂਬਰਾਂ ਦੀ ਗਿਣਤੀ ਘਟਾ ਕੇ ਪੰਜ ਕਰ ਦਿੱਤੀ, ਲਾਏ ਉਹ ਵੀ ਨਹੀਂ। ਆਮ ਆਦਮੀ ਪਾਰਟੀ ਤੇ ਕਾਂਗਰਸ ਦੇ ਸਮੇਂ ਵਿੱਚ ਦਲਿਤ ਵਿਦਿਆਰਥੀਆਂ ਦੀ ਕਾਲਜਾਂ ਵਿੱਚ ਗਿਣਤੀ ਇੱਕ ਲੱਖ ਤੋਂ ਵੱਧ ਘੱਟ ਗਈ ਪਰ ਸਾਡੇ ਨੇਤਾਵਾਂ ਨੂੰ ਕੋਈ ਫ਼ਿਕਰ ਨਹੀਂ ਹੈ। ਚੀਮਾ ਸਾਹਿਬ, ਟੀਨੂੰ ਸਾਹਿਬ, ਡਾ: ਸੁੱਖੀ ਤੇ ਹੋਰ ਕਈ ਮੰਤਰੀ ਤੇ ਲੀਡਰ ਸਮਾਜ ਲਈ ਕੀ ਕਰ ਰਹੇ ਹਨ ?
ਕੀ ‘ਆਪ’ ਤੋਂ ਇੰਨਾਂ ਪ੍ਰਭਾਵਿਤ ਹਨ ਕੇ ਸਰਕਾਰ ਦੇ ਕੁਕਰਮ ਵੀ ਇਹਨਾਂ ਨੂੰ ਭਲੇ ਦੇ ਕੰਮ ਨਜ਼ਰ ਆਉਂਦੇ ਹਨ ?
ਜਿਵੇਂ ਸ੍ਰੀ ਮਾਨ ਚੰਨੀ ਸਾਬਕਾ ਮੁੱਖ ਮੰਤਰੀ ਨੇ ਆਪਣੇ ਸਮੇਂ ਅੰਦਰ ਜਨਰਲ ਬਾਡੀ ਕਮਿਸ਼ਨ ਬਣਾ ਕੇ ਦਲਿਤਾਂ ਦੇ ਹੱਕਾਂ ਦਾ ਘਾਣ ਕੀਤਾ ਤਿਵੇਂ ਹੀ ਅੱਜ ਦੇ ਦਲਿਤ ਆਪ ਨੇਤਾ ਆਪਣੀ-ਆਪਣੀ ਕੁਰਸੀ ਬਚਾਉਣ ਤੇ ਲੱਗੇ ਹੋਏ ਹਨ। ਬੱਚੀਆਂ ਖੁਚੀਆਂ ਨੌਕਰੀਆਂ ਤੇ ਦਾਖਲੇ ਰਾਜਪੂਤ ਤੇ ਜੱਟ ਬੋਗਸ ਅਨੁਸੂਚਿਤ ਜਾਤੀ ਸਰਟੀਫਿਕੇਟ
ਬਣਾ ਕੇ ਹੜੱਪ ਕਰ ਰਹੇ ਹਨ ਪਰ ਜਿਹਨਾਂ ਲੋਕਾਂ ਨੇ ਦਲਿਤਾਂ ਦੀ ਅਵਾਜ ਬਣਨਾ ਸੀ ਉਹੀ ਲੱਕੜ ਦੇ ਕੁਹਾੜੇ ਵਾਂਗ ਲੱਕੜ ਦਾ ਦਸਤਾ ਬਣ ਕੇ ਆਪਣੇ ਸਮਾਜ ਨੂੰ ਛਾਂਗ ਰਹੇ ਹਨ, ਵੱਡ ਰਹੇ ਹਨ।
ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਸੀ,”ਕੋਈ ਕਿਸੀ ਕੋ ਰਾਜ ਨਾ ਦੇਹਿ ਹੈ, ਜੋ ਲੇ ਹੈ ਨਿਜ ਬਲ ਸੇ ਲੇ ਹੈ”।
ਕੀ ਦੇਸ਼ ਦੀ 77 ਸਾਲ ਦੀ ਅਜ਼ਾਦੀ ਥੋੜੀ ਹੈ ? ਕੀ ਦਲਿਤ ਪੜੇ ਲਿਖੇ ਲੋਕਾਂ ਦਾ ਕੋਈ ਫਰਜ ਨਹੀ ? ਕੀ ਉਹਨਾਂ ਲੋਕਾਂ ਤੋਂ ਆਸ ਰੱਖਣੀ ਚਾਹੀਦੀ ਹੈ ਜੋ ਹੁਣ ਤੱਕ ਦਲਿਤਾਂ ਦਾ ਖੂਨ ਚੂਸਦੇ ਆ ਰਹੇ ਹਨ ?
ਮੀਡੀਆ ਦਾ ਫ਼ਰਜ਼ ਬਣਦਾ ਕਿ ਉਹ ਫੇਅਰ ਚੱਲੇ ਤੇ ਵੰਚਿਤ ਲੋਕਾਂ ਦੇ ਹੱਕਾਂ ਦੀ ਪੈਰਵੀ ਕਰੇ।