
ਜਲੰਧਰ-
ਲੋਕ ਸਭਾ ਦੀ ਖੇਤੀਬਾੜੀ,ਪਸ਼ੂ ਪਾਲਣ ਅਤੇ ਫੂਡ ਪ੍ਰੋਸੈਸਿੰਗ ਬਾਰੇ ਸਥਾਈ ਕਮੇਟੀ ਵੱਲੋਂ ਪੰਜਾਬ ਸਰਕਾਰ ਨੂੰ ਲੈਂਡ ਪੂਲਿੰਗ ਪਾਲਿਸੀ ਸਬੰਧੀ ਨੋਟੀਫ਼ਿਕੇਸ਼ਨ ਪੇਸ਼ ਕਰਨ ਲਈ ਲਿਖਿਆ ਗਿਆ ਹੈ।ਲੋਕ ਸਭਾ ਦੀ ਖੇਤੀਬਾੜੀ,ਪਸ਼ੂ ਪਾਲਣ ਅਤੇ ਫੂਡ ਪ੍ਰੋਸੈਸਿੰਗ ਬਾਰੇ ਸਥਾਈ ਕਮੇਟੀ ਦੇ ਚੇਅਰਮੈਨ ਮੈਂਬਰ ਪਾਰਲੀਮੈਂਟ ਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਲਿਆਂਦੀ ਗਈ ਲੈਂਡ ਪੂਲਿੰਗ ਨੀਤੀ ਬਾਰੇ ਵਿਸਥਾਰਪੂਰਵਕ ਰਿਪੋਟ ਪੇਸ਼ ਕਰਨ ਲਈ ਪੰਜਾਬ ਦੇ ਮੁੱਖ ਸਕੱਤਰ ਨੂੰ ਕਮੇਟੀ ਵੱਲੋਂ ਲਿਖਿਆ ਗਿਆ ਸੀ ਜਿਸ ਤੋਂ ਬਾਅਦ ਹੁਣ ਪੰਜਾਬ ਸਰਕਾਰ ਨੇ ਇਸ ਪਾਲਿਸੀ ਤੋਂ ਪਿੱਛੇ ਹਟਣ ਦਾ ਦਾਵਾ ਕੀਤਾ ਹੈ। ਉੱਨਾਂ ਕਿਹਾ ਕਿ ਸਥਾਈ ਕਮੇਟੀ ਵੱਲੋਂ ਹੁਣ ਪੰਜਾਬ ਸਰਕਾਰ ਨੂੰ ਇਸ ਸਬੰਧੀ ਨੋਟੀਫ਼ਿਕੇਸ਼ਨ ਜਾਰੀ ਕਰਨ ਤੇ ਇਹ ਨੋਟੀਫ਼ਿਕੇਸ਼ਨ ਸਥਾਈ ਕਮੇਟੀ ਕੋਲ ਪੇਸ਼ ਕਰਨ ਲਈ ਕਿਹਾ ਗਿਆ ਹੈ। ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਇਸ ਪਾਲਿਸੀ ਨੂੰ ਪੂਰੀ ਤਰਾ ਨਾਲ ਰੱਦ ਕਰਵਾਉਣ ਤੱਕ ਪੈਰਵਾਈ ਕੀਤੀ ਜਾਵੇਗੀ ਤੇ ਇਸਦੇ ਆਖਿਰ ਤੱਕ ਪਹੁੰਚਿਆ ਜਾਵੇਗਾ।ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਪੰਜਾਬ ਸਰਕਾਰ ਦੀ ਇਹ ਲੈਂਡ ਪੂਲਿੰਗ ਨੀਤੀ ਦਾ ਪੰਜਾਬ ਨੂੰ ਬਹੁਤ ਵੱਡਾ ਨੁਕਸਾਨ ਹੋਣਾ ਸੀ।ਉੱਨਾਂ ਕਿਹਾ ਕਿ ਸ਼ਹਿਰੀਕਰਨ ਕਰਨ ਦਾ ਦਾਵਾ ਕਰਕੇ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਲਿਆਂਦੀ ਗਈ ਇਸ ਨੀਤੀ ਨਾਲ ਜਿੱਥੇ ਕਿ ਕਿਸਾਨਾਂ ਦਾ ਉਜਾੜਾ ਹੋਣਾ ਸੀ ਉੱਥੇ ਹੀ ਪੰਜਾਬ ਦੀ ਵਾਹੀਯੋਗ ਜ਼ਮੀਨ ਦਾ ਵੀ ਖੇਤਰਫਲ ਘੱਟਣਾ ਸੀ ਜਿਸਦੇ ਨਾਲ ਦੇਸ਼ ਦੇ ਅੰਨ ਭੰਡਾਰ ਵੀ ਅਸਰ ਪੈਣਾ ਸੀ।