
ਗੜ੍ਹਸ਼ੰਕਰ : ਪ੍ਰਾਇਮਰੀ ਹੈਲਥ ਸੈਂਟਰ ਪੋਸੀ ਦੇ ਸੀਨੀਅਰ ਮੈਡੀਕਲ ਅਫਸਰ ਡਾ. ਰਘਬੀਰ ਸਿੰਘ ਦੀ ਯੋਗ ਅਗਵਾਈ ਹੇਠ ਵਿਸ਼ਵ ਮਲੇਰੀਆ ਦਿਵਸ ਦੇ ਸਬੰਧ ਵਿੱਚ ਬਲਾਕ ਪੱਧਰੀ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ।
ਇਸ ਮੌਕੇ ਤੇ ਲੋਕਾਂ ਨੂੰ ਸੰਬੋਧਨ ਕਰਦਿਆਂ ਡਾਕਟਰ ਰਘਬੀਰ ਸਿੰਘ ਨੇ ਕਿਹਾ ਕਿ ਮਿਤੀ 25 ਅਪ੍ਰੈਲ ਨੂੰ ਦੁਨੀਆ ਭਰ ਦੇ ਵਿੱਚ ਵਿਸ਼ਵ ਮਲੇਰੀਆ ਦਿਵਸ ਮਨਾਇਆ ਜਾਂਦਾ ਹੈ ਅਤੇ ਇਸ ਦਿਵਸ ਨੂੰ ਮਨਾਉਣ ਦਾ ਮੁੱਖ ਮੰਤਵ ਆਮ ਨਾਗਰਿਕਾਂ ਨੂੰ ਮਲੇਰੀਆ ਦੇ ਲੱਛਣਾਂ ਅਤੇ ਬਚਾਅ ਬਾਰੇ ਜਾਗਰੂਕ ਕਰਨਾ ਹੈ।ਉਨਾਂ ਕਿਹਾ ਕਿ ਵਿਸ਼ਵ ਮਲੇਰੀਆ ਦਿਵਸ ਦੇ ਸਬੰਧ ਵਿੱਚ ਬਲਾਕ ਦੇ ਸਾਰੇ ਹੈਲਥ ਕੇਂਦਰਾਂ ਅਤੇ ਸਕੂਲਾਂ ਵਿਚ ਲੋਕਾਂ ਨੂੰ ਆਈ. ਈ. ਸੀ ਗਤੀਵਿਧੀਆਂ ਰਾਹੀ ਜਾਗਰੂਕ ਕੀਤਾ ਜਾ ਰਿਹਾ ਹੈ ਤਾਂ ਜੋ ਲੋਕ ਆਪਣੇ ਆਪ ਨੂੰ ਇਸ ਰੋਗ ਤੋਂ ਬਚਾ ਸਕਣ। ਉਨ੍ਹਾਂ ਕਿਹਾ ਕਿ ਮਲੇਰੀਆ ਦੇ ਮੁੱਖ ਲੱਛਣ ਤੇਜ਼ ਬੁਖਾਰ, ਠੰਡ ਲੱਗਣਾ, ਸਿਰਦਰਦ, ਥਕਾਵਟ, ਸ਼ਰੀਰ ‘ਚ ਟੁਟ ਭੱਜ, ਘਬਰਾਹਟ ਹੋਣ ਦੇ ਨਾਲ ਨਾਲ ਕੰਬਣੀ ਛੇੜਣਾ ਹੈ।ਉਨਾ ਕਿਹਾ ਕਿ ਜੇਕਰ ਕਿਸੇ ਵਿਅਕਤੀ ਨੂੰ ਅਜਿਹੇ ਲੱਛਣ ਮਹਿਸੂਸ ਹੋਣ ਤਾਂ ਉਹ ਤੁਰੰਤ ਨਜ਼ਦੀਕੀ ਸਿਹਤ ਕੇਂਦਰ ਵਿਖੇ ਜਾ ਕੇ ਆਪਣੀ ਜਾਂਚ ਅਤੇ ਟੈਸਟ ਬਿਲਕੁਲ ਮੁਫਤ ਕਰਵਾਉਣ।