ਜਲੰਧਰ (02-09-2022): ਸਿਵਲ ਸਰਜਨ ਡਾ. ਰਮਨ ਸ਼ਰਮਾ ਵੱਲੋਂ ਸ਼ੁੱਕਰਵਾਰ ਨੂੰ ਜਿਲ੍ਹੇ ਦੇ ਸਮੂਹ ਮੈਡੀਕਲ ਅਫਸਰ (ਡੈਂਟਲ) ਦੀ ਮੀਟਿੰਗ ਦਫਤਰ ਸਿਵਲ ਸਰਜਨ ਵਿਖੇ ਬੁਲਾਈ ਗਈ ਅਤੇ ਜਿਲ੍ਹੇ ਵਿੱਚ ਲੋਕਾਂ ਨੂੰ ਦਿੱਤੀਆਂ ਜਾ ਰਹੀਆਂ ਡੈਂਟਲ ਸੇਵਾਵਾਂ ਬਾਰੇ ਜਾਣਕਾਰੀ ਲਈ ਗਈ। ਇਸ ਦੌਰਾਨ ਸਿਵਲ ਸਰਜਨ ਵੱਲੋਂ ਸਮੂਹ ਡੈਂਟਲ ਡਾਕਟਰਾਂ ਨੂੰ ਹਦਾਇਤ ਕੀਤੀ ਗਈ ਕਿ ਬਜ਼ੁਰਗਾਂ ਅਤੇ ਐਮਰਜੈਂਸੀ ਵਾਲੇ ਕੇਸਾਂ ਦਾ ਪਹਿਲ ਦੇ ਅਧਾਰ `ਤੇ ਇਲਾਜ ਕੀਤਾ ਜਾਵੇ ਅਤੇ ਡਿਊਟੀ ਦੌਰਾਨ ਮਰੀਜ਼ਾਂ ਪ੍ਰਤੀ ਚੰਗਾ ਵਤੀਰਾ ਰੱਖਿਆ ਜਾਵੇ।

ਜਿਲ੍ਹਾ ਡੈਂਟਲ ਅਫਸਰ ਡਾ. ਬਲਜੀਤ ਕੌਰ ਰੂਬੀ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਅਪ੍ਰੈਲ 2022 ਤੋਂ ਹੁਣ ਤੱਕ ਡੈਂਟਲ ਡਾਕਟਰਾਂ ਵੱਲੋਂ 50,303 ਮਰੀਜਾਂ ਦੀ ਡੈਂਟਲ ਓ.ਪੀ.ਡੀ. ਕੀਤੀ ਗਈ। ਅਗਸਤ ਮਹੀਨੇ ਦੌਰਾਨ 12,151 ਮਰੀਜਾਂ ਦੀ ਦੰਦਾਂ ਦੀ ਜਾਂਚ (ਡੈਂਟਲ ਓ.ਪੀ.ਡੀ.) ਕੀਤੀ ਗਈ। ਜਿਸ ਵਿੱਚੋਂ 1630 ਮਰੀਜਾਂ ਦੀ ਡੈਂਟਲ ਐਕਸਟ੍ਰੇਕਸ਼ਨ (ਦੰਦ ਕੱਢਣ ਦੀ ਪ੍ਰਕਿਰਿਆ) ਕੀਤੀ ਗਈ, 1095 ਮਰੀਜਾਂ ਦੀ ਡੈਂਟਲ ਰਿਸਟੋਰੇਸ਼ਨ (ਪੱਕੇ ਦੰਦ ਭਰਨ ਦੀ ਪ੍ਰਕਿਰਿਆ) ਕੀਤੀ ਗਈ। ਇਸਦੇ ਨਾਲ ਹੀ 281 ਮਰੀਜਾਂ ਦੇ ਦੰਦਾਂ ਦੇ ਸਰਜੀਕਲ ਪ੍ਰੋਸੀਜਰ (ਆਰ.ਸੀ.ਟੀ.) ਕੀਤੇ ਗਏ।

          ਡਾ. ਬਲਜੀਤ ਕੌਰ ਰੂਬੀ ਵੱਲੋਂ ਡੈਂਟਲ ਡਾਕਟਰਾਂ ਨੂੰ ਹਦਾਇਤ ਕੀਤੀ ਗਈ ਕਿ ਸਕੂਲਾਂ ਦਾ ਦੌਰਾ ਕਰਕੇ ਬੱਚਿਆਂ ਦਾ ਡੈਂਟਲ ਚੈੱਕਅਪ ਕਰਨਾ ਯਕੀਨੀ ਬਣਾਇਆ ਜਾਵੇ ਅਤੇ ਬੱਚਿਆਂ ਨੂੰ ਦੰਦਾਂ ਦੀ ਸਫ਼ਾਈ ਦੇ ਨਾਲ-ਨਾਲ ਦੰਦਾਂ ਨਾਲ ਸੰਬੰਧਿਤ ਸਿਹਤ ਸਮੱਸਿਆਵਾਂ ਬਾਰੇ ਜਾਣੂ ਕਰਵਾਇਆ ਜਾਵੇ। ਉਨ੍ਹਾਂ ਕਿਹਾ ਕਿ ਹਰ ਵਿਅਕਤੀ ਨੂੰ ਹਰ 6 ਮਹੀਨੇ ਬਾਅਦ ਦੰਦਾਂ ਦੇ ਡਾਕਟਰ ਤੋਂ ਆਪਣੇ ਦੰਦਾਂ ਦਾ ਨਿਯਮਤ ਚੈੱਕਅਪ ਕਰਵਾਉਣਾ ਚਾਹੀਦਾ ਹੈ। ਹਰ ਬੁੱਧਵਾਰ ਨੂੰ ਮਮਤਾ ਦਿਵਸ ਮੌਕੇ ਸਰਕਾਰੀ ਸਿਹਤ ਸੰਸਥਾਵਾਂ ਵਿੱਚ ਆਉਣ ਵਾਲੀਆਂ ਮਾਵਾਂ ਅਤੇ ਗਰਭਵਤੀ ਔਰਤਾਂ ਦਾ ਡੈਂਟਲ ਚੈੱਕਅਪ ਯਕੀਨੀ ਬਣਾਇਆ ਜਾਵੇ। ਉਨ੍ਹਾਂ ਕਿਹਾ ਕਿ ਸਰਕਾਰੀ ਸਿਹਤ ਸੰਸਥਾਵਾਂ `ਚ ਦੰਦਾਂ ਨਾਲ ਸਬੰਧਿਤ ਜਾਗਰੂਕਤਾ ਬੈਨਰ, ਪੋਸਟਰ ਆਦਿ ਲਗਾਏ ਜਾਣ ਤਾਂ ਜੋ ਲੋਕ ਦੰਦਾਂ ਦੀਆਂ ਬਿਮਾਰੀਆਂ ਸੰਬੰਧੀ ਸਿਹਤ ਵਿਭਾਗ ਵਲੋਂ ਦਿੱਤੀਆਂ ਜਾਣ ਵਾਲੀਆਂ ਸੇਵਾਵਾਂ ਦਾ ਲਾਭ ਲੈ ਸਕਣ।

Disclaimer : यह खबर उदयदर्पण न्यूज़ को सोशल मीडिया के माध्यम से प्राप्त हुई है। उदयदर्पण न्यूज़ इस खबर की आधिकारिक तौर पर पुष्टि नहीं करता है। यदि इस खबर से किसी व्यक्ति अथवा वर्ग को आपत्ति है, तो वह हमें संपर्क कर सकते हैं।