ਲਾਇਲਪੁਰ ਖ਼ਾਲਸਾ ਕਾਲਜ, ਜਲੰਧਰ ਦੇ ਪੋਸਟ ਗ੍ਰੈਜੂਏਟ ਅੰਗਰੇਜ਼ੀ ਵਿਭਾਗ ਅਤੇ ਐਨ.ਐਸ.ਐਸ. ਯੂਨਿਟਾਂ ਨੇ “ਐਨ.ਈ.ਪੀ. 2020: ਉੱਤਰੀ ਭਾਰਤ ਵਿੱਚ ਸਮਾਜ ਅਤੇ ਸਿੱਖਿਆ ਲਈ ਇਸਦਾ ਮਹੱਤਵ” ਵਿਸ਼ੇ ਉਪਰ ਆਈ.ਸੀ.ਐਸ.ਐਸ.ਆਰ. ਸਪਾਂਸਰਡ ਇੱਕ ਰੋਜ਼ਾ ਰਾਸ਼ਟਰੀ ਸੈਮੀਨਾਰ ਦੀ ਮੇਜ਼ਬਾਨੀ ਕੀਤੀ। ਸੈਮੀਨਾਰ ਦਾ ਆਯੋਜਨ ਰਾਸ਼ਟਰੀ ਸਿੱਖਿਆ ਨੀਤੀ 2020 ਨੂੰ ਲਾਗੂ ਕਰਨ ਵਾਸਤੇ ਪ੍ਰਮੁੱਖ ਸਟੇਕ ਹੋਲਡਰਾਂ, ਸਮਾਜ ਅਤੇ ਸਿੱਖਿਅਕਾਂ ਦੀ ਸ਼ਮੂਲੀਅਤ ‘ਤੇ ਵਿਚਾਰ ਕਰਨ ਦੇ ਉਦੇਸ਼ ਨਾਲ ਕੀਤਾ ਗਿਆ। ਉਦਘਾਟਨੀ ਸੈਸ਼ਨ ਦੀ ਪ੍ਰਧਾਨਗੀ ਸ. ਜਸਪਾਲ ਸਿੰਘ ਵੜੈਚ, ਸੰਯੁਕਤ ਸਕੱਤਰ, ਗਵਰਨਿੰਗ ਕੌਂਸਲ ਨੇ ਕੀਤੀ। ਪ੍ਰਿੰਸੀਪਲ ਡਾ. ਜਸਪਾਲ ਸਿੰਘ ਨੇ ਸੰਯੁਕਤ ਸਕੱਤਰ ਗਵਰਨਿੰਗ ਕੌਂਸਲ, ਮੁੱਖ ਬੁਲਾਰੇ ਡਾ. ਦਿਨੇਸ਼ ਚਾਹਲ, ਡਾ. ਖੁਸ਼ਵਿੰਦਰ ਕੁਮਾਰ ਅਤੇ ਹੋਰ ਮਹਿਮਾਨਾਂ ਨੂੰ ਗੁਲਦਸਤੇ ਦੇ ਕੇ ਜੀ ਆਇਆਂ ਕਿਹਾ। ਪ੍ਰਿੰਸੀਪਲ ਡਾ. ਜਸਪਾਲ ਸਿੰਘ ਨੇ ਹਾਜ਼ਰੀਨ ਦਾ ਸਵਾਗਤ ਕਰਦਿਆਂ ਉਨ੍ਹਾਂ ਨੂੰ ਐਨ.ਈ.ਪੀ. 2020 ਦੇ ਵੱਖ-ਵੱਖ ਪਹਿਲੂਆਂ ‘ਤੇ ਵਿਚਾਰ-ਵਟਾਂਦਰਾ ਕਰਨ ਅਤੇ ਗਿਆਨ ਸਾਂਝਾ ਕਰਨ ਨੂੰ ਕਿਹਾ। ਉਨ੍ਹਾਂ ਕਿਹਾ ਕਿ ਸਿੱਖਿਆ ਪ੍ਰਣਾਲੀ ਦੀਆਂ ਲੋੜਾਂ ਅਤੇ ਟੀਚੇ ਤੇਜ਼ੀ ਨਾਲ ਬਦਲ ਰਹੇ ਹਨ ਅਤੇ ਸਾਡੀਆਂ ਸਿੱਖਿਆ ਸ਼ਾਸਤਰੀ ਰਣਨੀਤੀਆਂ ਨੂੰ ਵੀ ਬਦਲਣ ਦੀ ਲੋੜ ਹੈ। ਸੈਮੀਨਾਰ ਦੇ ਕਨਵੀਨਰ, ਪ੍ਰੋ. ਸਤਪਾਲ ਸਿੰਘ ਨੇ ਸਮਾਜ ਵਿੱਚ ਪੁਰਾਤਨ ਸਿਆਣਪ, ਹੁਨਰ ਅਤੇ ਕੁਸ਼ਲਤਾ ਵੱਲ ਸੰਕੇਤ ਕਰਦਿਆਂ ਐਨ.ਈ.ਪੀ. 2020 ਰਾਹੀਂ ਇਸਦੀ ਵਰਤੋਂ ਕਰਨ ਲਈ ਦਲੀਲਾਂ ਪੇਸ਼ ਕੀਤੀਆ। ਉੱਘੇ ਸਿੱਖਿਆ ਸ਼ਾਸਤਰੀ ਪ੍ਰੋ. ਦਿਨੇਸ਼ ਚਾਹਲ, ਕੇਂਦਰੀ ਯੂਨੀਵਰਸਿਟੀ, ਹਰਿਆਣਾ ਨੇ “ਸਿੱਖਿਆ ਦੁਆਰਾ ਭਾਈਚਾਰਕ ਸਾਂਝ ਨੂੰ ਵਰਤਣ ਲਈ ਐਨ.