
ਫਗਵਾੜਾ 27 ਮਈ (ਸ਼ਿਵ ਕੋੜਾ) ਭਾਰਤੀ ਯੋਗ ਸੰਸਥਾਨ ਵਲੋਂ ਫਗਵਾੜਾ ਵਿਖੇ ਯੋਗ ਯਾਤਰਾ-ਸਤਰੰਗੀ ਪੀਂਘ (ਯੋਗਵਾਕ – ਰੇਨਵੋ) ਦਾ ਆਯੋਜਿਨ ਵੱਡੇ ਪੱਧਰ ‘ਤੇ ਕੀਤਾ ਗਿਆ, ਜਿਸ ਵਿੱਚ 200 ਤੋਂ ਵੱਧ ਯੋਗ ਕਰਮੀਆਂ ਨੇ ਹਿੱਸਾ ਲਿਆ। ਇਹਨਾ ਯੋਗ ਕਰਮੀਆਂ ਨੇ ਚਾਰ ਕਿਲੋਮੀਟਰ ਦੀ ਦੂਰੀ ਫਗਵਾੜਾ ਸ਼ਹਿਰ ਦੇ ਵੱਖੋ-ਵੱਖਰੇ ਬਜ਼ਾਰਾਂ, ਇਲਾਕਿਆਂ ਵਿੱਚ ਤੁਰਦਿਆਂ ਤੈਅ ਕੀਤੀ ਅਤੇ ਯੋਗ ਦਾ ਸੰਦੇਸ਼ ਜੋ ਕਿ ਸਰੀਰ ਅਤੇ ਮਨ ਨੂੰ ਤੰਦਰੁਸਤ ਕਰਦਾ ਹੈ, ਲੋਕਾਂ ਤੱਕ ਪਹੁੰਚਾਇਆ। ਸਵੇਰੇ ਸੁਵੱਖਤੇ ਕਮਲਾ ਨਹਿਰੂ ਸਕੂਲ, ਹਰਿਗੋਬਿੰਦ ਨਗਰ ਤੋਂ ਤੁਰਦਿਆਂ ਇਹ ਯਾਤਰਾ ਮਾਡਲ ਟਾਊਨ, ਜੀ.ਟੀ. ਰੋਡ., ਜੋਸ਼ੀਆ ਮੁਹੱਲਾ, ਸੈਂਟਰਲ ਟਾਊਨ, ਵਰਮਾਨੀ ਪਾਰਕ ਆਦਿ ਥਾਵਾਂ ‘ਤੇ ਬਹੁਤ ਹੀ ਉਤਸ਼ਾਹ ਨਾਲ ਪਹੁੰਚੀ, ਜਿਥੇ ਲੋਕਾਂ ਨੇ ਇਸ ਦਾ ਭਰਵਾਂ ਸਵਾਗਤ ਕੀਤਾ ਅਤੇ ਸੰਕਲਪ ਲਿਆ ਕਿ ਉਹ ਵੀ ਇਸ ਭਾਰਤੀ ਯੋਗ ਸੰਸਥਾਨ ਦੇ ਨਿਸ਼ੁਲਕ ਸ਼ਿਵਰਾਂ ‘ਚ ਸ਼ਾਮਲ ਹੋਣਗੇ। ਯਾਦ ਰਹੇ ਫਗਵਾੜਾ ਸ਼ਹਿਰ ਵਿੱਚ ਵੀ ਵੱਖੋ-ਵੱਖਰੀਆਂ ਥਾਵਾਂ ‘ਤੇ ਔਰਤਾਂ, ਮਰਦਾਂ ਦੇ ਇਹ ਸ਼ਿਵਰ ਲਗਾਏ ਜਾ ਰਹੇ ਹਨ।ਇਸ ਪ੍ਰੋਗਰਾਮ ਦੀ ਸਫ਼ਲਤਾ ਲਈ ਮੁੱਖ ਤੌਰ ‘ਤੇ ਕੰਮ ਕਰਨ ਵਾਲੇ ਅਨਿਲ ਕੌਛੜ ਨੇ ਕਿਹਾ ਕਿ ਜੀਵਨ ਵਿੱਚ ਸਿਹਤਮੰਦ ਰਹਿਣ ਲਈ ਯੋਗ ਕਰਨਾ ਅਤਿ ਜ਼ਰੂਰੀ ਹੈ ਅਤੇ ਉਹਨਾ ਦੀ ਸੰਸਥਾ ਵਲੋਂ ਭਰਪੂਰ ਯਤਨ ਹੋ ਰਿਹਾ ਹੈ ਕਿ ਵੱਧ ਤੋਂ ਵੱਧ ਲੋਕਾਂ ਨੂੰ ਯੋਗ ਨਾਲ ਜੋੜਿਆ ਜਾਵੇ ਤਾਂ ਕਿ ਲੋਕ ਬਿਮਾਰੀਆਂ ਤੋਂ ਬਚ ਸਕਣ ਅਤੇ ਛੁਟਕਾਰਾ ਪਾ ਸਕਣ।ਇਸ ਪ੍ਰੋਗਰਾਮ ਦੀ ਸਫ਼ਲਤਾ ਲਈ ਖ਼ਾਸ ਤੌਰ ‘ਤੇ ਅਨਿਲ ਕੌਛੜ, ਧੀਰਜ ਵੈਦ, ਸੰਦੀਪ ਗਰਗ, ਸੰਦੀਪ ਮਲਹੋਤਰਾ, ਯਗਦੱਤ ਪ੍ਰਭਾਕਰ, ਦਵਿੰਦਰ ਸਿੰਘ, ਪਰਵਿੰਦਰ ਸਿੰਘ, ਨੀਲਮ ਚੌਪੜਾ, ਅਰਚਨਾ ਬੱਤਰਾ, ਸਵਿਤਾ ਪ੍ਰਾਸ਼ਰ ਅਤੇ ਕੇਂਦਰਾਂ ਦੇ ਮੁੱਖੀਆਂ ਤੇ ਉਹਨਾਂ ਦੀ ਟੀਮ ਨੇ ਵਿਸ਼ੇਸ਼ ਉਪਰਾਲੇ ਕੀਤੇ। ਅਨਿਲ ਕੌਛੜ ਨੇ ਜਾਣਕਾਰੀ ਦਿੰਦਿਆਂ ਅਤੇ ਲੋਕਾਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਸ਼ੂਗਰ ਰੋਗ ਤੋਂ ਛੁਟਕਾਰਾ ਪਾਉਣ ਲਈ 5 ਜੂਨ 2024 ਤੋਂ 9 ਜੂਨ 2024 ਤੱਕ ਪੰਜ ਰੋਜਾ ਕੈਂਪ ਵਿੱਚ ਸਵੇਰੇ 5:30 ਤੋਂ ਸਵੇਰੇ 7 ਵਜੇ ਤੱਕ ਸ਼ਹਿਰੀ ਸ਼ਾਮਲ ਹੋਣ ਅਤੇ ਇਸਦਾ ਫਾਇਦਾ ਲੈ ਸਕਣ। ਉਹਨਾ ਇਹ ਵੀ ਕਿਹਾ ਕਿ ਯੋਗ, ਨਿਰੋਗੀ ਜੀਵਨ ਦੀ ਕੁੰਜੀ ਹੈ।