
ਦੇਸ਼ ਭਰ ਚ ਭਾਜਪਾ ਦੀਆ ਫਾਸ਼ੀ ਨੀਤੀਆਂ ਦਾ ਡੱਟਵਾਂ ਵਿਰੋਧ ਕਰਨ ਲਈ ਖੱਬੀਆਂ ਧਿਰਾਂ ਦੇ ਸਾਂਝੇ ‘ਫਾਸ਼ੀ ਹਮਲਿਆਂ ਵਿਰੋਧੀ ਫਰੰਟ ‘ ਦੀ ਮੀਟਿੰਗ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਖੇ ਹੋਈ। ਮੀਟਿੰਗ ਵਿੱਚ ਫਰੰਟ ਦਾ ਅੱਠ ਨੁਕਾਤੀ ਆਧਾਰ ਚੋਖਟਾਂ ਕੁੱਝ ਸੋਧਾਂ ਨਾਲ ਪਾਸ ਕਰ ਦਿੱਤਾ ਗਿਆ। ਮੀਟਿੰਗ ਦੀ ਕਾਰਵਾਈ ਪ੍ਰੈਸ ਨੂੰ ਜਾਰੀ ਕਰਦਿਆਂ ਸੂਬਾ ਕਮੇਟੀ ਮੈਂਬਰ ਕੰਵਲਜੀਤ ਖੰਨਾ ਨੇ ਦੱਸਿਆ ਕਿ ਇਹ ਫਰੰਟ ਰਾਜਨੀਤਕ ਹੋਵੇਗਾ ਅਤੇ ਰਾਜਨੀਤਕ ਮੁੱਦਿਆਂ ‘ਤੇ ਸਰਗਰਮੀ ਕਰੇਗਾ।ਇਸ ਫਰੰਟ ਦੀ ਮੁੱਖ ਸੇਧ ਮੋਦੀ ਹਕੂਮਤ ਦੀਆਂ ਫਾਸ਼ੀ ਨੀਤੀਆਂ ਖਿਲਾਫ ਲੋਕਾਂ ਨੂੰ ਜਾਗਰੂਕ ਕਰਨਾ, ਲਾਮਬੰਦ ਕਰਨਾ ਅਤੇ ਸੰਘਰਸ਼ ਦੇ ਮੈਦਾਨ ਵਿੱਚ ਲਿਆਉਣਾ ਹੋਵੇਗਾ। ਮੋਦੀ ਸਰਕਾਰ ਵਲੋ ਦੇਸੀ ਵਿਦੇਸ਼ੀ ਕਾਰਪੋਰੇਟੀ ਲੁੱਟ ਲਈ ਲਿਆਂਦੀਆਂ ਜਾ ਰਹੀਆਂ ਨੀਤੀਆ ਦਾ ਵਿਰੋਧ ਕਰਨਾ ਹੋਵੇਗਾ। ਇਸ ਫਰੰਟ ਦਾ ਮਕਸਦ ਦੇਸ਼ ਚ ਮੋਦੀ ਹਕੂਮਤ ਦੀਆ ਕੇਂਦਰੀਕਰਨ ਦੀ ਨੀਤੀਆਂ ਦਾ ਵਿਰੋਧ, ਹਾਸਿਲ ਫੈਡਰਲ ਧਾਰਾਵਾਂ ਦੀ ਰਾਖੀ, ਹਕੀਕੀ ਫੈਡਰਲਿਜਮ ਦੀ ਪ੍ਰਾਪਤੀ ਲਈ ਲੜਣਾ ਹੋਵੇਗਾ। ਇਹ ਫਰੰਟ ਚੋਣਾਂ ਲੜਣ ਜਾਂ ਚੋਣਾਂ ਦਾ ਵਿਰੋਧ ਕਰਨ ਦਾ ਫਰੰਟ ਨਹੀ ਹੋਵੇਗਾ।
