
ਜਲੰਧਰ (19-11-2024): ਸਿਹਤ ਵਿਭਾਗ ਵੱਲੋਂ ਜਿਲ੍ਹਾ ਐਪਰੋਪਰੀਏਟ ਅਥਾਰਿਟੀ ਪੀ.ਸੀ.-ਪੀ.ਐਨ.ਡੀ.ਟੀ. ਦੀ ਮੀਟਿੰਗ ਚੇਅਰਪਰਸਨ ਸਿਵਲ ਸਰਜਨ ਡਾ. ਗੁਰਮੀਤ ਲਾਲ ਦੀ ਅਗਵਾਈ ਵਿੱਚ ਮੰਗਲਵਾਰ ਨੂੰ ਦਫਤਰ ਸਿਵਲ ਸਰਜਨ ਵਿਖੇ ਹੋਈ। ਮੀਟਿੰਗ ਵਿੱਚ ਡਾ. ਰਮਨ ਗੁਪਤਾ ਜਿਲ੍ਹਾ ਪਰਿਵਾਰ ਭਲਾਈ ਅਫਸਰ ਕਮ ਨੋਡਲ ਅਫਸਰ ਪੀ.ਸੀ.-ਪੀ.ਐਨ.ਡੀ.ਟੀ., ਐਸ.ਐਮ.ਓ. (ਗਾਇਨੀ) ਡਾ. ਵਰਿੰਦਰ ਕੌਰ ਥਿੰਦ, ਸਹਾਇਕ ਜਿਲ੍ਹਾ ਅਟਾਰਨੀ ਗਗਨਦੀਪ, ਜਿਲ੍ਹਾ ਪ੍ਰੋਗਰਾਮ ਅਫ਼ਸਰ ਸੰਦੀਪ ਭਾਟੀਆ, ਮੈਡੀਕਲ ਸਪੈਸਲਿਸਟ ਡਾ. ਅਭਿਨਵ ਸੂਰ, ਸ੍ਰੀਮਤੀ ਪਰਵੀਨ ਅਬਰੋਲ ਸੋਸ਼ਲ ਵਰਕਰ, ਗੁਰਦੀਪ ਸਿੰਘ ਜਿਲ੍ਹਾ ਸਮੂਹ ਸਿੱਖਿਆ ਤੇ ਸੂਚਨਾ ਅਫ਼ਸਰ, ਦੀਪਕ ਬਪੋਰੀਆ ਜਿਲ੍ਹਾ ਪੀ.ਐਨ.ਡੀ.ਟੀ. ਕੋਆਰਡੀਨੇਟਰ ਮੌਜੂਦ ਸਨ।
ਸਿਵਲ ਸਰਜਨ ਡਾ. ਗੁਰਮੀਤ ਲਾਲ ਨੇ ਕਿਹਾ ਕਿ ਭਰੂਣ ਦੇ ਲਿੰਗ ਦੀ ਜਾਂਚ ਕਰਵਾਉਣਾ/ਕਰਨਾ ਗੈਰਕਾਨੂੰਨੀ ਹੈ ਅਤੇ ਇਸ ਜ਼ੁਰਮ ਵਿੱਚ ਪਾਏ ਗਏ ਦੋਸ਼ੀਆਂ ਖਿਲਾਫ ਪੀ.ਸੀ.- ਪੀ.ਐਨ.ਡੀ.ਟੀ. ਐਕਟ ਤਹਿਤ ਸਖਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸਾਨੂੰ ਲੜਕੇ ਅਤੇ ਲੜਕੀ ਵਿੱਚ ਕੋਈ ਵਿਤਕਰਾ ਨਹੀਂ ਕਰਨਾ ਚਾਹੀਦਾ ਹੈ ਤਾਂ ਜੋ ਸਮਾਜ ਵਿੱਚ ਲੜਕੀਆਂ ਦੀ ਸਥਿਤੀ ਨੂੰ ਹੋਰ ਵੀ ਉੱਚਾ ਚੁੱਕਿਆ ਜਾ ਸਕੇ। ਉਨ੍ਹਾਂ ਕਿਹਾ ਕਿ ਜਿਲ੍ਹੇ ਵਿੱਚ ਪੀ.