
ਜਲੰਧਰ (25.04.2025): “ਵਿਸ਼ਵ ਮਲੇਰੀਆ ਦਿਵਸ” ਮੌਕੇ ਸਿਵਲ ਸਰਜਨ ਡਾ. ਗੁਰਮੀਤ ਲਾਲ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਸਿਹਤ ਵਿਭਾਗ ਜਲੰਧਰ ਵੱਲੋਂ ਸ਼ੁਕਰਵਾਰ ਨੂੰ ਸਰਕਾਰੀ ਮਿਡਲ ਸਕੂਲ ਰੋਜਾ ਸਹਿਫਲ ਰਹਿਮਨ ਵਿਖੇ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ। ਜਿਲ੍ਹਾ ਸਿਹਤ ਅਫ਼ਸਰ ਡਾ. ਸੁਖਵਿੰਦਰ ਸਿੰਘ ਦੀ ਅਗਵਾਈ ਹੇਠ ਸਿਹਤ ਵਿਭਾਗ ਦੀ ਟੀਮ ਵੱਲੋਂ ਸਕੂਲ ਵਿੱਚ ਪਹੁੰਚ ਕੇ ਸਭ ਤੋਂ ਪਹਿਲਾਂ ਲਾਰਵਾ ਪੈਦਾ ਹੋਣ ਦੀ ਸੰਭਾਵਨਾ ਵਾਲੀਆਂ ਥਾਵਾਂ ਦਾ ਨਿਰੀਖਣ ਕੀਤਾ ਗਿਆ ਅਤੇ ਸੰਬੰਧਤ ਸਟਾਫ਼ ਨੂੰ ਜਰੂਰੀ ਦਿਸ਼ਾ-ਨਿਰਦੇਸ਼ ਦਿੱਤੇ ਗਏ।
ਇਸ ਉਪਰੰਤ ਸਕੂਲ ਮੁਖੀ ਅਸ਼ਵਨੀ ਸੈਣੀ ਦੇ ਸਹਿਯੋਗ ਨਾਲ ਸਕੂਲੀ ਵਿਦਿਆਰਥੀਆਂ ਨੂੰ ਜਾਗਰੂਕ ਕਰਨ ਦੇ ਮਕਸਦ ਨਾਲ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਜਿਲ੍ਹਾ ਸਿਹਤ ਅਫ਼ਸਰ ਡੀ.ਐਚ.ਓ. ਡਾ. ਸੁਖਵਿੰਦਰ ਸਿੰਘ ਨੇ ਵਿਦਿਆਰਥੀਆਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਵਿਸ਼ਵ ਮਲੇਰੀਆ ਦਿਵਸ ਹਰ ਸਾਲ 25 ਅਪ੍ਰੈਲ ਨੂੰ ਇਸ ਬਿਮਾਰੀ ਵਿਰੁੱਧ ਜਾਗਰੂਕਤਾ ਪੈਦਾ ਕਰਨ ਲਈ ਮਨਾਇਆ ਜਾਂਦਾ ਹੈ। ਇਸ ਸਾਲ ਦਾ ਥੀਮ “ਮਲੇਰੀਆ ਸਾਡੇ ਨਾਲ ਖਤਮ ਹੁੰਦਾ ਹੈ: ਮੁੜ ਨਿਵੇਸ਼ ਕਰੋ, ਦੁਬਾਰਾ ਕਲਪਨਾ ਕਰੋ, ਦੁਬਾਰਾ ਜਗਾਓ” ਦਾ ਉਦੇਸ਼ ਮਲੇਰੀਆ ਦੇ ਖਾਤਮੇ ਵੱਲ ਪ੍ਰਗਤੀ ਨੂੰ ਤੇਜ਼ ਕਰਨ ਲਈ, ਵਿਸ਼ਵ ਨੀਤੀ ਤੋਂ ਲੈ ਕੇ ਭਾਈਚਾਰਕ ਕਾਰਵਾਈ ਤੱਕ ਸਾਰੇ ਪੱਧਰਾਂ ‘ਤੇ ਯਤਨਾਂ ਨੂੰ ਮੁੜ ਸੁਰਜੀਤ ਕਰਨਾ ਹੈ।
