
ਹੁਸ਼ਿਆਪੁਰ, 11 ਅਪ੍ਰੈਲ: ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸਰਦਾਰ ਬਿਕਰਮ ਸਿੰਘ ਮਜੀਠੀਆ ਨੇ ਅੱਜ ਪੰਜਾਬ ਦੀ ਸ਼ਰਾਬ ਨੀਤੀ ਘੁਟਾਲੇ ਤੇ ਗੈਰ ਕਾਨੂੰਨੀ ਮਾਇਨਿੰਗ ਦੀ ਸੀ ਬੀ ਆਈ ਜਾਂਚ ਦੀ ਮੰਗ ਕੀਤੀ ਤੇ ਜ਼ੋਰ ਦੇ ਕੇ ਕਿਹਾ ਕਿ ਇਹ ਜਾਂਚ ਹੀ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ-ਨਾਲ ਦਿੱਲੀ ਦੇ ਮੁੱਖ ਮੰਤਰੀ ਤੇ ਆਪ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਬੇਨਕਾਬ ਕਰੇਗੀ।
ਇਥੇ ਇਕ ਪ੍ਰਭਾਵਸ਼ਾਲੀ ਇਕੱਠ ਨੂੰ ਸੰਬੋਧਨ ਕਰਦਿਆਂ ਸਰਦਾਰ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਪੰਜਾਬ ਦੀ ਸ਼ਰਾਬ ਨੀਤੀ ਦਿੱਲੀ ਦੀ ਨੀਤੀ ਦੀ ਤਰਜ਼ ’ਤੇ ਬਣਾਈ ਗਈ ਤੇ ਉਹਨਾਂ ਹੀ ਲੋਕਾਂ ਨੇ ਬਣਾਈ ਜਿਹਨਾਂ ਨੇ ਦਿੱਲੀ ਦੀ ਸ਼ਰਾਬ ਨੀਤੀ ਬਣਾਈ ਸੀ। ਉਹਨਾਂ ਕਿਹਾ ਕਿ ਇਸ ਨੀਤੀ ਵਿਚ ਪੰਜਾਬ ਦਾ ਸ਼ਰਾਬ ਕਾਰੋਬਾਰ ਉਹਨਾਂ ਹੀ ਲੋਕਾਂ ਨੂੰ ਦਿੱਤਾ ਗਿਆ ਜਿਹਨਾਂ ਨੂੰ ਦਿੱਲੀ ਦਾ ਕਾਰੋਬਾਰ ਦਿੱਤਾ ਗਿਆ ਸੀ। ਉਹਨਾਂ ਕਿਹਾ ਕਿ ਦਿੱਲੀ ਵਾਂਗੂ ਪੰਜਾਬ ਦੀ ਆਬਕਾਰੀ ਨੀਤੀ ਦੇ ਘੁਟਾਲੇ ਦੀ ਸੀ ਬੀ ਆਈ ਜਾਂਚ ਦੀ ਜ਼ਰੂਰਤ ਹੈ ਜੋ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਇਸ ਘੁਟਾਲੇ ਤੋਂ ਹੋਏ ਲਾਭ ਦਾ ਪਰਦਾਫਾਸ਼ ਕਰੇਗੀ।
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ’ਤੇ ਵਰ੍ਹਦਿਆਂ ਸਰਦਾਰ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਉਹਨਾਂ ਦਾ ਰਾਤ ਵੇਲੇ ਭਾਜਪਾ ਨਾਲ ਗਠਜੋੜ ਹੈ ਜਦੋਂ ਕਿ ਦਿਨ ਵੇਲੇ ਉਹ ਕਾਂਗਰਸ ਨਾਲ ਗਠਜੋੜ ਦਾ ਲੁਤਫ ਮਾਣਦੇ ਹਨ। ਉਹਨਾਂ ਕਿਹਾ ਕਿ ਭਗਵੰਤ ਮਾਨ ਹਰਿਆਣਾ ਵਿਚ ਚੋਣ ਪ੍ਰਚਾਰ ਵਾਸਤੇ ਗਏ ਸਨ ਜਿਥੇ ਉਹਨਾਂ ਕਾਂਗਰਸ ਵਾਸਤੇ ਵੋਟਾਂ ਮੰਗੀਆਂ ਤੇ ਕੌਮੀ ਰਾਜਧਾਨੀ ਵਿਚ ਉਹ ਰਾਹੁਲ ਗਾਂਧੀ ਦੇ ਨਾਲ ਰਹਿਣਾ ਪਸੰਦ ਕਰਦੇ ਹਨ ਪਰ ਨਾਲ ਹੀ ਉਹਨਾਂ ਦਾ ਭਾਜਪਾ ਨਾਲ ਗੁਪਤ ਸਮਝੌਤਾ ਹੈ ਜਿਸਦੇ ਦਿਸ਼ਾ ਨਿਰਦੇਸ਼ਾਂ ’ਤੇ ਉਹਨਾਂ ਨੇ ਸਿੱਖ ਨੌਜਵਾਨਾਂ ’ਤੇ ਐਨ ਐਸ ਏ ਲਗਾਈ ਅਤੇ ਉਹਨਾਂ ਨੂੰ ਆਸਾਮ ਦੀ ਡਿਬਰੂਗੜ੍ਹ ਜੇਲ੍ਹ ਭੇਜਿਆ ਜਿਥੇ ਭਾਜਪਾ ਦੀ ਸਰਕਾਰ ਹੈ।
