ਫਗਵਾੜਾ 29 ਨਵੰਬਰ (ਸ਼ਿਵ ਕੋੜਾ) ਪੰਜਾਬ ਦੀ ਸੱਤਾਧਾਰੀ ਆਮ ਆਦਮੀ ਪਾਰਟੀ ਅਤੇ ਮੁੱਖ ਵਿਰੋਧੀ ਧਿਰ ਕਾਂਗਰਸ ਵਿਚਾਲੇ ਆਪਸੀ ਰੰਜਿਸ਼ ਕਾਰਨ ਫਗਵਾੜਾ ਨਗਰ ਨਿਗਮ ਦੀ ਵਾਰਡਬੰਦੀ ਦੇ ਵਿਵਾਦ ਦਾ ਮਾਮਲਾ ਸੁਪਰੀਮ ਕੋਰਟ ਜਾਣ ’ਤੇ ਟਿੱਪਣੀ ਕਰਦਿਆਂ ਭਾਜਪਾ ਦੇ ਸਾਬਕਾ ਕੌਂਸਲਰ ਬੀਰਾ ਰਾਮ ਵਲਜੋਤ ਨੇ ਕਿਹਾ ਕਿ ਕਾਂਗਰਸ ਅਤੇ ‘ਆਪ’ ਦਾ ਵਾਰਡਬੰਦੀ ਨੂੰ ਲੈ ਕੇ ਚਲ ਰਿਹਾ ਝਗੜਾ ਸਿਰਫ਼ ਇੱਕ ਦਿਖਾਵਾ ਹੈ ਅਤੇ ਇਹ ਦੋਵੇਂ ਪਾਰਟੀਆਂ ਫਗਵਾੜਾ ਨਿਗਮ ਚੋਣਾਂ ਨੂੰ ਕਿਸੇ ਨਾ ਕਿਸੇ ਬਹਾਨੇ ਮੁਲਤਵੀ ਰੱਖਣਾ ਚਾਹੁੰਦੀਆਂ ਹਨ ਕਿਉਂਕਿ ਉਨ੍ਹਾਂ ਨੂੰ ਆਪਣੀ ਹਾਰ ਸਾਫ਼ ਨਜ਼ਰ ਆ ਰਹੀ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਕਾਂਗਰਸ ਨੇ ਆਪਣੇ ਸ਼ਾਸਨ ਦੌਰਾਨ ਵਾਰਡ ਪੱਧਰ ’ਤੇ ਵੋਟਾਂ ਦੀ ਹੇਰਾਫੇਰੀ ਕੀਤੀ ਅਤੇ ਫਿਰ ਸੱਤਾ ’ਚ ਆਉਣ ਤੋਂ ਬਾਅਦ ‘ਆਪ’ ਪਾਰਟੀ ਨੇ ਵਾਰਡਾਂ ਦੀ ਨਵੀਂ ਨਿਸ਼ਾਨਦੇਹੀ ਕਰਕੇ ਵਿਵਾਦ ਖੜ੍ਹਾ ਕਰ ਦਿੱਤਾ, ਜਿਸ ਕਰਕੇ ਮਾਮਲਾ ਅਦਾਲਤ ਤੱਕ ਪਹੁੰਚ ਗਿਆ ਅਤੇ ਚੋਣਾਂ ਨੂੰ ਟਾਲ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਜੇਕਰ ‘ਆਪ’ ਅਤੇ ਕਾਂਗਰਸ ਦੀ ਕੇਂਦਰੀ ਲੀਡਰਸ਼ਿਪ ਇਕਜੁੱਟ ਹੈ ਤਾਂ ਪੰਜਾਬ ਦੇ ਲੀਡਰ ਕੇਂਦਰੀ ਲੀਡਰਸ਼ਿਪ ਦੇ ਖਿਲਾਫ ਕਿਸ ਤਰ੍ਹਾਂ ਜਾ ਸਕਦੇ ਹਨ। ਇਸ ਲਈ ਇਸ ਮਾਮਲੇ ਨੂੰ ਸੁਪਰੀਮ ਕੋਰਟ ਵਿੱਚ ਲਿਜਾਣਾ ਨਿਗਮ ਚੋਣਾਂ ਨੂੰ ਮੁਲਤਵੀ ਰੱਖਣ ਲਈ ਦੋਵਾਂ ਧਿਰਾਂ ਦੀ ਸੋਚੀ ਸਮਝੀ ਰਣਨੀਤੀ ਦਾ ਹਿੱਸਾ ਹੈ। ਸਾਬਕਾ ਕੌਂਸਲਰ ਬੀਰਾ ਰਾਮ ਨੇ ‘ਆਪ’ ਪਾਰਟੀ ਦੇ ਸਥਾਨਕ ਆਗੂਆਂ ’ਤੇ ਤੰਜ ਕਸਦਿਆਂ ਕਿਹਾ ਕਿ ਸ਼ਹਿਰ ਵਾਸੀਆਂ ਨੂੰ ਅਜਿਹੇ ਅਖੋਤੀ ਆਗੂਆਂ ਤੋਂ ਸੁਚੇਤ ਰਹਿਣਾ ਚਾਹੀਦਾ ਹੈ, ਜੋ ਆਪਣੀਆਂ ਜੇਬਾਂ ’ਚ ਫੀਤਾ ਤੇ ਕੈਂਚੀ ਰੱਖਦੇ ਹਨ ਅਤੇ ਰੋਜ਼ਾਨਾ ਵਿਕਾਸ ਕਾਰਜਾਂ ਦੇ ਉਦਘਾਟਨ ਦੇ ਨਾਂ ’ਤੇ ਫੋਟੋਆਂ ਖਿਚਵਾ ਕੇ ਲਾਂਭੇ ਹੋ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਇੱਕ ਸਥਾਨਕ ‘ਆਪ’ ਆਗੂ ਨੇ ਕਰੀਬ ਦੋ ਮਹੀਨੇ ਪਹਿਲਾਂ ਉਨ੍ਹਾਂ ਦੇ ਵਾਰਡ ਵਿੱਚ ਸੀਵਰੇਜ ਦੇ ਕੰਮ ਦਾ ਉਦਘਾਟਨ ਕੀਤਾ ਸੀ ਪਰ ਅੱਜ ਤੱਕ ਇਹ ਕੰਮ ਸ਼ੁਰੂ ਨਹੀਂ ਹੋਇਆ, ਜਿਸ ਕਾਰਨ ਵਾਰਡ ਵਾਸੀਆਂ ਵਿੱਚ ਭਾਰੀ ਰੋਸ ਹੈ। ਉਹਨਾਂ ਦਾਅਵੇ ਨਾਲ ਕਿਹਾ ਕਿ ਜਦੋਂ ਵੀ ਫਗਵਾੜਾ ਕਾਰਪੋਰੇਸ਼ਨ ਚੋਣਾਂ ਹੋਣਗੀਆਂ ਤਾ ਭਾਜਪਾ ਦੀ ਹੀ ਵਜਾਰਤ ਬਣੇਗੀ।
Disclaimer : यह खबर उदयदर्पण न्यूज़ को सोशल मीडिया के माध्यम से प्राप्त हुई है। उदयदर्पण न्यूज़ इस खबर की आधिकारिक तौर पर पुष्टि नहीं करता है। यदि इस खबर से किसी व्यक्ति अथवा वर्ग को आपत्ति है, तो वह हमें संपर्क कर सकते हैं।