ਜਲੰਧਰ (13.01.2025). ਪੰਜਾਬ ਸਰਕਾਰ ਸੜਕ ਹਾਦਸਿਆਂ ਵਿੱਚ ਜਖਮੀ ਹੋਣ ਕਾਰਨ ਮੋਤਾਂ ਨੂੰ ਘਟਾਉਣ ਅਤੇ ਉਪਲੱਬਧ ਸਰਕਾਰੀ/ਪੈਨਲ ਪ੍ਰਾਈਵੇਟ ਹਸਪਤਾਲਾਂ ਵਿੱਚ ਜਲਦੀ, ਸੁਵਿਧਾਜਨਕ ਇਲਾਜ ਮੁਹੱਈਆ ਕਰਵਾਉਣ ਦੇ ਉਦੇਸ਼ ਨਾਲ ਫਰਿਸ਼ਤੇ ਸਕੀਮ ਸ਼ੁਰੂ ਕੀਤੀ ਹੈ। ਮਾਨਯੋਗ ਸਿਹਤ ਮੰਤਰੀ ਡਾ. ਬਲਵੀਰ ਸਿੰਘ ਸਿਹਤ ਪਰਿਵਾਰ ਭਲਾਈ ਵਿਭਾਗ ਪੰਜਾਬ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪੰਜਾਬ ਵਿੱਚ ਸੜਕ ਹਾਦਸਿਆਂ ਵਿੱਚ ਜ਼ਖਮੀ ਮਰੀਜਾਂ ਨੂੰ ਫਰਿਸ਼ਤੇ ਸਕੀਮ ਤਹਿਤ ਮੁਫ਼ਤ ਇਲਾਜ ਦਿੱਤਾ ਜਾ ਰਿਹਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਸਿਵਲ ਸਰਜਨ ਡਾ. ਗੁਰਮੀਤ ‘ਲਾਲ ਨੇ ਦੱਸਿਆ ਕਿ “ਗੋਲਡਨ ਆਵਰ ਸੜਕ ਦੁਰਘਟਨਾ ਤੋਂ ਬਾਅਦ ਪਹਿਲਾ ਮਹੱਤਵਪੂਰਨ ਘੰਟਾ ਹੁੰਦਾ ਹੈ ਜਿਸ ਦੌਰਾਨ ਜੇਕਰ ਕਿਸੇ ਗੰਭੀਰ ਜਖਮੀ ਵਿਅਕਤੀ ਨੂੰ ਬਣਦੀ ਦੇਖਭਾਲ ਮਿਲ ਜਾਵੇ ਤਾਂ ਉਸ ਦੀ ਜਾਨ ਬਚਣ ਦੀ ਸੰਭਾਵਨਾ ਬਹੁਤ ਵੱਧ ਜਾਂਦੀ ਹੈ। ਸਰਕਾਰ ਵੱਲੋਂ ਮੱਨੁਖੀ ਜਾਨਾਂ ਬਚਾਉਣ ਲਈ ਕੀਤਾ ਗਿਆ ਇਹ ਉਪਰਾਲਾ ਕਈ ਅਨਮੋਲ ਜਾਨਾਂ ਬਚਾਉਣ ਵਿੱਚ ਸਹਾਈ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਹਸਪਤਾਲਾਂ ਅਤੇ ਪੁਲਿਸ ਦੀ ਪੁੱਛ ਗਿੱਛ ਤੋਂ ਬਚਣ ਲਈ ਲੋਕ ਜਖਮੀ ਵਿਅਕਤੀਆਂ ਦੀ ਮਦਦ ਲਈ ਝਿਜਕਦੇ ਸਨ, ਜਿਸ ਕਰਕੇ ਕਈ ਕੀਮਤੀ ਜਾਨਾਂ ਚਲੀਆਂ ਜਾਂਦੀਆਂ ਸਨ।
ਸਿਵਲ ਸਰਜਨ ਵੱਲੋਂ ਦੱਸਿਆ ਕਿ ਫਰਿਸ਼ਤੇ ਜੋ ਆਮ ਲੋਕਾਂ ਨੂੰ ਦੁਰਘਟਨਾ ਪੀੜਤਾਂ ਦੀ ਮਦਦ ਲਈ ਅੱਗੇ ਆਉਣ ਅਤੇ ਉਨ੍ਹਾਂ ਦੀਆਂ ਜਾਨਾਂ ਬਚਾਉਣ ਲਈ ਪ੍ਰੇਰਿਤ ਕਰਦੇ ਹਨ, ਨੂੰ ਕਾਨੂੰਨੀ ਉਲਝਣਾ ਅਤੇ ਪੁਲਿਸ ਪੁੱਛਗਿੱਛ ਤੋਂ ਛੋਟ ਦਿੱਤੀ ਗਈ ਹੈ ਅਤੇ ਉਨ੍ਹਾਂ ਨੂੰ ਨਕਦ ਇਨਾਮਾਂ ਅਤੇ ਪ੍ਰਸ਼ੰਸਾ ਪੱਤਰਾਂ ਨਾਲ ਵੀ ਸਨਮਾਨਿਤ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਫਰਿਸ਼ਤੇ ਪ੍ਰਣਾਲੀ ਦੇ ਤਹਿਤ ਜਖਮੀ ਵਿਅਕਤੀਆਂ ਨੂੰ ਹਸਪਤਾਲਾਂ ਤੱਕ ਪਹੁੰਚਾਉਣ ਵਿੱਚ ਸਹਾਇਤਾ ਕਰਨ ਵਾਲੇ ਵਿਅਕਤੀਆਂ ਨੂੰ ਸਰਕਾਰ ਦੁਆਰਾ ਫਰਿਸ਼ਤਾ ਵਜੋਂ ਮਾਨਤਾ ਦਿੱਤੀ ਜਾਂਦੀ ਹੈ ਅਤੇ ਉਨ੍ਹਾਂ ਨੂੰ 2000 ਰੁਪਏ ਦਾ ਇਨਾਮ ਵੀ ਦਿੱਤਾ ਜਾਦਾ ਹੈ। ਇਸ ਸਕੀਮ ਤਹਿਤ ਹੁਣ ਤੱਕ ਜਿਲ੍ਹੇ ਵਿੱਚ 20 ਲੋਕ ਲਾਭ ਲੈ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਫਰਿਸ਼ਤੇ ਸਕੀਮ ਅਧੀਨ ਜਿਲ੍ਹਾ ਜਲੰਧਰ ਵਿੱਚ 15 ਸਰਕਾਰੀ ਅਤੇ 27 ਪ੍ਰਾਈਵੇਟ ਹਸਪਤਾਲ ਸੂਚੀਬੱਧ ਹਨ। ਫਰਿਸ਼ਤੇ ਸਕੀਮ ਅਧੀਨ ਪੰਜਾਬ ਦੇ ਸਮੂਹ ਇਮਪੈਨਲਡ ਹਸਪਤਾਲਾਂ ਦੀ ਸੂਚੀ ਵਿਭਾਗ ਦੀ ਵੈਬਸਾਈਟ Sha.punjab.gov.in ਤੇ ਵੀ ਉਪਲੱਬਧ ਹੈ।