ਫਗਵਾੜਾ 12 ਅਗਸਤ (ਸ਼ਿਵ ਕੋੜਾ) ਇੰਨਸਾਫ ਦੀ ਆਵਾਜ਼ ਜੱਥੇਬੰਦੀ ਵਲੋਂ ਪਰਲ ਕੰਪਨੀ ਦੇ ਪ੍ਰਬੰਧਕਾਂ ਤੋਂ ਨਿਵੇਸ਼ਕਾਂ ਦਾ ਡੁੱਬਿਆ ਪੈਸਾ ਵਾਪਸ ਕਰਵਾਉਣ ਦੀ ਮੰਗ ਨੂੰ ਲੈ ਕੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੇ ਨਾਮ ਇਕ ਮਹੀਨਾਂ ਪਹਿਲਾਂ ਦਿੱਤੇ ਮੰਗ ਪੱਤਰ ਦਾ ਜਵਾਬ ਜਾਣਨ ਲਈ ਅੱਜ ਐਸ.ਡੀ.ਐਮ. ਸ਼ਾਇਰੀ ਮਲਹੋਤਰਾ ਨੂੰ ਇਕ ਹੋਰ ਰਿਮਾਇੰਡਰ-ਕਮ-ਮੰਗ ਪੱਤਰ ਦਿੱਤਾ ਗਿਆ। ਇੰਨਸਾਫ ਦੀ ਆਵਾਜ਼ ਜੱਥੇਬੰਦੀ ਦੇ ਹਲਕਾ ਵਿਧਾਨਸਭਾ ਫਗਵਾੜਾ ਦੇ ਪ੍ਰਧਾਨ ਡਾ. ਪਰਮਜੀਤ ਸਿੰਘ ਦੁੱਗਾਂ ਨੇ ਦੱਸਿਆ ਕਿ ਪਿਛਲੇ ਮਹੀਨੇ 12 ਜੁਲਾਈ ਨੂੰ ਐਸ.ਡੀ.ਐਮ. ਸ਼ਾਇਰੀ ਮਲਹੋਤਰਾ ਰਾਹੀਂ ਹੀ ਮੁੱਖ ਮੰਤਰੀ ਪੰਜਾਬ ਨੂੰ ਮੰਗ ਪੱਤਰ ਭੇਜਿਆ ਗਿਆ ਸੀ ਅਤੇ ਅੱਜ ਮੈਡਮ ਐਸ.ਡੀ.ਐਮ. ਨਾਲ ਮੁਲਾਕਾਤ ਕੀਤੀ ਤਾਂ ਉਹਨਾਂ ਦੱਸਿਆ ਕਿ ਪਹਿਲਾਂ ਦਿੱਤੇ ਮੰਗ ਪੱਤਰ ਦਾ ਕੋਈ ਜਵਾਬ ਨਹੀਂ ਆਇਆ ਹੈ ਜਿਸ ਤੇ ਉਹਨਾਂ ਇਕ ਵਾਰ ਫਿਰ ਯਾਦ ਪੱਤਰ-ਕਮ-ਮੰਗ ਪੱਤਰ ਦਿੰਦਿਆਂ ਪਰਲ ਕੰਪਨੀ ਦੇ ਨਿਵੇਸ਼ਕਾਂ ਦੇ ਪੈਸੇ ਵਾਪਸ ਕਰਾਉਣ ਦਾ ਕੀਤਾ ਵਾਅਦਾ ਪੂਰਾ ਕਰਨ ਅਤੇ ਬੇਕਸੂਰ ਏਜੰਟਾਂ ਨੂੰ ਨਿਵੇਸ਼ਕਾਂ ਦੀ ਸ਼ਿਕਾਇਤ ‘ਤੇ ਤੰਗ ਪਰੇਸ਼ਾਨ ਨਾ ਕਰਨ ਦੀ ਪੁਲਿਸ ਪ੍ਰਸ਼ਾਸਨ ਨੂੰ ਹਦਾਇਤ ਜਾਰੀ ਕਰਨ ਦੀ ਮੰਗ ਕੀਤੀ ਹੈ। ਉਹਨਾਂ ਕਿਹਾ ਕਿ ਪਰਲ ਕੰਪਨੀ ਨੂੰ ਸਾਲ 2002 ਤੋਂ 2007 ਵਿਚ ਉਸ ਸਮੇਂ ਦੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਵਲੋਂ ਮੋਹਾਲੀ, ਬਨੂੜ ਤੇ ਚੰਡੀਗੜ੍ਹ ਆਦਿ ‘ਚ 582 ਕਰੋੜ ਰੁਪਏ ਦੇ ਮੈਗਾ ਪ੍ਰੋਜੈਕਟ ਦੇ ਕੇ ਸੂਬੇ ‘ਚ ਪ੍ਰਮੋਟ ਕੀਤਾ ਗਿਆ। ਜਿਸ ਨਾਲ ਕੰਪਨੀ ਦਾ ਵਿਸ਼ਵਾਸ ਲੋਕਾਂ ਵਿਚ ਬਣਿਆ ਅਤੇ ਏਜੰਟਾਂ ਨੇ ਵੀ ਸਰਕਾਰਾਂ ਦੇ ਭਰੋਸੇ ਹੀ ਨਿਵੇਸ਼ਕਾਂ ਦੇ ਪੈਸੇ ਕੰਪਨੀ ਵਿਚ ਲਗਵਾ ਕੇ ਰਸੀਦਾਂ ਦੇ ਦਿੱਤੀਆਂ ਸੀ। 1983 ਤੋਂ 2014 ਤਕ ਕੰਪਨੀ ਦਾ ਕੰਮ ਠੀਕ ਠਾਕ ਚਲਦਾ ਰਿਹਾ ਪਰ ਫਿਰ ਜਦੋਂ ਲੋਕਾਂ ਨੂੰ ਪੈਸਾ ਵਾਪਸ ਨਹੀਂ ਮਿਲਿਆ ਤਾਂ 2 ਫਰਵਰੀ 2016 ਨੂੰ ਸੁਪਰੀਮ ਕੋਰਟ ਨੇ ਪਰਲਜ਼ ਕੰਪਨੀ ਦੀ ਜਾਇਦਾਦ ਵੇਚ ਕੇ ਲੋਕਾਂ ਦੇ ਪੈਸੇ ਵਾਪਸ ਕਰਾਉਣ ਦਾ ਹੁਕਮ ਸੁਣਾਇਆ। ਇਸ ਕੰਪਨੀ ਵਿਚ ਪੰਜਾਬ ਦੇ 25 ਲੱਖ ਲੋਕਾਂ ਦੇ ਪੰਦਰਾਂ ਹਜਾਰ ਕਰੋੜ ਰੁਪਏ ਡੁੱਬੇ ਹੋਏ ਹਨ। ਜਿਸਦੇ ਅਸਲ ਜਿੰਮੇਵਾਰ ਕੰਪਨੀ ਦਾ ਮਾਲਕ ਨਿਰਮਲ ਸਿੰਘ ਭੰਗੂ, ਕੈਪਟਨ ਅਮਰਿੰਦਰ ਸਿੰਘ ਅਤੇ ਸਾਬਕਾ ਡਿਪਟੀ ਸੀ.ਐਮ. ਸੁਖਬੀਰ ਬਾਦਲ ਹਨ। ਸਾਲ 2017 ਦੀਆਂ ਵਿਧਾਨਸਭਾ ਚੋਣਾਂ ਸਮੇਂ ਕੈਪਟਨ ਨੇ ਨਿਵੇਸ਼ਕਾਂ ਨਾਲ ਪੈਸੇ ਵਾਪਸ ਕਰਾਉਣ ਦਾ ਵਾਅਦਾ ਕੀਤਾ ਸੀ ਪਰ ਇਹ ਵਾਅਦ ਪੂਰਾ ਨਹੀਂ ਕੀਤਾ ਗਿਆ। ਸੁਪਰੀਮ ਕੋਰਟ ਵਲੋਂ ਕੰਪਨੀ ਦੀ ਜਾਇਦਾਦ ਵੇਚ ਕੇ ਪੈਸੇ ਵਾਪਸ ਕਰਾਉਣ ਦਾ ਵਾਅਦਾ ਵੀ ਪੂਰਾ ਨਹੀਂ ਹੋਇਆ। ਜਿਸ ਕਰਕੇ ਨਿਵੇਸ਼ਕਾਂ ਵਲੋਂ ਕੰਪਨੀ ਦੇ ਏਜੰਟ ਰਹੇ ਸ਼ਰੀਫ ਲੋਕਾਂ ਨੂੰ ਬਿਨਾ ਵਜ੍ਹਾ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ। ਪੁਲਿਸ ਚੌਕੀਆਂ, ਥਾਣਿਆਂ ਅਤੇ ਪੰਚਾਇਤਾਂ ‘ਚ ਵਾਰ-ਵਾਰ ਪੇਸ਼ੀ ਤੋਂ ਤੰਗ ਆ ਕੇ ਕਈ ਏਜੰਟ ਗੁਮਨਾਮ ਥਾਵਾਂ ਤੇ ਰਹਿਣ ਲਈ ਮਜਬੂਰ ਹਨ ਅਤੇ ਕਈ ਬਹੁਤ ਜਿਆਦਾ ਮਾਨਸਿਕ ਪਰੇਸ਼ਾਨੀ ਵਿਚ ਜੀਵਨ ਵਤੀਤ ਕਰ ਰਹੇ ਹਨ। ਕਈ ਤਾਂ ਖੁਦਕੁਸ਼ੀ ਕਰ ਚੁੱਕੇ ਹਨ ਅਤੇ ਕਈ ਆਤਮ ਹੱਤਿਆ ਕਰਨ ਬਾਰੇ ਸੋਚ ਰਹੇ ਹਨ। ਉਹਨਾਂ ਮੰਗ ਕੀਤੀ ਕਿ ਪੰਚਾਇਤਾਂ, ਥਾਣਿਆਂ ਅਤੇ ਪਿੰਡਾਂ ਦੀਆਂ ਪੁਲਿਸ ਚੌਂਕੀਆਂ ਨੂੰ ਹਦਾਇਤ ਕੀਤੀ ਜਾਵੇ ਕਿ ਪਰਲ ਕੰਪਨੀ ਦੇ ਕਿਸੇ ਵੀ ਨਿਵੇਸ਼ਕ ਦੀ ਸ਼ਿਕਾਇਤ ਤੇ ਏਜੰਟਾਂ ਨੂੰ ਤੰਗ ਪਰੇਸ਼ਾਨ ਅਤੇ ਜਲੀਲ ਨਾ ਕੀਤਾ ਜਾਵੇ। ਨਾਲ ਹੀ ਨਿਵੇਸ਼ਕਾਂ ਦੇ ਪੈਸੇ ਵਾਪਸ ਦੁਆਉਣ ਦਾ ਵਾਅਦਾ ਪੂਰਾ ਕੀਤਾ ਜਾਵੇ। ਇਸ ਮੌਕੇ ਯੋਗਰਾਜ ਸਿੰਘ ਰਿਹਾਣਾ ਜੱਟਾਂ, ਲਖਵੀਰ ਦੁੱਗਾ, ਕੁਲਵੀਰ ਸਿੰਘ ਬਿਮਲਾ ਦੇਵੀ ਚੱਕ ਹਕੀਮ, ਪ੍ਰਸਿੰਨ ਕੌਰ, ਨਰੇਸ਼, ਸਾਬੀ, ਸੰਦੀਪ, ਨੀਲਮ, ਕਾਂਤਾ, ਬਲਵੀਰ ਕੌਰ, ਸੰਤੋਸ਼, ਓਮ ਪ੍ਰਕਾਸ਼, ਡਾ.ਕੁਲਵਿੰਦਰ, ਵਿਪਨ ਕੁਮਾਰ, ਨੀਨਾ, ਸੁਖਦੇਵ ਕੌਰ ਆਦਿ ਹਾਜਰ ਸਨ।
Disclaimer : यह खबर उदयदर्पण न्यूज़ को सोशल मीडिया के माध्यम से प्राप्त हुई है। उदयदर्पण न्यूज़ इस खबर की आधिकारिक तौर पर पुष्टि नहीं करता है। यदि इस खबर से किसी व्यक्ति अथवा वर्ग को आपत्ति है, तो वह हमें संपर्क कर सकते हैं।