
ਜਲੰਧਰ (25.09.2025): ਪੰਜਾਬ ਸਰਕਾਰ ਦੇ ਸੁਪਨੇ ‘ਸਿਹਤਮੰਦ ਪੰਜਾਬ / ਰੰਗਲਾ ਪੰਜਾਬ’ ਨੂੰ ਸਾਕਾਰ ਕਰਨ ਦੇ ਮੱਦੇਨਜ਼ਰ ਸਿਹਤ ਵਿਭਾਗ, ਜਲੰਧਰ ਵੱਲੋਂ ਸਿਵਲ ਸਰਜਨ (ਕਾਰਜਕਾਰੀ) ਡਾ. ਰਮਨ ਗੁਪਤਾ ਅਤੇ ਮੈਡੀਕਲ ਸੁਪਰਡੈਂਟ (ਕਾਰਜਕਾਰੀ) ਡਾ. ਸਤਿੰਦਰ ਬਜਾਜ ਦੀ ਅਗਵਾਈ ਹੇਠ ‘ਵਿਸ਼ਵ ਫੇਫੜੇ ਦਿਵਸ’ ਮੌਕੇ ਟੀ.ਬੀ. ਅਤੇ ਹੋਰ ਫੇਫੜਿਆਂ ਦੀਆਂ ਬਿਮਾਰੀਆਂ ਬਾਰੇ ਜਾਗਰੂਕਤਾ ਵਧਾਉਣ ਲਈ ਮਹੱਤਵਪੂਰਨ ਪਹਿਲ ਕੀਤੀ ਗਈ। ਇਸਦੇ ਮੱਦੇਨਜਰ ਜਿਲ੍ਹਾ ਟੀਬੀ ਕੇਂਦਰ ਵਿਖੇ ਜਾਗਰੂਕਤਾ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਡਾ. ਰਮਨ ਗੁਪਤਾ ਨੇ ਕਿਹਾ ਕਿ ਵਿਸ਼ਵ ਫੇਫੜੇ ਦਿਵਸ (World Lung Day) ਹਰ ਸਾਲ 25 ਸਤੰਬਰ ਨੂੰ ਵਿਸ਼ਵ ਪੱਧਰ ‘ਤੇ ਫੇਫੜਿਆਂ ਦੀ ਬਿਹਤਰ ਸਿਹਤ ਪ੍ਰਤੀ ਇੱਕ ਸਮਰਪਿਤ ਵਿਸ਼ਵਵਿਆਪੀ ਜਾਗਰੂਕਤਾ ਫੈਲਾਉਣ ਦੇ ਮਕਸਦ ਤਹਿਤ ਮਨਾਇਆ ਜਾਂਦਾ ਹੈ। ਇਸ ਸਾਲ, 2025, ਵਿਸ਼ਵ ਫੇਫੜੇ ਦਿਵਸ ਨੂੰ ‘ਸਿਹਤਮੰਦ ਫੇਫੜੇ, ਸਿਹਤਮੰਦ ਜੀਵਨ’ ਵਿਸ਼ੇ ਤਹਿਤ ਮਨਾਇਆ ਜਾ ਰਿਹਾ ਹੈ।
ਸਿਵਲ ਸਰਜਨ ਡਾ. ਰਮਨ ਗੁਪਤਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਰੀਰ ਨੂੰ ਅਕਸਰ ਸਾਹ ਚੜ੍ਹਨਾ, ਪੁਰਾਣੀ ਖੰਘ, ਘਰਘਰਾਹਟ, ਥਕਾਵਟ, ਜਾਂ ਘੱਟ ਤਾਕਤ ਵਰਗੇ ਲੱਛਣ ਫੇਫੜਿਆਂ ਦੀ ਸਮੱਸਿਆ ਦਾ ਸੰਕੇਤ ਹਨ। ਉਨ੍ਹਾਂ ਕਿਹਾ ਕਿ ਹਵਾ ਪ੍ਰਦੂਸ਼ਣ, ਸਿਗਰਟਨੋਸ਼ੀ ਅਤੇ ਪ੍ਰਦੂਸ਼ਿਤ ਧੂੰਏਂ ਕਾਰਨ ਫੇਫੜਿਆਂ ਦੀਆਂ ਬਿਮਾਰੀਆਂ ਵੱਧ ਰਹੀਆਂ ਹਨ, ਜੋ ਹਰ ਉਮਰ ਦੇ ਵਿਅਕਤੀਆਂ ਨੂੰ ਪ੍ਰਭਾਵਿਤ ਕਰਦੀਆਂ ਹਨ। ਉਨ੍ਹਾਂ ਨੇ ਲੋਕਾਂ ਨੂੰ “ਸਿਹਤਮੰਦ ਫੇਫੜੇ, ਸਿਹਤਮੰਦ ਜ਼ਿੰਦਗੀ” ਦਾ ਸੁਨੇਹਾ ਦਿੰਦੇ ਹੋਏ ਕਿਹਾ ਕਿ ਯੋਗਾ, ਨਿਯਮਤ ਕਸਰਤ, ਸਿਹਤਮੰਦ ਖੁਰਾਕ ਅਤੇ ਪ੍ਰਦੂਸ਼ਣ ਤੋਂ ਬਚਣ ਵਰਗੀਆਂ ਜੀਵਨਸ਼ੈਲੀ ਵਿੱਚ ਤਬਦੀਲੀਆਂ ਫੇਫੜਿਆਂ ਦੀ ਸਿਹਤ ਨੂੰ ਬਿਹਤਰ ਬਣਾ ਸਕਦੀਆਂ ਹਨ। ਗੰਭੀਰ ਸਾਹ ਦੀਆਂ ਬਿਮਾਰੀਆਂ ਨੂੰ ਰੋਕਣ, ਸਿਹਤਮੰਦ ਫੇਫੜਿਆਂ ਲਈ ਅਤੇ ਫੇਫੜਿਆਂ ਦੀ ਬਿਮਾਰੀ ਤੋਂ ਮੁਕਤੀ ਲਈ ਲੋਕਾਂ ਨੂੰ ਜਾਗਰੂਕ ਹੋਣ ਦੀ ਲੋੜ ਹੈ। ਫੇਫੜਿਆਂ ਦੀਆਂ ਬਿਮਾਰੀਆਂ ਦੀ ਰੋਕਥਾਮ ਲਈ ਸਿਗਰਟਨੋਸ਼ੀ ਤੋਂ ਪਰਹੇਜ਼ ਕਰਨਾ, ਹਵਾ ਪ੍ਰਦੂਸ਼ਕਾਂ ਅਤੇ ਧੂੰਏਂ ਤੋਂ ਬਚਣਾ ਚਾਹੀਦਾ ਹੈ, ਲਗਾਤਾਰ ਖੰਘ ਅਤੇ ਸਾਹ ਚੜ੍ਹਨ ਵਰਗੇ ਸ਼ੁਰੂਆਤੀ ਲੱਛਣਾਂ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾਣਾ ਚਾਹੀਦਾ ਅਤੇ ਨਿਯਮਤ ਡਾਕਟਰੀ ਜਾਂਚ ਕਰਵਾਉਣੀ ਚਾਹੀਦੀ ਹੈ।
ਡਾ. ਸਤਿੰਦਰ ਬਜਾਜ ਨੇ ਕਿਹਾ ਕਿ ‘ਵਿਸ਼ਵ ਫੇਫੜੇ ਦਿਵਸ’ ਵਿਅਕਤੀ ਦੀ ਸਮੁੱਚੀ ਤੰਦਰੁਸਤੀ ਵਿੱਚ ਸਿਹਤਮੰਦ ਫੇਫੜਿਆਂ ਦੀ ਮਹੱਤਵਪੂਰਨ ਭੂਮਿਕਾ ਨੂੰ ਉਜਾਗਰ ਕਰਦਾ ਹੈ ਅਤੇ ਹਵਾ ਪ੍ਰਦੂਸ਼ਣ, ਸਿਗਰਟਨੋਸ਼ੀ ਅਤੇ ਸਿਹਤ ਸੰਭਾਲ ਤੱਕ ਪਹੁੰਚ ਵਰਗੇ ਮੁੱਖ ਮੁੱਦਿਆਂ ‘ਤੇ ਕਾਰਵਾਈ ਦੀ ਵਕਾਲਤ ਕਰਦਾ ਹੈ। ਉਨ੍ਹਾਂ ਕਿਹਾ ਕਿ ਫੇਫੜਿਆਂ ਦੀਆਂ ਬਿਮਾਰੀਆਂ ਤੋਂ ਸ਼ੁਰੂਆਤੀ ਕਾਰਨ ਦਾ ਪਤਾ ਲਗਾ ਕੇ ਮਾਹਿਰ ਡਾਕਟਰਾਂ ਦੀ ਸਲਾਹ ਨਾਲ ਇਲਾਜ ਰਾਹੀਂ ਬਚਿਆ ਜਾ ਸਕਦਾ ਹੈ। ਜਿਲ੍ਹਾ ਟੀ.