ਉਹਨਾਂ ਕਿਹਾ ਕਿ ਜੇਕਰ ਵਿਅਕਤੀ ਪੀੜ੍ਹਤ ਪਾਇਆ ਜਾਂਦਾ ਹੈ ਤਾਂ ਉਸ ਨੂੰ ਵਿਭਾਗ ਵੱਲੋਂ ਮੁਫ਼ਤ ਦਵਾਈ ਦਿੱਤੀ ਜਾਂਦੀ ਹੈ। ਮਲੇਰੀਆ ਦੀ ਰੋਕਥਾਮ ਲਈ ਵੱਧ ਤੋਂ ਵੱਧ ਜਾਗਰੂਕਤਾ ਫੈਲਾਈ ਜਾ ਰਹੀ ਹੈ ਅਤੇ ਆਮ ਨਾਗਰਿਕ ਆਪਣੇ ਘਰਾਂ ਦੇ ਆਲੇ ਦੁਆਲੇ ਛੋਟੇ ਟੋਇਆ `ਚ ਪਾਣੀ ਨਾ ਇਕੱਠਾ ਹੋਣ ਦੇਣ ਅਤੇ ਛੱਪੜਾ `ਚ ਖੜੇ ਪਾਣੀ ਵਿੱਚ ਕਾਲੇ ਤੇਲ ਦਾ ਛਿੜਕਾ ਕਰਨ।ਉਨਾਂ ਕਿਹਾ ਕਿ ਮੌਜੂਦਾ ਮੌਸਮ ਦੌਰਾਨ ਅਜਿਹੇ ਕੱਪੜੇ ਪਾਏ ਜਾਣ ਜਿਸ ਨਾਲ ਪੂਰਾ ਸ਼ਰੀਰ ਨੂੰ ਢੱਕਿਆ ਜਾ ਸਕੇ ਤਾਂ ਜੋ ਮੱਛਰ ਦੇ ਕੱਟਣ ਤੋਂ ਬਚਾਇਆ ਜਾ ਸਕੇ।
ਇਸ ਮੌਕੇ ਤੇ ਡਾਕਟਰ ਵੰਦਨਾ ਨੇ ਕਿਹਾ ਕਿ ਸਿਹਤ ਵਿਭਾਗ ਵੱਲੋਂ ਹਰ ਸ਼ੱੁਕਰਵਾਰ ਨੂੰ ਡ੍ਰਾਈ ਡੇਅ ਐਲਾਨਿਆ ਗਿਆ, ਇਸ ਦਿਨ ਸਾਨੂੰ ਸਾਰਿਆ ਉਨਾਂ ਸਥਾਨਾਂ ਦੀ ਸਾਫ ਸਫਾਈ ਕਰਨੀ ਚਾਹੀਦੀ ਹੈ, ਜਿਥੇ ਪਾਣੀ ਇਕੱਠਾ ਹੋਣ ਦਾ ਖਦਸ਼ਾ ਹੋਵੇ।ਇਸ ਮੌਕੇ ਤੇ ਡਾਕਟਰ ਹਰਪੁਨੀਤ ਕੌਰ,ਫਾਰਮੇਸੀ ਅਫ਼ਸਰ ਸੰਦੀਪ ਕੌਰ, ਕਲੀਨੀਕਲ ਅਸਿਸਟੈਂਟ ਮਨਪ੍ਰੀਤ ਕੌਰ,ਨਰਸਿੰਗ ਸਿਸਟਰ ਪਰਮਜੀਤ ਕੌਰ, ਐਲ ਐਚ ਵੀ ਜੋਗਿੰਦਰ ਕੌਰ,ਵਿਨੋਦ ਬਾਲਾ,ਆਸ਼ਾ ਵਰਕਰਾਂ ਕਿਰਨਜੀਤ ਕੌਰ,ਬਲਵਿੰਦਰ ਕੌਰ,ਗੁਰਨਾਨਕੀ ਅਤੇ ਲੋਕ ਮੌਜੂਦ ਸਨ।