
ਜਲੰਧਰ, 28 ਜੁਲਾਈ
ਪੰਜਾਬ ਦੇ ਬਾਗਬਾਨੀ ਅਤੇ ਰੱਖਿਆ ਸੇਵਾਵਾਂ ਭਲਾਈ ਮੰਤਰੀ ਮੋਹਿੰਦਰ ਭਗਤ ਵਲੋਂ ਸ਼ਹੀਦ ਬਾਬੂ ਲਾਭ ਸਿੰਘ ਸਿਵਲ ਹਸਪਤਾਲ ਦੇ ਟਰਾਮਾ ਵਾਰਡ ਦਾ ਦੌਰਾ ਕਰਕੇ ਇਥੇ ਦਾਖ਼ਲ ਮਰੀਜ਼ਾਂ ਦਾ ਹਾਲ-ਚਾਲ ਪੁੱਛਿਆ ਅਤੇ ਐਤਵਾਰ ਦੀ ਸ਼ਾਮ ਨੂੰ ਆਈ.ਸੀ.ਯੂ. ਦੇ ਤਿੰਨ ਮਰੀਜ਼ਾਂ ਦੀਆਂ ਹੋਈਆਂ ਮੰਦਭਾਗੀ ਮੌਤਾਂ ਬਾਰੇ ਸਥਿਤੀ ਦਾ ਜਾਇਜ਼ਾ ਲਿਆ।
ਦੌਰੇ ਦੌਰਾਨ ਕੈਬਨਿਟ ਮੰਤਰੀ ਵਲੋਂ ਹਸਪਤਾਲ ਦੇ ਸਿਹਤ ਅਧਿਕਾਰੀਆਂ ਨਾਲ ਇਸ ਦੁਰਘਟਨਾ ਸਬੰਧੀ ਵਿਸਥਾਰ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ। ਉਨ੍ਹਾਂ ਭਵਿੱਖ ਵਿੱਚ ਅਜਿਹੀਆਂ ਦੁਖਦਾਈ ਘਟਨਾਵਾਂ ਨੂੰ ਰੋਕਣ ਲਈ ਤੁਰੰਤ ਸੰਜੀਦਾ ਕਦਮ ਉਠਾਉਣ ਦੀਆਂ ਹਦਾਇਤ ਕੀਤੀਆਂ।
ਸ੍ਰੀ ਭਗਤ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਹਸਪਤਾਲ ਵਿੱਚ ਹੋਈਆਂ ਮੌਤਾਂ ਪ੍ਰਤੀ ਬਹੁਤ ਫਿਕਰਮੰਦ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਸਿਹਤ ਮੰਤਰੀ ਡਾ.ਬਲਬੀਰ ਸਿੰਘ ਵਲੋਂ ਨਿੱਜੀ ਤੌਰ ’ਤੇ ਹਸਪਤਾਲ ਦਾ ਦੌਰਾ ਕਰਕੇ ਐਤਵਾਰ ਦੀ ਦੇਰ ਰਾਤ ਨੂੰ ਇਸ ਘਟਨਾਂ ਦੇ ਕਾਰਨਾਂ ਦਾ ਬਾਰੀਕੀ ਨਾਲ ਪਤਾ ਲਗਾਉਣ ਲਈ ਜਾਂਚ ਦੇ ਆਦੇਸ਼ ਪਹਿਲਾਂ ਹੀ ਜਾਰੀ ਕੀਤੇ ਜਾ ਚੁੱਕੇ ਹਨ। ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਦੇ ਉੱਚ ਅਧਿਕਾਰੀਆਂ ਵਲੋਂ ਸਿਵਲ ਹਸਪਤਾਲ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਨਿਰਧਾਰਿਤ ਸਮੇਂ ਅੰਦਰ ਪੰਜਾਬ ਸਰਕਾਰ ਨੂੰ ਰਿਪੋਰਟ ਸੌਂਪ ਦਿੱਤੀ ਜਾਵੇਗੀ।
ਇਸ ਨੂੰ ਸਰਕਾਰੀ ਹਸਪਤਾਲ ਦੀ ਪਹਿਲੀ ਘਟਨਾ ਦਸਦਿਆਂ ਕੈਬਨਿਟ ਮੰਤਰੀ ਨੇ ਜ਼ੋਰ ਦਿੱਤਾ ਕਿ ਸੁਰੱਖਿਆ ਮਾਪਦੰਡਾਂ ਨੂੰ ਹੋਰ ਮਜ਼ਬੂਤ ਕੀਤਾ ਜਾਵੇ ਤਾਂ ਜੋ ਭਵਿੱਖ ਵਿੱਚ ਅਜਿਹੀ ਕੋਈ ਘਟਨਾ ਨਾ ਵਾਪਰ ਸਕੇ। ਘਟਨਾਂ ’ਤੇ ਡੂੰਘਾ ਦੁੱਖ ਪ੍ਰਗਟਾਉਂਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਇਸ ਦੁੱਖ ਦੀ ਘੜੀ ਵਿੱਚ ਦੁੱਖੀ ਪਰਿਵਾਰਾਂ ਨਾਲ ਖੜ੍ਹੀ ਹੈ ਅਤੇ ਭਰੋਸਾ ਦੁਆਇਆ ਕਿ ਜਾਂਚ ਤੋਂ ਬਾਅਦ ਜਵਾਬਦੇਹੀ ਤੈਅ ਕਰਨ ਤੋਂ ਇਲਾਵਾ ਹੋਰ ਸੁਧਾਰ ਲਈ ਉਠਾਏ ਜਾਣ ਵਾਲੇ ਉਪਾਵਾਂ ਨੂੰ ਅਮਲ ਵਿੱਚ ਲਿਆਂਦਾ ਜਾਵੇਗਾ।
———————