
ਉੱਤਰੀ ਭਾਰਤ ਦੀ ਉੱਘੀ ਵਿਦਿਅਕ ਸੰਸਥਾ ਲਾਇਲਪੁਰ ਖ਼ਾਲਸਾ ਕਾਲਜ ਜਲੰਧਰ ਵਿਖੇ ਡਾ. ਸੁਮਨ ਚੋਪੜਾ, ਡੀਨ ਅਕਾਦਮਿਕ ਕੌਂਸਲ ਤੇ ਮੁਖੀ ਹਿਸਟਰੀ ਵਿਭਾਗ ਨੇ ਪ੍ਰਿੰਸੀਪਲ ਡਾ. ਜਸਪਾਲ ਸਿੰਘ ਦੀ ਸੇਵਾ ਮੁਕਤੀ ਉਪਰੰਤ ਕਾਰਜਕਾਰੀ ਪ੍ਰਿੰਸੀਪਲ ਦਾ ਅਹੁਦਾ ਸੰਭਾਲਿਆ। ਸਿੱਖਿਆ ਦੇ ਖੇਤਰ ਵਿਚ ਅਤੇ ਖਾਸ ਤੌਰ ਤੇ ਉੱਤਰੀ ਭਾਰਤ ਦੀਆਂ ਵਿਦਿਅਕ ਸੰਸਥਾਵਾਂ ਵਿਚ ਡਾ. ਸੁਮਨ ਚੋਪੜਾ ਦਾ ਇਕ ਜਾਣਿਆ ਪਹਿਚਾਣਿਆ ਨਾਂ ਹੈ। ਉਨ੍ਹਾਂ ਨੇ ਅਧਿਆਪਨ ਦੇ ਨਾਲ-ਨਾਲ ਹੋਰ ਵੀ ਮਹੱਤਵਪੂਰਨ ਐਡਮਨਿਸਟਰੇਸ਼ਨ ਅਹੁਦਿਆਂ ਉਪਰ ਆਪਣੀ ਜ਼ਿੰਮੇਵਾਰੀਆਂ ਨਿਭਾਈਆਂ ਹਨ। ਸਰਦਾਰਨੀ ਬਲਬੀਰ ਕੌਰ ਪ੍ਰਧਾਨ ਗਵਰਨਿੰਗ ਕੌਂਸਲ ਅਤੇ ਸੰਯੁਕਤ ਸਕੱਤਰ ਸ. ਜਸਪਾਲ ਸਿੰਘ ਵੜੈਚ ਵਲੋਂ ਵਿਸ਼ੇਸ਼ ਤੌਰ ’ਤੇ ਡਾ. ਸੁਮਨ ਚੋਪੜਾ ਨੂੰ ਪ੍ਰਿੰਸੀਪਲ ਬਣਨ ਤੇ ਵਧਾਈ ਦਿੱਤੀ। ਇਸ ਮੌਕੇ ਡਾ. ਸੁਮਨ ਚੋਪੜਾ ਨੇ ਸਰਦਾਰਨੀ ਬਲਬੀਰ ਕੌਰ, ਪ੍ਰਧਾਨ ਗਵਰਨਿੰਗ ਕੌਂਸਲ ਦਾ ਉਨ੍ਹਾਂ ਉਪਰ ਵਿਸ਼ਵਾਸ ਯਤਾਉਣ ਲਈ ਧੰਨਵਾਦ ਕੀਤਾ ਅਤੇ ਕਿਹਾ ਕਿ ਸਾਡੀ ਸੰਸਥਾ ਉੱਤਰੀ ਭਾਰਤ ਦੀ ਵੱਡੀ ਸੰਸਥਾ ਹੈ, ਤੇ ਇਸ ਦੀ ਸ਼ਾਨ ਨੂੰ ਬਰਕਰਾਰ ਰੱਖਣਾ ਸਾਡਾ ਮੁਢਲਾ ਫ਼ਰਜ਼ ਹੈ। ਉਨ੍ਹਾਂ ਕਿਹਾ ਕਿ ਉਹ ਸਮੂਹ ਸਟਾਫ ਤੇ ਵਿਦਿਆਰਥੀਆਂ ਦੇ ਸਹਿਯੋਗ ਨਾਲ ਕਾਲਜ ਦੇ ਸਰਵਪੱਖੀ ਵਿਕਾਸ ਲਈ ਦਿਨ-ਰਾਤ ਕੰਮ ਕਰਨ ਦੀ ਪ੍ਰਤੀਬੱਧਤਾ ਪ੍ਰਗਟ ਕਰਦੇ ਹਨ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਦੇ ਸੁਨਹਿਰੇ ਭਵਿੱਖ ਲਈ ਰਵਾਇਤੀ ਕੋਰਸਾਂ ਦੇ ਨਾਲ-ਨਾਲ ਨਵੇਂ ਕੋਰਸ ਵੀ ਲਿਆਂਦੇ ਜਾਣਗੇ ਅਤੇ ਵਿਦਿਆਰਥੀਆਂ ਨੂੰ ਸਮੇਂ ਦੀਆਂ ਜ਼ਰੂਰਤਾਂ ਅਨੁਸਾਰ ਵਿਦਿਆ ਮੁਹੱਈਆ ਕਰਵਾਈ ਜਾਵੇਗੀ। ਇਸ ਮੌਕੇ ਵੱਖ-ਵੱਖ ਵਿਭਾਗਾਂ ਦੇ ਸਮੂਹ ਮੁੱਖੀ ਸਾਹਿਬਾਨ, ਸਮੂਹ ਟੀਚਿੰਗ ਅਤੇ ਨਾਨ-ਟੀਚਿੰਗ ਸਟਾਫ ਨੇ ਡਾ. ਸੁਮਨ ਚੋਪੜਾ ਨੂੰ ਕਾਰਜਕਾਰੀ ਪ੍ਰਿੰਸੀਪਲ ਬਣਨ ’ਤੇ ਵਧਾਈਆਂ ਦਿੱਤੀਆਂ।