ਡਾ. ਸੁਖਵਿੰਦਰ ਸਿੰਘ ਨੇ ਦੱਸਿਆ ਕਿ ਮਲੇਰੀਆ ਇੱਕ ਬਿਮਾਰੀ ਹੈ ਜੋ ਮੁੱਖ ਤੌਰ ‘ਤੇ ਮੱਛਰ ਦੇ ਕੱਟਣ ਨਾਲ ਹੁੰਦੀ ਹੈ, ਇਸ ਬਿਮਾਰੀ ਵਿੱਚ, ਲੋਕਾਂ ਨੂੰ ਤੇਜ਼ ਬੁਖਾਰ ਅਤੇ ਸਰੀਰ ਵਿੱਚ ਕੰਬਣੀ ਜਿਹੀਆਂ ਸਮੱਸਿਆਵਾਂ ਹੁੰਦੀਆਂ ਹਨ। ਇਸ ਬਿਮਾਰੀ ਬਾਰੇ ਜਾਗਰੂਕਤਾ ਫੈਲਾਉਣ ਲਈ ਹਰ ਸਾਲ ਵਿਸ਼ਵ ਮਲੇਰੀਆ ਦਿਵਸ ਮਨਾਇਆ ਜਾਂਦਾ ਹੈ ਤਾਂ ਜੋ ਲੋਕ ਇਸ ਦੀ ਰੋਕਥਾਮ ਬਾਰੇ ਚੰਗੀ ਤਰ੍ਹਾਂ ਸਮਝ ਸਕਣ।
ਸੈਮੀਨਾਰ ਦੌਰਾਨ ਡਿਪਟੀ ਐਮ.ਈ.ਆਈ.ਓ. ਅਸੀਮ ਸ਼ਰਮਾ ਅਤੇ ਏ.ਐਮ.ਓ. ਡਾ. ਦੇਵ ਵੱਲੋਂ ਕਵਿਜ਼ ਪ੍ਰਤਿਯੋਗਿਤਾ ਕਰਵਾਈ ਗਈ। ਸਕੂਲੀ ਵਿਦਿਆਰਥੀਆਂ ਅੰਜਲੀ, ਅਨੁਜ, ਗੁਰਵਿੰਦਰ ਸਿੰਘ, ਮੋਹਿਨੀ, ਗੁਰਜੀਤ ਸਿੰਘ, ਰਜਨੀ, ਨੈਨਾ, ਕਰਨ, ਪ੍ਰਿੰਸੀ, ਸੀਜ਼ਲ, ਸਲੀਸ਼ਾ, ਆਂਚਲ, ਦਿਵਯਾਂਸ਼ੀ ਅਤੇ ਸੁਖਵੀਰ ਸਿੰਘ ਨੂੰ ਪ੍ਰਤਿਯੋਗਿਤਾ ਵਿੱਚ ਮਲੇਰੀਆ ਜਾਗਰੂਕਤਾ ਸੰਬੰਧੀ ਪੁੱਛੇ ਗਏ ਪ੍ਰਸ਼ਨਾਂ ਦੇ ਸਹੀ ਉੱਤਰ ਦੇਣ ‘ਤੇ ਪੈੱਨ ਦੇ ਕੇ ਪ੍ਰੋਤਸਾਹਿਤ ਕੀਤਾ ਗਿਆ।
ਸੈਮੀਨਾਰ ਦੇ ਅਖੀਰ ਵਿੱਚ ਜਿਲ੍ਹਾ ਸਿਹਤ ਅਫ਼ਸਰ ਡਾ. ਸੁਖਵਿੰਦਰ ਸਿੰਘ ਵੱਲੋਂ ਸਕੂਲ ਮੁਖੀ ਅਸ਼ਵਨੀ ਸੈਣੀ ਦਾ ਸੈਮੀਨਾਰ ਦੇ ਆਯੋਜਨ ਲਈ ਸਿਹਤ ਵਿਭਾਗ ਦਾ ਸਹਿਯੋਗ ਕਰਨ ਲਈ ਧੰਨਵਾਦ ਕੀਤਾ ਗਿਆ। ਇਸ ਉਪਰੰਤ ਸਕੂਲ ਮੁਖੀ ਅਸ਼ਵਨੀ ਸੈਣੀ ਵੱਲੋਂ ਜਿਲ੍ਹਾ ਸਿਹਤ ਅਫ਼ਸਰ ਨੂੰ ਮੁਮੈਂਟੋ ਦੇ ਕੇ ਸਨਮਾਨ ਕੀਤਾ ਗਿਆ। ਇਸ ਮੌਕੇ ਜਿਲ੍ਹਾ ਬੀਸੀਸੀ ਕੋਆਰਡੀਨੇਟਰ ਨੀਰਜ ਸ਼ਰਮਾ, ਰਾਜਪਾਲ ਐਮ.ਪੀ,ਐਚ.ਐਸ, ਜਤਿੰਦਰ ਸ਼ਰਮਾ ਅਤੇ ਸਕੂਲ ਸਟਾਫ ਮੌਜੂਦ ਸੀ।
