
ਜਲੰਧਰ ਮਾਰਚ- ਮੱਧ ਪ੍ਰਦੇਸ਼ ਦੇ ਰਤਲਾਮ ਵਿਖੇ ਬੀਤੇ ਕੱਲ੍ਹ ਲੋਕ ਸੇਵਾ ਕਮਿਸ਼ਨ ਵੱਲੋਂ ਲਈ ਗਈ ਪ੍ਰੀਖਿਆ ਦੌਰਾਨ ਅੰਮ੍ਰਿਤਧਾਰੀ ਸਿੱਖ ਪ੍ਰੀਖਿਆਰਥੀ ਬੱਚੀ ਦੀ ਦਸਤਾਰ ਅਤੇ ਕਿਰਪਾਨ ਲੁਹਾਉਣ ਦੇ ਮਾਮਲੇ ’ਤੇ ਸੀਨੀਅਰ ਅਕਾਲੀ ਆਗੂ ਸੁਖਮਿੰਦਰ ਸਿੰਘ ਰਾਜਪਾਲ ਨੇ ਸਖ਼ਤ ਇਤਰਾਜ਼ ਜਤਾਇਆ ਹੈ। ਰਾਜਪਾਲ ਨੇ ਕਿਹਾ ਕਿ ਸਿੱਖ ਧਰਮ ਦੇ ਸਿਧਾਂਤਾਂ ਅਤੇ ਰਵਾਇਤਾਂ ਤੋਂ ਸਾਰੇ ਦੇਸ਼ ਦੇ ਲੋਕ ਚੰਗੀ ਤਰ੍ਹਾਂ ਜਾਣੂ ਹਨ ਅਤੇ ਸਿੱਖ ਕਕਾਰਾਂ ਤੋਂ ਵੀ ਲੋਕਾਂ ਨੂੰ ਕਿਸੇ ਕਿਸਮ ਦੀ ਅਗਿਆਨਤਾ ਨਹੀਂ ਹੈ। ਪ੍ਰੰਤੂ ਇਸ ਦੇ ਬਾਵਜੂਦ ਵੀ ਕਕਾਰਾਂ ’ਤੇ ਸਵਾਲ ਚੁੱਕਣੇ ਦੁਖਦਾਈ ਹਨ। ਬਾਰ-ਬਾਰ ਸਿੱਖ ਬੱਚਿਆਂ ਨੂੰ ਪ੍ਰੀਖਿਆਵਾਂ ਵਿਚ ਕਕਾਰ ਪਹਿਨਣ ਤੋਂ ਰੋਕਣਾ ਦੇਸ਼ ਦੇ ਸੰਵਿਧਾਨ ਦੀ ਉਲੰਘਣਾ ਹੈ ਅਤੇ ਸਿੱਖਾਂ ਨੂੰ ਆਪਣੇ ਹੀ ਦੇਸ਼ ਅੰਦਰ ਬੇਗਾਨਗੀ ਅਤੇ ਗੁਲਾਮੀ ਦਾ ਅਹਿਸਾਸ ਕਰਾਉਣ ਵਾਂਗ ਹੈ। ਇਸ ਦੇ ਨਾਲ ਹੀ ਉਨ੍ਹਾਂ ਇਹ ਵੀ ਕਿਹਾ ਕਿ ਭਾਵੇਂ ਕਿ ਪ੍ਰੀਖਿਆ ਸਟਾਫ਼ ਵੱਲੋਂ ਮੁਆਫ਼ੀ ਮੰਗ ਲਈ ਗਈ ਹੈ, ਪ੍ਰੰਤੂ ਅਜਿਹਾ ਵਾਪਰਨ ਨਾਲ ਸਿੱਖ ਭਾਵਨਾਵਾਂ ਨੂੰ ਠੇਸ ਪੁੱਜੀ ਹੈ।
ਰਾਜਪਾਲ ਨੇ ਮੰਗ ਕੀਤੀ ਕਿ ਕੇਂਦਰ ਸਰਕਾਰ ਹਰ ਸੂਬੇ ਦੀ ਸਰਕਾਰ ਨੂੰ ਸਿੱਖਾਂ ਦੇ ਕਕਾਰਾਂ ਅਤੇ ਧਾਰਮਿਕ ਚਿੰਨ੍ਹਾਂ ਬਾਰੇ ਇਹ ਆਦੇਸ਼ ਜਾਰੀ ਕਰੇ ਕਿ ਕਿਸੇ ਵੀ ਪ੍ਰੀਖਿਆ ਦੌਰਾਨ ਸਿੱਖ ਕਕਾਰਾਂ ਦਾ ਸਨਮਾਨ ਬਹਾਲ ਰੱਖਿਆ ਜਾਵੇ ਅਤੇ ਜੇ ਕੋਈ ਇਸ ਦੀ ਉਲੰਘਣਾ ਕਰੇ ਤਾਂ ਸਖ਼ਤ ਕਾਰਵਾਈ ਅਮਲ ਵਿਚ ਲਿਆਂਦੀ ਜਾਵੇ|