ਉੱਤਰੀ ਭਾਰਤ ਦੀ ਸਿਰਮੌਰ ਵਿਦਿਅਕ ਸੰਸਥਾ ਲਾਇਲਪੁਰ ਖ਼ਾਲਸਾ ਕਾਲਜ ਜਲੰਧਰ ਵਲੋਂ ਧੀਆਂ ਨੂੰ ਸਮਰਪਿਤ ਤੀਆਂ ਦਾ ਤਿਉਹਾਰ ਬੜੇ ਚਾਅ ਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਵਿਚ ਵਿਦਿਆਰਥਣਾਂ ਵਲੋਂ ਲੋਕ-ਗੀਤ, ਗਿੱਧਾ, ਗਰੁੱਪ ਡਾਂਸ ਅਤੇ ਸੋਲੋ ਡਾਂਸ ਆਦਿ ਦੀ ਪੇਸ਼ਕਾਰੀ ਕੀਤੀ ਗਈ। ਇਸ ਪ੍ਰੋਗਰਾਮ ਵਿਚ ਪ੍ਰਿੰਸੀਪਲ ਡਾ. ਜਸਪਾਲ ਸਿੰਘ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ। ਉਨ੍ਹਾਂ ਕਿਹਾ ਕਿ ਇਹ ਸਾਡੇ ਲਈ ਬੜੇ ਮਾਣ ਵਾਲੀ ਗੱਲ ਹੈ ਕਿ ਸਾਡੀਆਂ ਵਿਦਿਆਰਥਣਾਂ ਅਕਾਦਮਿਕ, ਸਭਿਆਚਾਰਕ, ਸੰਗੀਤਕ ਅਤੇ ਖੇਡਾਂ ਵਿਚ ਵਧੀਆ ਕਾਰਗੁਜ਼ਾਰੀ ਨਾਲ ਸਾਡੀ ਸੰਸਥਾ ਦਾ ਨਾਮ ਰੌਸ਼ਨ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਨਾਰੀ ਅੱਜ ਹਰ ਖੇਤਰ ਵਿਚ ਤਰੱਕੀ ਕਰ ਰਹੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਪੰਜਾਬੀ ਸਭਿਆਚਾਰਕ ਬੜਾ ਅਮੀਰ ਹੈ ਅਤੇ ਸਾਨੂੰ ਇਸ ਨਾਲ ਜੁੜੇ ਹੋਣ ’ਤੇ ਮਾਣ ਮਹਿਸੂਸ ਕਰਨਾ ਚਾਹੀਦਾ ਹੈ। ਉਨ੍ਹਾਂ ਇਸ ਪ੍ਰੋਗਰਾਮ ਨੂੰ ਉਲੀਕਣ ਲਈ ਪ੍ਰੋਗਰਾਮ ਕਨਵੀਨਰ ਡਾ. ਗਗਨਦੀਪ ਕੌਰ ਅਤੇ ਉਨ੍ਹਾਂ ਦੀ ਸਮੁੱਚੀ ਟੀਮ ਦੀ ਭਰਪੂਰ ਸ਼ਲਾਘਾ ਕੀਤੀ ਅਤੇ ਇਸ ਸਭਿਆਚਾਰਕ ਤਿਉਹਾਰ ਦੀ ਸਮੂਹ ਪੰਜਾਬੀਆਂ ਨੂੰ ਵਧਾਈ ਦਿੱਤੀ। ਕਲਚਰਲ ਪ੍ਰੋਗਰਾਮ ਦੀ ਪੇਸ਼ਕਾਰੀ ਕਰਦਿਆਂ ਸੰਗੀਤ ਵਿਭਾਗ ਦੀਆਂ ਵਿਦਿਆਰਥਣਾਂ ਨੇਹਾ ਲੋਕ ਗੀਤ, ਰਵਲੀਨ ਕੌਰ ਗੀਤਾਂ ਦਾ ਗੁਲਦਸਤਾ ਅਤੇ ਅਨੁਰਾਧਾ ਨੇ ਮਿਰਜ਼ਾ ਦੀ ਪੇਸ਼ਕਾਰੀ ਦਿੱਤੀ। ਜਦਕਿ ਨਾਨ-ਟੀਚਿੰਗ ਸਟਾਫ ਦੀ ਸੰਦੀਪ ਤੇ ਰੇਖਾ ਰਾਣੀ ਨੇ ਡਾਂਸ ਪੇਸ਼ ਕੀਤਾ। ਇਸੇ ਤਰ੍ਹਾਂ ਕਾਲਜ ਦੀਆਂ ਵਿਦਿਆਰਥਣਾਂ ਦੁਆਰਾ ਗਰੁੱਪ ਡਾਂਸ ਅਤੇ ਪੰਜਾਬ ਦਾ ਲੋਕਨਾਚ ਗਿੱਧਾ ਪੇਸ਼ ਕੀਤਾ ਗਿਆ। ਇਸ ਮੌਕੇ ਪਰੰਪਰਾਗਤ ਪੰਜਾਬੀ ਪਹਿਰਾਵੇ ਵਿਚ ਤਿਆਰ ਹੋ ਕੇ ਆਈਆਂ ਵਿਦਿਆਰਥਣਾਂ ਵਿਚੋਂ ਮਿਸ ਤੀਜ਼ ਨਤਾਸ਼ਾ, ਪਹਿਲੀ ਰਨਰਅੱਪ ਮਨਜੀਤ ਕੌਰ ਅਤੇ ਦੂਜੀ ਰਨਰਅੱਪ ਭਾਰਤੀ ਰਹੀ। ਇਸ ਮੌਕੇ ਕਾਲਜ ਕੈਂਪਸ ਨੂੰ ਪੰਜਾਬੀ ਫੁਲਕਾਰੀਆਂ ਤੇ ਦੁਪੱਟਿਆਂ ਨਾਲ ਸਜਾਇਆ ਗਿਆ ਤੇ ਖੀਰ, ਮਹਿੰਦੀ ਤੇ ਚੂੜੀਆਂ ਆਦਿ ਦੇ ਸਟਾਲ ਲਗਾਏ ਗਏ। ਪ੍ਰੋਗਰਾਮ ਦੌਰਾਨ ਸਭਿਆਚਾਰਕ ਰੰਗ ਵਿਚ ਰੰਗੀ ਪੀਂਘ ਆਕਰਸ਼ਣ ਦਾ ਮੁੱਖ ਕੇਂਦਰ ਰਹੀ। ਇਸ ਮੌਕੇ ਪ੍ਰੋਗਰਾਮ ਕੰਨਵੀਨਰ ਪ੍ਰੋ. ਗਗਨਦੀਪ ਕੌਰ, ਮੁਖੀ ਜੁਆਲੋਜੀ ਵਿਭਾਗ ਨੇ ਸਮੂਹ ਮੁਖੀ ਸਾਹਿਬਾਨ, ਆਪਣੇ ਟੀਮ ਅਤੇ ਨਾਨ-ਟੀਚਿੰਗ ਸਟਾਫ ਦੀ ਭਰਪੂਰ ਸ਼ਲਾਘਾ ਕੀਤੀ ਅਤੇ ਕਾਲਜ ਦੀ ਗਵਰਨਿੰਗ ਕੌਂਸਲ, ਪਿੰ੍ਰੰਸੀਪਲ, ਸਟਾਫ਼ ਅਤੇ ਸਮੂਹ ਵਿਦਿਆਰਥੀਆਂ ਨੂੰ ਵਧਾਈ ਅਤੇ ਸ਼ੁੱਭ ਕਾਮਨਾਵਾਂ ਦਿੱਤੀਆਂ। ਉਨ੍ਹਾਂ ਕਿਹਾ ਕਿ ਨਾਰੀ ਨੂੰ ਸਨਮਾਨ ਦੇਣ ਵਾਲਾ ਸਮਾਜ ਹਮੇਸ਼ਾਂ ਤਰੱਕੀ ਕਰਦਾ ਹੈ ਤੇ ਇਸ ਨਾਲ ਸਭਿਆਚਾਰ ਤੇ ਵਿਰਾਸਤ ਵੀ ਅਮੀਰ ਹੁੰਦੀ ਹੈ। ਉਹਨਾਂ ਇਹ ਵੀ ਕਿਹਾ ਕਾਲਜ ਵੱਲੋਂ ਧੀਆਂ ਨੂੰ ਸਮਰਪਿਤ ਤੀਆਂ ਦਾ ਤਿਉਹਾਰ ਮਨਾਉਣਾ ਨਾਰੀ ਦੇ ਸਨਮਾਨ ਦਾ ਸੂਚਕ ਹੈ ਅਤੇ ਇਹ ਯਕੀਨਨ ਇਕ ਸ਼ਲਾਘਾਯੋਗ ਕਦਮ ਹੈ। ਪ੍ਰੋਗਰਾਮ ਦੌਰਾਨ ਡਾ. ਹਰਜਿੰਦਰ ਸਿੰਘ ਸੇਖੋਂ, ਪ੍ਰੋ. ਸੰਦੀਪ ਕੌਰ ਪੰਜਾਬੀ ਵਿਭਾਗ ਅਤੇ ਪ੍ਰੋ. ਸੰਦੀਪ ਕੌਰ ਢੱਡਾ ਇਤਿਹਾਸ ਵਿਭਾਗ ਨੇ ਮੰਚ ਸੰਚਾਲਨ ਬਾਖੂਬੀ ਕੀਤਾ। ਇਸ ਮੌਕੇ ਵੱਖ-ਵੱਖ ਵਿਭਾਗਾਂ ਦੇ ਮੁਖੀ ਸਾਹਿਬਾਨ ਤੋਂ ਇਲਾਵਾ ਕਾਲਜ ਦੇ ਸਮੂਹ ਸਟਾਫ਼ ਅਤੇ ਵਿਦਿਆਰਥੀਆਂ ਨੇ ਤੀਆਂ ਦੇ ਤਿਉਹਾਰ ਦਾ ਭਰਪੂਰ ਆਨੰਦ ਮਾਣਿਆ।

Disclaimer : यह खबर उदयदर्पण न्यूज़ को सोशल मीडिया के माध्यम से प्राप्त हुई है। उदयदर्पण न्यूज़ इस खबर की आधिकारिक तौर पर पुष्टि नहीं करता है। यदि इस खबर से किसी व्यक्ति अथवा वर्ग को आपत्ति है, तो वह हमें संपर्क कर सकते हैं।