ਬੀ. ਅਫ਼ਸਰ ਡਾ. ਰਿਤੂ ਨੇ ਕਿਹਾ, “ਟੀ.ਬੀ. ਇੱਕ ਇਲਾਜਯੋਗ ਬਿਮਾਰੀ ਹੈ, ਪਰ ਇਸਦਾ ਇਲਾਜ ਸਮੇਂ ਸਿਰ ਸ਼ੁਰੂ ਕਰਨਾ ਬਹੁਤ ਜ਼ਰੂਰੀ ਹੈ। ਜੇ ਕਿਸੇ ਨੂੰ ਦੋ ਹਫ਼ਤਿਆਂ ਤੋਂ ਵੱਧ ਖੰਘ, ਬੁਖ਼ਾਰ, ਜਾਂ ਭਾਰ ਘਟਣ ਵਰਗੇ ਲੱਛਣ ਹੋਣ, ਤਾਂ ਉਸਨੂੰ ਤੁਰੰਤ ਜਾਂਚ ਕਰਵਾਉਣੀ ਚਾਹੀਦੀ ਹੈ।” ਇਸ ਦੌਰਾਨ ਡਾ. ਰਘੂ ਸੱਭਰਵਾਲ ਨੇ ਕਿਹਾ ਕਿ ਸਾਹ ਲੈਣਾ ਜੀਵਨ ਲਈ ਜ਼ਰੂਰੀ ਹੈ, ਅਤੇ ਫੇਫੜਿਆਂ ਦੀ ਸਿਹਤ ਸਰੀਰ ਦੇ ਹਰ ਹਿੱਸੇ ਨੂੰ ਪ੍ਰਭਾਵਿਤ ਕਰਦੀ ਹੈ। ਜ਼ਿਆਦਾਤਰ ਸਾਹ ਸੰਬੰਧੀ ਬਿਮਾਰੀਆਂ ਨੂੰ ਰੋਕਿਆ ਜਾ ਸਕਦਾ ਹੈ, ਪਰ ਇਹ ਸਾਡੇ ‘ਤੇ ਨਿਰਭਰ ਕਰਦਾ ਹੈ ਕਿ ਅਸੀਂ ਸੁਚੇਤ ਰਹੀਏ। ਇਸ ਲਈ ਸਾਨੂੰ ਹਵਾ ਪ੍ਰਦੂਸ਼ਣ ਨੂੰ ਘਟਾਉਣ ਲਈ ਉਪਰਾਲੇ ਕਰਨੇ ਚਾਹੀਦੇ ਹਨ ਤਾਂ ਜੋ ਹਵਾ ਦੀ ਗੁਣਵੱਤਾ ਨਾ ਵਿਗੜੇ। ਜਿੱਥੇ ਸੰਭਵ ਹੋ ਸਕੇ ਵਾਹਨਾਂ ਦੀ ਘੱਟ ਵਰਤੋਂ ਕਰਕੇ ਪੈਦਲ ਚੱਲਣ, ਸਾਈਕਲ ਚਲਾਉਣ ਨੂੰ ਤਰਜੀਹ ਦੇਣੀ ਚਾਹੀਦੀ ਹੈ। ਇਸ ਮੌਕੇ ਐਸ.ਐਮ.ਓ. ਡਾ. ਵਰਿੰਦਰ ਕੌਰ ਥਿੰਦ, ਡਾ. ਪਰਮਵੀਰ ਸਿੰਘ, ਡਾ. ਸੋਹਿਤ ਸਿੱਧੂ, ਡਿਪਟੀ ਮਾਸ ਮੀਡੀਆ ਅਫ਼ਸਰ ਅਸੀਮ ਸ਼ਰਮਾ ਅਤੇ ਜਿਲ੍ਹਾ ਬੀਸੀਸੀ ਕੋਆਰਡੀਨੇਟਰ ਨੀਰਜ ਸ਼ਰਮਾ ਅਤੇ ਸਿਹਤ ਵਿਭਾਗ ਦਾ ਸਟਾਫ ਮੌਜੂਦ ਸੀ।