ਈ.ਪੀ. 2020 ਦੇ ਸੰਦਰਭ ਵਿੱਚ ਪ੍ਰਾਚੀਨ ਗਿਆਨ” ਵਿਸ਼ੇ ਉਪਰ ਕੁੰਜੀਵਤ ਭਾਸ਼ਣ ਦਿੱਤਾ। ਉਨਾਂ ਆਪਣੇ ਭਾਸ਼ਣ ਵਿੱਚ, ਰਾਸ਼ਟਰੀ ਵਿਕਾਸ ਲਈ ਸਿੱਖਿਆ ਪ੍ਰਣਾਲੀ ਨੂੰ ਮੁੜ ਸੁਰਜੀਤ ਕਰਨ ਲਈ ਸਮਾਜ ਵਿੱਚ ਮੌਜੂਦ ਭਾਰਤੀ ਗਿਆਨ ਪ੍ਰਣਾਲੀ ਦੀ ਸਹੀ ਵਰਤੋਂ ‘ਤੇ ਜ਼ੋਰ ਦਿੱਤਾ। ਉਨ੍ਹਾਂ ਅੱਗੇ ਕਿਹਾ ਕਿ ਇਸ ਪਹਿਲੂ ਵਿੱਚ ਸਿੱਖਿਅਕਾਂ ਦੀ ਵੱਡੀ ਭੂਮਿਕਾ ਹੈ। ਦੂਜੇ ਬੁਲਾਰੇ, ਡਾ. ਖੁਸ਼ਵਿੰਦਰ ਕੁਮਾਰ, ਸਾਬਕਾ ਪ੍ਰਿੰਸੀਪਲ ਐਮ.ਐਮ. ਮੋਦੀ ਕਾਲਜ, ਪਟਿਆਲਾ ਨੇ ਯੂਨੀਵਰਸਿਟੀਆਂ ਅਤੇ ਕਾਲਜਾਂ ਵਿੱਚ ਐਨ.ਈ.ਪੀ. 2020 ਦੇ ਵੱਖ-ਵੱਖ ਮਾਪਦੰਡਾਂ, ਲੋੜਾਂ ਅਤੇ ਪ੍ਰਭਾਵਾਂ ਬਾਰੇ ਦੱਸਦਿਆਂ ਕਿਹਾ ਕਿ ਇਹ ਪਾਲਸੀ ਕਿਸ ਤਰ੍ਹਾਂ ਛੋਟੇ ਅਤੇ ਵੱਡੇ ਅਦਾਰਿਆਂ ਨੂੰ ਪ੍ਰਭਾਵਤ ਕਰਨ ਜਾ ਰਹੀ ਹੈ। ਉਨ੍ਹਾਂ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਸਿੱਖਿਅਕ ਭਾਈਚਾਰੇ ਦੇ ਹੁਨਰ ਵਿੱਚ ਵਾਧਾ, ਕੋਰਸ ਯੋਜਨਾਬੰਦੀ ਵਿੱਚ ਨਵੀਨਤਾ ਅਤੇ ਸਮਾਜ ਦੀ ਸ਼ਮੂਲੀਅਤ ਸਿੱਖਿਆ ਦੇ ਇਸ ਪਰਿਵਰਤਨਸ਼ੀਲ ਪੜਾਅ ਵਿੱਚ ਬਚਾਅ ਦਾ ਫਾਰਮੂਲਾ ਹੋ ਸਕਦਾ ਹੈ। ਤਕਨੀਕੀ ਸੈਸ਼ਨਾਂ ਵਿੱਚ, ਪੇਪਰ ਪੇਸ਼ਕਰਤਾਵਾਂ ਨੇ ਐਨ.ਈ.ਪੀ. 2020 ਵਿੱਚ ਸੁਧਾਰ ਅਤੇ ਸੁਝਾਵਾਂ ‘ਤੇ ਚਰਚਾ, ਬਹਿਸ ਅਤੇ ਵਿਚਾਰ-ਵਟਾਂਦਰਾ ਕੀਤਾ। ਸ਼ਾਮ ਦੇ ਸੈਸ਼ਨ ਵਿੱਚ ਸੰਤ ਬਲਵੀਰ ਸਿੰਘ ਸੀਚੇਵਾਲ, ਮੈਂਬਰ ਪਾਰਲੀਮੈਂਟ, ਰਾਜ ਸਭਾ ਸਮਾਗਮ ਦੇ ਮੁੱਖ ਮਹਿਮਾਨ ਸਨ। ਉਨ੍ਹਾਂ ਦਾ ਸਵਾਗਤ ਪ੍ਰਿੰਸੀਪਲ ਡਾ. ਜਸਪਾਲ ਸਿੰਘ ਨੇ ਕੀਤਾ। ਆਪਣੇ ਭਾਸ਼ਣ ਦੌਰਾਨ ਸੰਤ ਬਲਵੀਰ ਸਿੰਘ ਸੀਚੇਵਾਲ ਨੇ ਧਰਤੀ ਮਾਂ ਦੀ ਭਲਾਈ ਲਈ ਸਮਾਜ ਦੀ ਸ਼ਮੂਲੀਅਤ ‘ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਅਜੋਕੇ ਸਮੇਂ ਵਿੱਚ ਖਰਾਬ ਹੋ ਰਹੇ ਵਾਤਾਵਰਣ ਵਿਚ ਸੁਧਾਰ ਕਰਨਾ ਸਭ ਤੋਂ ਵੱਡੀ ਚੁਣੌਤੀ ਹੈ। ਉਨ੍ਹਾਂ ਕਿਹਾ ਕਿ ਵਿਦਿਆਰਥੀ, ਅਧਿਆਪਕ ਅਤੇ ਸਮਾਜ ਆਪਸੀ ਸਹਿਯੋਗ ਨਾਲ ਵਾਤਾਵਰਣ ਨੂੰ ਸਰਵ ਵਿਆਪਕ ਬਿਹਤਰੀ ਲਈ ਮੁੜ ਸੁਰਜੀਤ ਕਰਨ ਲਈ ਵੱਡੀ ਭੂਮਿਕਾ ਨਿਭਾ ਸਕਦੇ ਹਨ। ਡਾ. ਬਲਰਾਜ ਕੌਰ ਨੇ ਧੰਨਵਾਦ ਦਾ ਮਤਾ ਪੇਸ਼ ਕੀਤਾ ਅਤੇ ਦੱਸਿਆ ਕਿ ਸੈਮੀਨਾਰ ਵਿੱਚ ਪੰਜਾਬ, ਜੰਮੂ, ਹਿਮਾਚਲ ਪ੍ਰਦੇਸ਼, ਗੁਜਰਾਤ ਅਤੇ ਹਰਿਆਣਾ ਤੋਂ 46 ਤੋਂ ਵੱਧ ਭਾਗੀਦਾਰਾਂ ਸਮੇਤ ਨਾਮਵਰ ਮਾਹਿਰਾਂ, ਵਿਦਵਾਨਾਂ, ਖੋਜਕਰਤਾਵਾਂ ਅਤੇ ਅਧਿਆਪਕਾਂ ਨੇ ਭਾਗ ਲਿਆ। ਡਾ. ਗੀਤਾਂਜਲੀ ਮਹਾਜਨ ਨੇ ਸਟੇਜ ਦਾ ਸੰਚਾਲਨ ਬਾਖੂਬੀ ਕੀਤਾ। ਇਸ ਸੈਮੀਨਾਰ ਨੂੰ ਸਫ਼ਲਤਾਪੂਰਵਕ ਨੇਪਰੇ ਚਾੜ੍ਹਨ ਲਈ ਡਾ. ਮੰਜੂ ਜੋਸ਼ੀ, ਡਾ. ਅਮਨਦੀਪ ਕੌਰ, ਡਾ. ਕਰਨਬੀਰ ਸਿੰਘ, ਡਾ. ਅਜੀਤਪਾਲ ਸਿੰਘ, ਡਾ. ਸੁਖਦੇਵ ਸਿੰਘ ਨਾਗਰਾ, ਡਾ. ਸਰਬਜੀਤ ਸਿੰਘ, ਪ੍ਰੋ. ਭਾਵਨਾ, ਪ੍ਰੋ. ਕਿਰਨਦੀਪ ਕੌਰ ਨੇ ਇਕਜੁੱਟ ਹੋ ਕੇ ਕੰਮ ਕੀਤਾ। ਇਸ ਸੈਮੀਨਾਰ ਦੌਰਾਨ ਵੱਖ-ਵੱਖ ਵਿਭਾਗਾਂ ਦੇ ਮੁਖੀ, ਅਧਿਆਪਕ, ਐਨ.ਐਸ.ਐਸ. ਵਾਲੰਟੀਅਰ ਅਤੇ ਵਿਦਿਆਰਥੀ ਵੱਡੀ ਗਿਣਤੀ ਵਿੱਚ ਹਾਜ਼ਰ ਸਨ।
Disclaimer : यह खबर उदयदर्पण न्यूज़ को सोशल मीडिया के माध्यम से प्राप्त हुई है। उदयदर्पण न्यूज़ इस खबर की आधिकारिक तौर पर पुष्टि नहीं करता है। यदि इस खबर से किसी व्यक्ति अथवा वर्ग को आपत्ति है, तो वह हमें संपर्क कर सकते हैं।