
ਜਲੰਧਰ (21.05.2024) : ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ (ਪੀ.ਐਚ.ਐਸ.ਸੀ.) ਦੇ ਮੈਨੇਜਿੰਗ ਡਾਇਰੈਕਟਰ ਮਾਨਯੋਗ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਆਈ.ਏ.ਐਸ. ਅਤੇ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਡਾਇਰੈਕਟਰ ਡਾ. ਅਨਿਲ ਗੋਇਲ ਵੱਲੋਂ ਮੰਗਲਵਾਰ ਨੂੰ ਸਿਵਲ ਹਸਪਤਾਲ ਜਲੰਧਰ ਵਿਖੇ ਅਚਨਚੇਤ ਚੈਕਿੰਗ ਕੀਤੀ ਗਈ। ਸਿਵਲ ਹਸਪਤਾਲ ਦੇ ਵੱਖ-ਵੱਖ ਵਿਭਾਗਾਂ ਦੀ ਚੈਕਿੰਗ ਦੌਰਾਨ ਉਨ੍ਹਾਂ ਨਾਲ ਮੈਡੀਕਲ ਸੁਪਰਡੈਂਟ ਡਾ. ਗੀਤਾ ਕਟਾਰੀਆ, ਜਿਲ੍ਹਾ ਟੀਕਾਕਰਨ ਅਫ਼ਸਰ ਡਾ. ਰਾਕੇਸ਼ ਚੋਪੜਾ, ਜਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ. ਮਨਦੀਪ ਕੌਰ, ਡਿਪਟੀ ਮੈਡੀਕਲ ਕਮਿਸ਼ਨਰ ਡਾ. ਜੋਤੀ ਸ਼ਰਮਾ, ਐਸ.ਐਮ.ਓ. ਡਾ. ਵਰਿੰਦਰ ਕੌਰ ਥਿੰਦ, ਡਾ. ਪਰਮਜੀਤ ਸਿੰਘ, ਡਾ. ਸੁਰਜੀਤ ਸਿੰਘ, ਡਾ. ਨੇਹਾ, ਜਿਲ੍ਹਾ ਸਮੂਹ ਸਿੱਖਿਆ ਤੇ ਸੂਚਨਾ ਅਫ਼ਸਰ ਗੁਰਦੀਪ ਸਿੰਘ, ਕਾਰਜਕਾਰੀ ਇੰਜੀਨਿਅਰ ਸੁਖਚੈਨ ਸਿੰਘ, ਐਸ.ਡੀ.ਓ. ਰਵਿੰਦਰਪਾਲ ਸਿੰਘ ਸੈਣੀ, ਜੇ.ਈ. ਵਿਤਨ ਕੁਮਾਰ ਮੌਜੂਦ ਸਨ।
ਮਾਨਯੋਗ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਵੱਲੋਂ ਸਿਵਲ ਹਸਪਤਾਲ ਦੇ ਵੱਖ-ਵੱਖ ਵਿਭਾਗਾਂ ਜਿਵੇਂ ਓ.ਪੀ.ਡੀ., ਐਕਸਰੇ ਵਿਭਾਗ, ਅਲਟ੍ਰਾ ਸਾਊਂਡ ਵਿਭਾਗ, ਗਾਇਨੀ ਵਿਭਾਗ, ਮੈਡੀਸਨ ਸਟੋਰ, ਫਾਰਮੇਸੀ ਕਾਊਂਟਰ ਦਾ ਦੌਰਾ ਕੀਤਾ ਗਿਆ। ਉਨ੍ਹਾਂ ਵੱਲੋਂ ਡਾਕਟਰਾਂ ‘ਤੇ ਮਰੀਜਾਂ ਨਾਲ ਗਲਬਾਤ ਕੀਤੀ ਗਈ। ਫਾਰਮੇਸੀ ਕਾਊਂਟਰ ‘ਤੇ ਮਰੀਜਾਂ ਦੀ ਪਰਚੀਆਂ ਦੇਖ ਕੇ ਜਾਣਕਾਰੀ ਲਈ ਗਈ ਕਿ ਉਨ੍ਹਾਂ ਨੂੰ ਸਾਰੀਆਂ ਦਵਾਈਆਂ ਹਸਪਤਾਲ ਵਿੱਚੋਂ ਮੁਫ਼ਤ ਹੀ ਮਿਲ ਰਹੀਆਂ ਹਨ ਤਾਂ ਮਰੀਜਾਂ ਵੱਲੋਂ ਦੱਸਿਆ ਗਿਆ ਕਿ ਸਾਨੂੰ ਸਾਰੀਆਂ ਦਵਾਈਆਂ ਹਸਪਤਾਲ ਵਿੱਚੋਂ ਮੁਫ਼ਤ ਹੀ ਮਿਲ ਰਹੀਆਂ ਹਨ। ਹਸਪਤਾਲ ਦਾ ਦੌਰਾ ਕਰਨ ਉਪਰੰਤ ਉਨ੍ਹਾਂ ਵੱਲੋਂ ਮੈਡੀਕਲ ਸੁਪਰਡੈਂਟ ਦੇ ਦਫ਼ਤਰ ਵਿਖੇ ਮਾਨਯੋਗ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਵੱਲੋਂ ਸਮੂਹ ਅਧਿਕਾਰੀਆਂ ਤੇ ਸਟਾਫ ਨਾਲ ਮੀਟਿੰਗ ਕੀਤੀ ਗਈ। ਜਿਸ ਦੌਰਾਨ ਉਨ੍ਹਾਂ ਹਦਾਇਤ ਕੀਤੀ ਕਿ ਲੋਕਸਭਾ ਚੌਣਾਂ ਨੂੰ ਮੁੱਖ ਰੱਖਦੇ ਹੋਏ ਸਿਵਲ ਹਸਪਤਾਲ ਵਿਖੇ ਐਮਰਜੈਂਸੀ ਸੇਵਾਵਾਂ ਤਿਆਰ-ਬਰ-ਤਿਆਰ ਰੱਖੀਆਂ ਜਾਣ, ਲੂ ਤੋਂ ਬਚਾਅ ਲਈ ਲੋੜੀਂਦੇ ਪ੍ਰਬੰਧ ਮੁਕੰਮਲ ਕੀਤੇ ਜਾਣ ਅਤੇ ਐਂਬੂਲੈਂਸ ਸੇਵਾਵਾਂ ਦੁਰਸਤ ਰੱਖੀਆਂ ਜਾਣ।