ਫਗਵਾੜਾ 29 ਮਾਰਚ (ਸ਼ਿਵ ਕੋੜਾ) ਬੀਤੀ ਰਾਤ ਫਗਵਾੜਾ ਦੇ ਨਾਲ ਲੱਗਦੇ ਜਿਲ੍ਹਾ ਹੁਸ਼ਿਆਰਪੁਰ ਦੇ ਪੇਂਡੂ ਇਲਾਕੇ ‘ਚ ਅੰਮ੍ਰਿਤਪਾਲ ਸਿੰਘ ਅਤੇ ਉਸਦੇ ਸਾਥੀ ਪੱਪਲਪ੍ਰੀਤ ਸਿੰਘ ਦੇ ਨਜ਼ਰ ਆਉਣ ਦੀ ਫੈਲੀ ਖਬਰ ਤੋਂ ਬਾਅਦ ਫਗਵਾੜਾ ਪੁਲਿਸ ਵੀ ਚੌਕੰਨੀ ਹੋ ਗਈ ਹੈ। ਕੇਂਦਰੀ ਸੁਰੱਖਿਆ ਬਲਾਂ ਦੇ ਨਾਲ ਮਿਲ ਕੇ ਪੁਲਿਸ ਨੇ ਹੁਸ਼ਿਆਰਪੁਰ ਰੋਡ ਸਥਿਤ ਰਾਵਲਪਿੰਡੀ ਅਤੇ ਹੋਰ ਥਾਵਾਂ ਤੇ ਨਾਕਾਬੰਦੀ ਕਰਕੇ ਆਉਣ-ਜਾਣ ਵਾਲੇ ਵਾਹਨਾਂ ਦੀ ਚੈਕਿੰਗ ਕੀਤੀ। ਹਾਲਾਂਕਿ ਪੁਲਿਸ ਦੇ ਵੱਡੇ ਅਧਿਕਾਰੀ ਇਸ ਸਬੰਧ ਵਿਚ ਕੁੱਝ ਵੀ ਸਪਸ਼ਟ ਦੱਸਣ ਨੂੰ ਤਿਆਰ ਨਹੀਂ ਹਨ ਪਰ ਆਮ ਚਰਚਾ ਇਹੋ ਹੈ ਕਿ ਅੰਮ੍ਰਿਤਪਾਲ ਸਿੰਘ ਅਤੇ ਉਸਦੇ ਸਾਥੀ ਦੀ ਗਿਰਫਤਾਰੀ ਲਈ ਹੀ ਪੁਲਿਸ ਨੇ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਹਨ। ਦੱਸਿਆ ਜਾਂਦਾ ਹੈ ਕਿ ਬੀਤੀ ਰਾਤ ਇਕ ਇਨੋਵਾ ਗੱਡੀ ਫਗਵਾੜਾ ਤੋਂ ਸ਼ੱਕੀ ਹਾਲਤ ਵਿਚ ਹੁਸ਼ਿਆਰਪੁਰ ਸਾਈਡ ਨੂੰ ਜਾਂਦੀ ਨਜ਼ਰ ਆਈ ਸੀ ਜਿਸਦਾ ਪਿੱਛਾ ਵੀ ਕੀਤਾ ਗਿਆ ਪਰ ਉਹ ਹੁਸ਼ਿਆਰਪੁਰ ਦੀ ਹੱਦ ‘ਚ ਦਾਖਲ ਹੋ ਗਈ। ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਥਾਣਾ ਰਾਵਲਪਿੰਡੀ ਪੁਲਿਸ ਨੇ ਦੋ ਸ਼ੱਕੀ ਵਿਅਕਤੀਆਂ ਨੂੰ ਰਾਉਂਡ ਅੱਪ ਕੀਤਾ ਹੈ ਪਰ ਪੁਲਿਸ ਇਸ ਵਾਰੇ ਮੀਡੀਆ ਸਾਹਮਣੇ ਖੁਲਾਸਾ ਨਹੀਂ ਰਹੀ। ਖਬਰ ਲਿਖੇ ਜਾਣ ਤੱਕ ਪੁਲਿਸ ਦੀ ਸਰਚ ਮੁਹਿਮ ਲਗਾਤਾਰ ਜਾਰੀ ਹੈ।