
ਲਾਇਲਪੁਰ ਖ਼ਾਲਸਾ ਕਾਲਜ, ਜਲੰਧਰ ਵਿਖੇ ਨਵੇਂ ਵਿੱਦਿਅਕ ਸੈਸ਼ਨ 2025-26 ਦਾ ਸ਼ੁੱਭ ਆਰੰਭ ਗੁਰਦੁਆਰਾ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜੂਰੀ ਵਿੱਚ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਰਾਹੀਂ ਪਰਮਾਤਮਾ ਦੇ ਓਟ ਆਸਰੇ ਨਾਲ ਆਰੰਭ ਹੋਇਆ। ਇਸ ਮੌਕੇ ਕਾਲਜ ਦੀ ਗਵਰਨਿੰਗ ਕੌਂਸਲ ਦੇ ਪ੍ਰਧਾਨ ਸਰਦਾਰਨੀ ਬਲਬੀਰ ਕੌਰ, ਵਾਈਸ-ਪ੍ਰਧਾਨ ਸ. ਦੀਪਇੰਦਰ ਸਿੰਘ ਪੁਰੇਵਾਲ, ਪ੍ਰਿੰਸੀਪਲ ਡਾ. ਸੁਮਨ ਚੋਪੜਾ, ਸਮੂਹ ਸਟਾਫ਼ ਅਤੇ ਵਿਦਿਆਰਥੀਆਂ ਨੇ ਗੁਰਦੁਆਰਾ ਸਾਹਿਬ ਵਿਖੇ ਸ਼ਿਰਕਤ ਕੀਤੀ। ਪ੍ਰਸਿੱਧ ਰਾਗੀ ਭਾਈ ਭੁਪਿੰਦਰ ਸਿੰਘ ਜੀ, ਰਾਮਾ ਮੰਡੀ ਜਲੰਧਰ ਵਾਲੇ ਅਤੇ ਉਹਨਾਂ ਦੇ ਰਾਗੀ ਜੱਥੇ ਨੇ ਗੁਰਬਾਣੀ ਦੇ ਸ਼ਬਦਾਂ ਨੂੰ ਆਪਣੀ ਰਸਭਿੰਨੀ ਆਵਾਜ਼ ਨਾਲ ਗਾਇਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ। ਪ੍ਰਿੰਸੀਪਲ ਡਾ. ਸੁਮਨ ਚੋਪੜਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਲਾਇਲਪੁਰ ਖ਼ਾਲਸਾ ਕਾਲਜ ਦੀ ਇਹ ਪਰੰਪਰਾ ਰਹੀ ਹੈ ਕਿ ਇਥੇ ਹਰ ਕੰਮ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਓਟ ਆਸਰਾ ਲੈ ਕੇ ਆਰੰਭ ਕੀਤਾ ਜਾਂਦਾ ਹੈ। ਉਹਨਾਂ ਕਿਹਾ ਕਿ ਪਿਛਲੇ ਸਾਲਾਂ ਵਿੱਚ ਕਾਲਜ ਦੇ ਵਿਦਿਆਰਥੀਆਂ ਨੇ ਵਿੱਦਿਆ, ਖੇਡਾਂ, ਖੋਜ ਅਤੇ ਕਲਚਰਲ ਖੇਤਰ ਵਿੱਚ ਉੱਚ ਪ੍ਰਾਪਤੀਆਂ ਕੀਤੀਆ ਹਨ। ਪਰਮਾਤਮਾ ਦੇ ਓਟ ਆਸਰੇ ਸਦਕਾ ਅਸੀਂ ਇਸ ਸਾਲ ਵੀ ਹਰ ਖੇਤਰ ਵਿੱਚ ਉੱਚ ਪ੍ਰਾਪਤੀਆਂ ਕਰਦਿਆਂ ਕਾਲਜ ਦੀ ਰਾਸ਼ਟਰੀ ਅਤੇ ਅੰਤਰ-ਰਾਸ਼ਟਰੀ ਪੱਧਰ ’ਤੇ ਬਣੀ ਪਹਿਚਣ ਨੂੰ ਹੋਰ ਵੀ ਨਿਖਾਰਾਂਗੇ। ਉਹਨਾਂ ਵਿਦਿਆਰਥੀਆਂ ਨੂੰ ਪ੍ਰੇਰਦੇ ਹੋਏ ਕਿਹਾ ਕਿ ਉਹਨਾਂ ਨੂੰ ਪੜ੍ਹਾਈ, ਖੇਡਾਂ, ਖੋਜ ਅਤੇ ਕਲਚਰਲ ਖੇਤਰ ਵਿੱਚ ਮਿਹਨਤ ਕਰਕੇ ਆਪਣਾ, ਆਪਣੇ ਮਾਪਿਆਂ ਦਾ ਅਤੇ ਕਾਲਜ ਦਾ ਨਾਂ ਰੌਸ਼ਨ ਕਰਨ। ਉਹਨਾਂ ਕਿਹਾ ਕਿ ਅਧਿਆਪਕਾਂ ਅਤੇ ਵਿਦਿਆਰਥੀਆਂ ਦੀ ਮਿਹਨਤ ਤੇ ਲਗਨ ਸਦਕਾ ਹੀ ਇਹ ਕਾਲਜ ਉੱਤਰੀ ਭਾਰਤ ਦੀ ਸਿਰਮੌਰ ਵਿੱਦਿਅਕ ਸੰਸਥਾ ਵਜੋਂ ਜਾਣਿਆ ਜਾਂਦਾ ਹੈ। ਇਸ ਮੌਕੇ ਸਟੇਜ ਦੀ ਕਾਰਵਾਈ ਡਾ. ਹਰਜਿੰਦਰ ਸਿੰਘ ਸੇਖੋਂ ਨੇ ਬਾਖੂਬੀ ਨਿਭਾਈ। ਇਸ ਮੌਕੇ ਗਵਰਨਿੰਗ ਕੌਂਸਲ, ਪ੍ਰਿੰਸੀਪਲ, ਸਮੂਹ ਸਟਾਫ ਅਤੇ ਵੱਡੀ ਗਿਣਤੀ ਵਿਚ ਵਿਦਿਆਰਥੀ ਹਾਜ਼ਰੀ ਭਰਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ।