
ਲਾਇਲਪੁਰ ਖ਼ਾਲਸਾ ਕਾਲਜ ਜਲੰਧਰ ਆਪਣੇ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਨਿਰੰਤਰ ਤਤਪਰ ਰਹਿੰਦਾ ਹੈ। ਇਸੇ ਸਦਕਾ ਇਥੋਂ ਦੇ ਵਿਦਿਆਰਥੀ ਜਿੱਥੇ ਵੱਖ-ਵੱਖ ਖੇਤਰਾਂ ਵਿਚ ਆਪਣਾ ਯੋਗਦਾਨ ਪਾ ਕੇ ਸਮਾਜ ਦੀ ਸੇਵਾ ਕਰ ਰਹੇ ਹਨ, ਉੱਥੇ ਉਹ ਦੇਸ਼ਾ ਵਿਦੇਸ਼ਾਂ ਵਿਚ ਵੀ ਵੱਖ-ਵੱਖ ਅਹੁਦਿਆਂ ’ਤੇ ਸੇਵਾਵਾਂ ਦੇ ਰਹੇ ਹਨ। ਅਜਿਹੀਆਂ ਪ੍ਰਾਪਤੀਆਂ ਕਰਕੇ ਉਹ ਜਦੋਂ ਕਾਲਜ ਵਿਖੇ ਫੇਰੀ ਪਾਉਣ ਆਉਂਦੇ ਹਨ ਤਾਂ ਕਾਲਜ ਨੂੰ ਵੀ ਆਪਣੀਆਂ ਪ੍ਰਾਪਤੀਆਂ ’ਤੇ ਮਾਣ ਹੁੰਦਾ ਹੈ। ਅਜਿਹਾ ਹੀ ਮਾਣ ਕਾਲਜ ਨੂੰ ਆਪਣੇ ਪੁਰਾਣੇ ਵਿਦਿਆਰਥੀ ਗੁਰਸ਼ਰਨ ਸਿੰਘ ਬੁੱਟਰ ’ਤੇ ਹੁੰਦਾ ਹੈ, ਜੋ ਕਿ ਐਡਮਿਨਟਨ ਕਨੇਡਾ ਵਿਖੇ ਮਾਈ ਰੇਡੀਓ 580, ਵਿਚ ਬਤੌਰ ਜਨਰਲ ਮੈਨੇਜਰ ਕਾਰਜ ਕਰ ਰਹੇ ਹਨ। ਸ. ਬੁੱਟਰ ਦੇ ਕਾਲਜ ਵਿਖੇ ਪਹੁੰਚਣ ’ਤੇ ਕਾਲਜ ਗਵਰਨਿੰਗ ਕੌਂਸਲ ਦੇ ਸਯੁੰਕਤ ਸਕੱਤਰ ਸ. ਜਸਪਾਲ ਸਿੰਘ ਵੜੈਚ ਅਤੇ ਪ੍ਰਿੰਸੀਪਲ ਡਾ. ਜਸਪਾਲ ਸਿੰਘ ਨੇ ਉਨ੍ਹਾਂ ਦਾ ਸੁਆਗਤ ਕੀਤਾ। ਉਨ੍ਹਾਂ ਕਿਹਾ ਕਿ ਸਾਨੂੰ ਸਾਡੇ ਵਿਦਿਆਰਥੀਆਂ ’ਤੇ ਹਮੇਸ਼ਾਂ ਮਾਣ ਹੁੰਦਾ ਹੈ, ਜਦੋਂ ਉਹ ਵਿਦੇਸ਼ਾਂ ਵਿਚ ਵੀ ਉੱਚ ਪ੍ਰਾਪਤੀਆਂ ਕਰਕੇ ਕਾਲਜ ਵਿਖੇ ਵਿਜ਼ਿਟ ਕਰਦੇ ਹਨ। ਉਨ੍ਹਾਂ ਦੱਸਿਆ ਕਿ ਸਾਲ 1978-79 ਦੌਰਾਨ ਸ. ਬੁੱਟਰ ਕਾਲਜ ਦੇ ਵਿਦਿਆਰਥੀ ਸਨ। ਸ. ਗੁਰਸ਼ਰਨ ਸਿੰਘ ਬੁੱਟਰ ਨੇ ਇਸ ਮੌਕੇ ਆਪਣੇ ਵਿਦਿਆਰਥੀ ਜੀਵਨ ਦੀਆਂ ਯਾਦਾਂ ਤਾਜਾ ਕੀਤੀਆਂ ਅਤੇ ਪਰਵਾਸ ਦੇ ਅਨੁਭਵ ਸਾਂਝੇ ਕਰਦਿਆਂ ਮਾਈ ਰੇਡੀਓ ਕਨੇਡਾ ਦੀ ਕਾਰਜਸ਼ੈਲੀ ਬਾਰੇ ਗੱਲਬਾਤ ਕੀਤੀ। ਇਸ ਮੌਕੇ ਉਨ੍ਹਾਂ ਕਾਲਜ ਮੈਨੇਜਮੈਂਟ ਅਤੇ ਪ੍ਰਿੰਸੀਪਲ ਦਾ ਵਿਸ਼ੇਸ਼ ਤੌਰ ’ਤੇ ਧੰਨਵਾਦ ਕੀਤਾ।