ਸੀ. ਅਤੇ ਪੀ.ਐਨ.ਡੀ.ਟੀ. ਐਕਟ ਨੂੰ ਸਖਤੀ ਨਾਲ ਲਾਗੂ ਕਰਨ ਦੇ ਲਈ ਸਿਹਤ ਵਿਭਾਗ ਵਚਨਬੱਧ ਹੈ ਅਤੇ ਇਸ ਵਚਨਬੱਧਤਾ ਨੂੰ ਮੁੱਖ ਰਖਦਿਆਂ ਵਿਭਾਗ ਵੱਲੋਂ ਗਠਿਤ ਟੀਮਾਂ ਦੁਆਰਾ ਸਕੈਨਿੰਗ ਸੈਂਟਰਾਂ ਵਿੱਚ ਸਮੇਂ-ਸਮੇਂ ‘ਤੇ ਇੰਨਸਪੈਕਸ਼ਨਾਂ ਕੀਤੀਆਂ ਜਾਂਦੀਆਂ ਹਨ। ਉਨ੍ਹਾਂ ਕਿਹਾ ਕਿ ਲਿੰਗ ਅਨੁਪਾਤ ‘ਚ ਸੁਧਾਰ ਲਿਆਉਣ ਲਈ ਜਿਲ੍ਹੇ ਵਿੱਚ ਲੋੜੀਂਦੀਆਂ ਗਤੀਵਿਧੀਆਂ ਹੋਰ ਤੇਜ ਕੀਤੀਆਂ ਜਾਣ।
ਜਿਲ੍ਹਾ ਪਰਿਵਾਰ ਭਲਾਈ ਅਫਸਰ ਅਤੇ ਨੋਡਲ ਅਫਸਰ ਪੀ.ਸੀ. ਪੀ.ਐਨ.ਡੀ.ਟੀ. ਡਾ. ਰਮਨ ਗੁਪਤਾ ਨੇ ਮੀਟਿੰਗ ਦੌਰਾਨ ਜਾਣਕਾਰੀ ਦਿੰਦਿਆਂ ਦੱਸਿਆ ਕਿ ਤਿੰਨ ਹਸਪਤਾਲਾਂ ਅਤੇ ਸਕੈਨ ਸੈਂਟਰਾਂ ਵਲੋਂ ਰਜਿਸਟ੍ਰੇਸ਼ਨ ਨੂੰ ਰੀਨਿਉਅਲ ਕਰਾਉਣ ਲਈ ਅਰਜੀਆਂ ਪ੍ਰਾਪਤ ਹੋਈਆਂ ਸਨ। ਜਿਨ੍ਹਾਂ ਨੂੰ ਲੋੜੀਂਦੀ ਕਾਰਵਾਈ ਪੂਰੀ ਹੋਣ ਤੋਂ ਬਾਅਦ ਮਨਜੂਰੀ ਦੇ ਦਿੱਤੀ ਗਈ। ਇਸ ਤੋਂ ਇਲਾਵਾ ਇੱਕ ਸਕੈਨ ਸੈਂਟਰ ਵਲੋਂ ਨਵੀਂ ਰਜਿਸਟ੍ਰੇਸ਼ਨ ਲੈਣ ਲਈ ਅਰਜੀ ਪ੍ਰਾਪਤ ਹੋਈ ਸੀ। ਜਿਨ੍ਹਾਂ ਨੂੰ ਲੋੜੀਂਦੇ ਦਸਤਾਵੇਜ ਪੂਰੇ ਹੋਣ ਉਪਰੰਤ ਅਤੇ ਕਮੇਟੀ ਮੈਂਬਰਾਂ ਵਲੋਂ ਪੜਚੋਲ ਕਰਨ ਉਪਰੰਤ ਨਵੀਂ ਰਜਿਸਟ੍ਰੇਸ਼ਨ ਲਈ ਮਨਜੂਰੀ ਦੇ ਦਿੱਤੀ ਗਈ।