ਮਲੇਰੀਆ ਦੇ ਖਾਤਮੇ ਲਈ ਸਮੂਹਿਕ ਯਤਨ ਕਰਨਾ ਸਾਡੀ ਸਾਰਿਆਂ ਦੀ ਜਿੰਮੇਵਾਰੀ: ਸਿਵਲ ਸਰਜਨ ਡਾ. ਗੁਰਮੀਤ ਲਾਲ
ਸਿਵਲ ਸਰਜਨ ਡਾ. ਗੁਰਮੀਤ ਲਾਲ ਨੇ ਵਿਸ਼ਵ ਮਲੇਰੀਆ ਦਿਵਸ ਮੌਕੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਲੇਰੀਆ ਇੱਕ ਘਾਤਕ ਬਿਮਾਰੀ ਹੈ, ਜੋ ਸੰਕਰਮਿਤ ਮੱਛਰਾਂ ਦੇ ਕੱਟਣ ਨਾਲ ਫੈਲਦੀ ਹੈ। ਮਾਦਾ ਐਨੋਫਿਲੀਜ਼ ਮੱਛਰ ਆਪਣੀ ਥੁੱਕ ਰਾਹੀਂ ਪਲਾਜ਼ਮੋਡੀਅਮ ਪਰਜੀਵੀ, ਜੋ ਮਲੇਰੀਆ ਦਾ ਕਾਰਨ ਬਣਦਾ ਹੈ, ਸੰਚਾਰਿਤ ਕਰਦਾ ਹੈ। “ਵਿਸ਼ਵ ਮਲੇਰੀਆ ਦਿਵਸ” ਦੇ ਮੌਕੇ ‘ਤੇ, ਇਹ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਹੈ ਕਿ ਅਸੀਂ ਮਲੇਰੀਆ ਵਰਗੀ ਘਾਤਕ ਬਿਮਾਰੀ ਬਾਰੇ ਜਾਗਰੂਕਤਾ ਫੈਲਾਈਏ ਅਤੇ ਇਸ ਨੂੰ ਖਤਮ ਕਰਨ ਲਈ ਸਮੂਹਿਕ ਯਤਨ ਕਰੀਏ। ਉਨ੍ਹਾਂ ਕਿਹਾ ਕਿ “ਵਿਸ਼ਵ ਮਲੇਰੀਆ ਦਿਵਸ” ਮਨਾਉਣ ਦਾ ਮਕਸਦ ਲੋਕਾਂ ਨੂੰ ਮਲੇਰੀਆ ਪ੍ਰਤੀ ਜਾਗਰੂਕ ਕਰਨਾ ਹੈ। ਇਸ ਦਿਨ ਨੂੰ ਮਨਾ ਕੇ ਲੋਕਾਂ ਨੂੰ ਮਲੇਰੀਆ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਜਾਂਦੀ ਹੈ। ਇਹ ਰੋਕਥਾਮਯੋਗ ਅਤੇ ਇਲਾਜਯੋਗ ਹੈ। ਜੇਕਰ ਤੁਹਾਨੂੰ ਇਸ ਵਾਇਰਸ ਦਾ ਪਤਾ ਚੱਲਦਾ ਹੈ, ਤਾਂ ਇਸਦਾ ਇਲਾਜ ਕਰਵਾਉਣ ਵਿੱਚ ਦੇਰੀ ਨਾ ਕਰੋ। ਸਰਕਾਰੀ ਹਸਪਤਾਲਾਂ ਵਿੱਚ ਡੇਂਗੂ, ਮਲੇਰੀਆ ਅਤੇ ਚਿਕਨਗੁਨੀਆ ਦੇ ਟੈਸਟ ਮੁਫਤ ਕੀਤੇ ਜਾਂਦੇ ਹਨ।