ਉਨਾਂ ਅੱਗੇ ਦੱਸਿਆ ਕਿ ਦੇਸ਼ ਭਰ ਚ ਧਾਰਮਿਕ ਘੱਟਗਿਣਤੀਆਂ, ਦਲਿਤਾਂ ਅਤੇ ਕਗਾਰ ਅਪ੍ਰੇਰਸਨ ਰਾਹੀ ਮੱਧ ਭਾਰਤ ਦੇ ਆਦਿਵਾਸੀਆ ਅਤੇ ਮਾਓਵਾਦੀਆਂ ਤੇ ਢਾਹੇ ਜਾਰਹੇ ਜਬਰ ਖਿਲਾਫ ਫਰੰਟ ਤਿਖਾ ਸੰਘਰਸ਼ ਕਰੇਗਾ। ਮੀਟਿੰਗ ਵਿੱਚ ਬਿਹਾਰ ਵਿੱਚ ਭਵਿਖੱਤ ਵਿਧਾਨ ਸਭਾ ਚੋਣਾਂ ਤੋ ਪਹਿਲਾਂ ਥੋਕ ਚ ਵੋਟਾਂ ਕੱਟਣ ਲਈ ਲਾਗੂ ਕੀਤੇ ਜਾ ਰਹੇ ਨਾਗਰਿਕਤਾ ਸੋਧ ਕਨੂੰਨ ਦੀ ਜ਼ੋਰਦਾਰ ਨਿੰਦਾ ਕਰਦਿਆਂ ਇਸ ਨੂੰ ਸਿਰੇ ਦਾ ਜਮਹੂਰੀਅਤ ਘਾਤੀ ਅਮਲ ਕਰਾਰ ਦਿੱਤਾ। ਮੀਟਿੰਗ ਨੇ ਸੰਗਰੂਰ ਜਿਲੇ ਚ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਅੰਦੋਲਨ ਉਪਰ ਪੰਜਾਬ ਸਰਕਾਰ ਵਲੋ ਢਾਹੇ ਜਾ ਰਹੇ ਜਬਰ ਦੀ ਨਿੰਦਾ ਕੀਤੀ ਗਈ । ਮੀਟਿੰਗ ਨੇ ਗ੍ਰਿਫ਼ਤਾਰ ਕਾਰਕੁੰਨ ਰਿਹਾਅ ਕਰਨ, ਝੂਠੇ ਪਰਚੇ ਰੱਦ ਕਰਨ ਦੀ ਮੰਗ ਕਰਦਿਆਂ 25 ਜੁਲਾਈ ਦੀ ਪੁਲਸ ਜਬਰ ਵਿਰੋਧੀ ਰੈਲੀ ਦਾ ਜੋਰਦਾਰ ਸਮਰਥਨ ਕੀਤਾ ਗਿਆ। ਮੀਟਿੰਗ ਵਿੱਚ ਫਾਸ਼ੀ ਹਮਲਿਆਂ ਅਤੇ ਤਿੱਖੇ ਹੋ ਰਹੇ ਪੁਲਸ ਜਬਰ ਖਿਲਾਫ 20 ਜੁਲਾਈ ਤੋ 15 ਅਗਸਤ ਤੱਕ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਚ ਕਨਵੈਨਸ਼ਨਾਂ ਕਰਕੇ ਲਾਮਬੰਦੀ ਕਰਨ ਦਾ ਫ਼ੈਸਲਾ ਕੀਤਾ ਗਿਆ।
ਮੀਟਿੰਗ ਵਿੱਚ ਸੀ ਪੀ ਆਈ ਦੇ ਸੂਬਾ ਸੱਕਤਰ ਬੰਤ ਸਿੰਘ ਬਰਾੜ, ਆਰ ਐਮ ਪੀ ਆਈ ਦੇ ਆਗੂ ਪ੍ਰਗਟ ਸਿੰਘ ਜਾਮਾਰਾਏ, ਪ੍ਰੋ਼.ਜੈ ਪਾਲ ਸਿੰਘ, ਮਹੀਪਾਲ, ਸੀ ਪੀ ਆਈ (ਐੱਮ ਐੱਲ) ਨਿਊ ਡੈਮੋਕਰੇਸੀ ਦੇ ਆਗੂ ਅਜਮੇਰ ਸਿੰਘ ਅਤੇ ਇਨਕਲਾਬੀ ਕੇਂਦਰ ਪੰਜਾਬ ਦੇ ਜਨਰਲ ਸੱਕਤਰ ਕੰਵਲਜੀਤ ਖੰਨਾ ਹਾਜ਼ਰ ਸਨ।