
ਲਾਇਲਪੁਰ ਖ਼ਾਲਸਾ ਕਾਲਜ ਦੇ ਐੱਨ.ਸੀ.ਸੀ. ਕੈਡਿਟ ਜਗਦੀਪ ਸਿੰਘ ਦਾ ਰਾਸ਼ਟਰੀ ਥਲ ਸੈਨਾ ਕੈਂਪ, ਨਵੀਂ ਦਿੱਲੀ ਵਿਖੇ ਲਗਾਉਣ ਉਪਰੰਤ ਕਾਲਜ ਪਹੁੰਚਣ ’ਤੇ ਆਉਣ ਤੇ ਪ੍ਰਿੰਸੀਪਲ ਡਾ. ਜਸਪਾਲ ਸਿੰਘ ਨੇ ਵਿਸ਼ੇਸ਼ ਰੂਪ ਵਿਚ ਸਨਮਾਨ ਕੀਤਾ। ਪ੍ਰੈਸ ਨੂੰ ਜਾਰੀ ਆਪਣੇ ਬਿਆਨ ਵਿੱਚ ਉਨ੍ਹਾਂ ਕਿਹਾ ਕਿ ਰਾਸ਼ਟਰੀ ਥਲ ਸੈਨਾ ਕੈਂਪ, ਐੱਨ.ਸੀ.ਸੀ. ਦਾ ਵੱਕਾਰੀ ਕੈਂਪ ਹੁੰਦਾ ਹੈ ਜਿਸ ਵਿੱਚ ਜਗਦੀਪ ਸਿੰਘ ਨੇ ਕਾਲਜ ਦੀ ਨੁਮਾਇੰਦਗੀ ਕੀਤੀ ਹੈ। ਰਾਸ਼ਟਰੀ ਕੈਂਪ ਦੌਰਾਨ ਕੈਡਿਟ ਨੇ ਨਾ ਸਿਰਫ਼ ਮੁਕਾਬਲਿਆਂ ਵਿੱਚ ਆਪਣੀ ਸਰੀਰਕ ਸ਼ਕਤੀ ਦਾ ਪ੍ਰਦਰਸ਼ਨ ਕੀਤਾ ਸਗੋਂ ਟੀਮ ਭਾਵਨਾ ਦੇ ਨਾਲ ਵੱਖ-ਵੱਖ ਮੁਕਾਬਲਿਆਂ ਅਤੇ ਸਿਖਲਾਈ ਅਭਿਆਸਾਂ ਵਿੱਚ ਵੀ ਭਾਗ ਲਿਆ। ਜਗਦੀਪ ਸਿੰਘ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼ ਅਤੇ ਚੰਡੀਗੜ੍ਹ ਡਾਇਰੈਕਟੋਰੇਟ ਟੀਮ ਦਾ ਹਿੱਸਾ ਸੀ ਜਿਸਨੇ ਪੂਰੇ ਭਾਰਤ ਦੇ 17 ਐੱਨ.ਸੀ.ਸੀ. ਡਾਇਰੈਕਟੋਰੇਟਾਂ ਵਿੱਚੋਂ ਪਹਿਲਾ ਸਥਾਨ ਹਾਸਲ ਕੀਤਾ ਹੈ। ਪ੍ਰਿੰਸੀਪਲ ਡਾ. ਜਸਪਾਲ ਸਿੰਘ ਨੇ ਅੱਗੇ ਕਿਹਾ ਕਿ ਇਹ ਕਾਲਜ ਦੇ ਲਈ ਬਹੁਤ ਹੀ ਮਾਣ ਦੀ ਗੱਲ ਹੈ ਕਿ ਜਗਦੀਪ ਨੇ ਇਹ ਪ੍ਰਾਪਤੀ ਹਾਸਿਲ ਕੀਤੀ ਹੈ। ਕਾਲਜ ਨੂੰ ਉਸਦੀ ਪ੍ਰਾਪਤੀ ਤੇ ਮਾਣ ਹੈ। ਐੱਨ.ਸੀ.ਸੀ. ਕੈਡਿਟ ਦੀ ਸਫ਼ਲਤਾ ਉਸ ਵਚਨਬੱਧਤਾ ਅਤੇ ਸੇਵਾ ਭਾਵਨਾ ਦੀਆਂ ਉਨ੍ਹਾਂ ਮੂਲ ਕਦਰਾਂ ਕੀਮਤਾਂ ਨੂੰ ਦਰਸਾਉਂਦੀ ਹੈ ਜੋ ਅਸੀਂ ਆਪਣੇ ਵਿਦਿਆਰਥੀਆਂ ਵਿੱਚ ਪੈਦਾ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਕਾਲਜ ਦੇ ਪ੍ਰਿੰਸੀਪਲ ਅਤੇ ਐੱਨ.ਸੀ.ਸੀ. ਇੰਚਾਰਜ ਡਾ. ਕਰਨਬੀਰ ਸਿੰਘ ਨੇ ਯਾਦਗਾਰੀ ਚਿੰਨ੍ਹ ਦੇ ਕੇ ਕੈਡਿਟ ਜਗਦੀਪ ਸਿੰਘ ਦਾ ਹੌਂਸਲਾ ਵਧਾਇਆ।