ਸਰਦਾਰ ਮਜੀਠੀਆ ਨੇ ਕਿਹਾ ਕਿ ਮੁੱਖ ਮੰਤਰੀ ਦੀ ਭਾਜਪਾ ਨਾਲ ਗੰਢਤੁੱਪ ਦਾ ਹੀ ਨਤੀਜਾ ਹੈ ਕਿ ਚਲ ਰਹੇ ਕਿਸਾਨੀ ਸੰਘਰਸ਼ ਵਿਚ ਹਰਿਆਣਾ ਪੁਲਿਸ ਨੇ ਪੰਜਾਬ ਦੇ ਕਿਸਾਨਾਂ ’ਤੇ ਗੋਲੀਆਂ ਚਲਾਈਆਂ ਹਨ। ਉਹਨਾਂ ਕਿਹਾ ਕਿ ਭਾਜਪਾ ਦੇ ਦਬਾਅ ਕਾਰਨ ਹੀ ਭਗਵੰਤ ਮਾਨ ਨੇ ਕਿਸਾਨ ਸ਼ੁਭਕਰਨ ਸਿੰਘ ਦੇ ਕਤਲ ਦੇ ਮਾਮਲੇ ਵਿਚ ਜ਼ੀਰੋ ਐਫ ਆਈ ਆਰ ਦਰਜ ਕੀਤੀ ਅਤੇ ਹੁਣ ਆਪ ਸਰਕਾਰ ਉਸ ਥਾਂ ਦੀ ਸ਼ਨਾਖ਼ਤ ਕਰਨ ਤੋਂ ਭੱਜ ਰਹੀ ਹੈ ਜਿਥੋਂ ਕਿਸਾਨ ਪ੍ਰੀਤਪਾਲ ਸਿੰਘ ਨੂੰ ਹਰਿਆਣਾ ਪੁਲਿਸ ਨੇ ਅਗਵਾ ਕੀਤਾ ਸੀ। ਉਹਨਾਂ ਕਿਹਾ ਕਿ ਹਰਿਆਣਾ ਪੁਲਿਸ ਦੀ ਫਾਇਰਿੰਗ ਵਿਚ 100 ਤੋਂ ਜ਼ਿਆਦਾ ਕਿਸਾਨ ਬਾਰਡਰ ’ਤੇ ਪੰਜਾਬ ਵਾਲੇ ਪਾਸੇ ਜ਼ਖ਼ਮੀ ਹੋਏ ਹਨ ਪਰ ਭਗਵੰਤ ਮਾਨ ਸਰਕਾਰ ਨੇ ਹਰਿਆਣਾ ਪੁਲਿਸ ਖਿਲਾਫ ਇਕ ਵੀ ਕੇਸ ਦਰਜ ਨਹੀਂ ਕੀਤਾ।
ਸੂਬੇ ਵਿਚ ਅਨੁਸੂਚਿਤ ਜਾਤੀ ਭਾਈਚਾਰੇ ਨਾਲ ਕੀਤੇ ਧੋਖੇ ਦੀ ਗੱਲ ਕਰਦਿਆਂ ਅਕਾਲੀ ਆਗੂ ਨੇ ਕਿਹਾ ਕਿ ਆਪ ਨੇ ਵਾਅਦਾ ਕੀਤਾ ਸੀ ਕਿ ਇਕ ਦਲਿਤ ਨੂੰ ਉਪ ਮੁੱਖ ਬਣਾਇਆ ਜਾਵੇ ਪਰ ਅਜਿਹਾ ਨਹੀਂ ਕੀਤਾ ਗਿਆ। ਉਹਨਾਂ ਕਿਹਾ ਕਿ ਇਸੇ ਤਰੀਕੇ ਆਮ ਆਦਮੀ ਪਾਰਟੀ ਨੇ ਰਾਜ ਸਭਾ ਲਈ ਅਨੇਕਾਂ ਐਮ ਪੀ ਨਾਮਜ਼ਦ ਕੀਤੇ ਹਨ ਪਰ ਐਸ ਭਾਈਚਾਰੇ ਤੋਂ ਇਕ ਵੀ ਐਮ ਪੀ ਨਾਮਜ਼ਦ ਨਹੀਂ ਕੀਤਾ ਗਿਆ ਜਿਸ ਤੋਂ ਪਤਾ ਚਲਦਾ ਹੈ ਕਿ ਆਪ ਦਲਿਤ ਭਾਈਚਾਰੇ ਦੀ ਵਿਰੋਧੀ ਹੈ।
ਉਹਨਾਂ ਨੇ ਭਾਜਪਾ ਦੀ ਅਗਵਾਈ ਵਾਲੀ ਐਨ ਡੀ ਏ ਸਰਕਾਰ ਵੱਲੋਂ ਗੁਰੂ ਨਾਨਕ ਦੇਵਜੀ ਦੇ 550 ਸਾਲਾ ਪ੍ਰਕਾਸ਼ ਪੁਰਬ ’ਤੇ ਕੀਤੇ ਵਾਅਦੇ ਮੁਤਾਬਕ ਬੰਦੀ ਸਿੰਘਾਂ ਨੂੰ ਰਿਹਾਅ ਨਾ ਕਰਨ ਦੀ ਵੀ ਨਿਖੇਧੀ ਕੀਤੀ ਅਤੇ ਕਿਹਾ ਕਿ ਬੰਦੀ ਸਿੰਘਾਂ ਨੂੰ ਜੇਲ੍ਹਾਂ ਵਿਚ 28-28 ਸਾਲਾਂ ਤੋਂ ਵੱਧ ਸਮਾਂ ਹੋ ਗਿਆ ਹੈ ਪਰ ਐਨ ਡੀ ਏ ਸਰਕਾਰ ਉਹਨਾਂ ਨੂੰ ਰਿਹਾਅ ਕਰਨ ਤੋਂ ਇਨਕਾਰੀ ਹੈ।