ਜਲੰਧਰ (03.01.2025) – ਸਿਵਲ ਸਰਜਨ ਡਾ. ਗੁਰਮੀਤ ਲਾਲ ਦੀ ਅਗਵਾਈ ਹੇਠ ਜਿਲ੍ਹਾ ਸਿਖਲਾਈ ਕੇਂਦਰ, ਦਫ਼ਤਰ ਸਿਵਲ ਸਰਜਨ: ਜਲੰਧਰ ਵਿਖੇ ਸ਼ੁੱਕਰਵਾਰ ਨੂੰ ਲੈਬ ਟੈਕਨੀਸ਼ਿਅਨਜ਼ ਅਤੇ ਸਟਾਫ਼ ਨਰਸਾਂ ਲਈ ਇੰਟੈਗ੍ਰੇਟੇਡ ਡਿਸੀਜਿਜ਼ ਸਰਵਿਲੈਂਸ ਪ੍ਰੋਗਰਾਮ (ਆਈ.ਡੀ.ਐਸ.ਪੀ.) ਸੰਬੰਧੀ ਟ੍ਰੇਨਿੰਗ ਸੈਸ਼ਨ ਕਰਵਾਇਆ ਗਿਆ। ਇਸ ਦੌਰਾਨ ਸਿਵਲ ਸਰਜਨ ਡਾ. ਗੁਰਮੀਤ ਲਾਲ ਨੇ ਕਿਹਾ ਕਿ ਇਸ ਟ੍ਰੇਨਿੰਗ ਦਾ ਮਕਸਦ ਸੰਚਾਰੀ ਬਿਮਾਰੀਆਂ ਜਿਵੇਂ ਸਵਾਈਨ ਫਲੂ, ਹੈਪੇਟਾਈਟਸ, ਡੇਂਗੂ ਆਦਿ ਦੇ ਸ਼ੁਰੂਆਤੀ ਲੱਛਣਾਂ ਦੀ ਜਲਦ ਪਛਾਣ ਕਰਕੇ ਆਉਟਬ੍ਰੇਕ ਨੂੰ ਰੋਕਣਾ ਹੈ। ਸਿਵਲ ਸਰਜਨ ਨੇ ਲੈਬ ਟੈਕਨੀਸ਼ਿਅਨਜ਼ ਅਤੇ ਸਟਾਫ਼ ਨਰਸਾਂ ਨੂੰ ਹਦਾਇਤ ਕੀਤੀ ਕਿ ਇਨ੍ਹਾਂ ਬਿਮਾਰੀਆਂ ਨਾਲ ਸੰਬੰਧਤ ਕੋਈ ਵੀ ਕੇਸ ਸਾਹਮਣੇ ਆਉਣ ‘ਤੇ ਤੁਰੰਤ ਸਿਵਲ ਸਰਜਨ ਦਫ਼ਤਰ ਵਿਖੇ ਰਿਪੋਰਟ ਕਰਨਾ ਯਕੀਨੀ ਬਣਾਇਆ ਜਾਵੇ। ਇਸ ਨਾਲ ਹੀ ਉਨ੍ਹਾਂ ਨੇ ਸਿਹਤ ਸਟਾਫ਼ ਨੂੰ ਲੋਕਾਂ ਨੂੰ ਬਿਹਤਰ ਸਿਹਤ ਸੇਵਾਵਾਂ ਪ੍ਰਦਾਨ ਕਰਨ ਹਿੱਤ ਆਪਣੀ ਡਿਊਟੀ ਪੂਰੀ ਨਿਸ਼ਠਾ ਅਤੇ ਅਨੁਸ਼ਾਸਨ ਵਿੱਚ ਰਹਿ ਕੇ ਨਿਭਾਉਣ ਲਈ ਪ੍ਰੇਰਿਤ ਕੀਤਾ।

ਟ੍ਰੇਨਿੰਗ ਸੈਸ਼ਨ ਦੌਰਾਨ ਲੈਬ ਟੈਕਨੀਸ਼ਿਅਨਜ਼ ਅਤੇ ਸਟਾਫ਼ ਨਰਸਾਂ ਨੂੰ ਜਿਲ੍ਹਾ ਐਪੀਡਮੋਲੋਜਿਸਟ ਡਾ. ਸ਼ੋਭਨਾ ਬਾਂਸਲ ਨੇ ਆਈ.ਡੀ.ਐਸ.ਪੀ. ਅਤੇ ਇਸਦੇ ਤਹਿਤ ਕਵਰ ਕੀਤੀਆਂ ਜਾਣ ਵਾਲੀਆਂ ਬਿਮਾਰੀਆਂ ਬਾਰੇ ਵਿਸਥਾਰ ਨਾਲ ਦੱਸਿਆ। ਉਨ੍ਹਾਂ ਨੇ ਸੰਚਾਰੀ ਬਿਮਾਰੀਆਂ ਸੰਬੰਧੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕੋਈ ਵੀ ਕੇਸ ਸਾਹਮਣੇ ਆਉਣ ‘ਤੇ ਉਸ ਸੰਬੰਧੀ ਆਈ.ਐਚ.ਆਈ.ਪੀ. ਪੋਰਟਲ ‘ਤੇ ਪੀ ਅਤੇ ‘ਐੱਲਾ ਫਾਰਮ ਭਰਨਾ ਯਕੀਨੀ ਬਣਾਇਆ ਜਾਵੇ। ਉਨ੍ਹਾਂ ਨੇ ਇਨ੍ਹਾਂ ਫਾਰਮਾਂ ਭਰਨ ਸੰਬੰਧੀ ਵੀ ਵਿਸਥਾਰ ਨਾਲ ਜਾਣਕਾਰੀ ਦਿੱਤੀ। ਟ੍ਰੇਨਿੰਗ ਵਿੱਚ ਸਵਾਈਨ ਫਲੂ, ਕੋਵਿਡ, ਨੈਸ਼ਨਲ ਵਾਈਰਲ ਹੈਪੇਟਾਈਟਸ ਕੰਟਰੋਲ ਪ੍ਰੋਗਰਾਮ ਬਾਰੇ ਵੀ ਦੱਸਿਆ ਅਤੇ ਮਰੀਜਾਂ ਦੇ ਸੈਂਪਲ ਲੈਣ ਸੰਬੰਧੀ ਵੀ ਜਾਣਕਾਰੀ ਦਿੱਤੀ। ਇਸ ਮੌਕੇ ਜਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ. ਰਮਨ ਗੁਪਤਾ, ਜਿਲ੍ਹਾ ਸਿਹਤ ਅਫ਼ਸਰ ਡਾ. ਸੁਖਵਿੰਦਰ ਸਿੰਘ, ਮੈਡੀਕਲ ਅਫ਼ਸਰ ਡਾ. ਜਸਵਿੰਦਰ ਸਿੰਘ ਜਿਲ੍ਹਾ ਐਪੀਡਮੋਲੋਜਿਸਟ ਡਾ. ਸ਼ੋਭਨਾ ਬਾਂਸਲ ਅਤੇ ਡਿਪਟੀ ਐਮ.ਈ.ਆਈ.ਓ. ਅਸੀਮ ਸ਼ਰਮਾ ਮੌਜੂਦ ਸਨ।

Disclaimer : यह खबर उदयदर्पण न्यूज़ को सोशल मीडिया के माध्यम से प्राप्त हुई है। उदयदर्पण न्यूज़ इस खबर की आधिकारिक तौर पर पुष्टि नहीं करता है। यदि इस खबर से किसी व्यक्ति अथवा वर्ग को आपत्ति है, तो वह हमें संपर्क कर सकते हैं।