ਜਲੰਧਰ (25-04-2024): ਸਿਵਲ ਸਰਜਨ ਡਾ. ਜਗਦੀਪ ਚਾਵਲਾ ਦੇ ਦਿਸ਼ਾ-ਨਿਰਦੇਸ਼ਾਂ ਤਹਿਤ “ਵਿਸ਼ਵ ਮਲੇਰੀਆ ਦਿਵਸ’ ਮੌਕੇ ਸਿਹਤ ਵਿਭਾਗ ਜਲੰਧਰ ਵੱਲੋਂ ਵੀਰਵਾਰ ਨੂੰ ਐਮ.ਜੀ.ਐਨ. ਪਬਲਿਕ ਸਕੂਲ, ਆਦਰਸ਼ ਨਗਰ ਵਿਖੇ ਜਿਲ੍ਹਾ ਐਪੀਡਮੋਲੋਜਿਸਟ ਡਾ. ਆਦਿਤਯਪਾਲ ਅਤੇ ਡਾ. ਸ਼ੋਭਨਾ ਬਾਂਸਲ ਦੀ ਅਗਵਾਈ ਵਿੱਚ ਮਲੇਰੀਆ ਜਾਗਰੂਕਤਾ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਇਸ ਦੌਰਾਨ ਜਿਲ੍ਹਾ ਬੀ.ਸੀ.ਸੀ. ਕੋਆਰਡੀਨੇਟਰ ਨੀਰਜ ਸ਼ਰਮਾ ਵੀ ਉਨ੍ਹਾਂ ਨਾਲ ਮੋਜੂਦ ਸਨ। ਪ੍ਰਿੰਸੀਪਲ ਕੰਨਵਲਜੀਤ ਸਿੰਘ, ਸਕੂਲ ਸਟਾਫ ਪ੍ਰਦੀਪ ਸਿੰਘ ਅਤੇ ਸਕੂਲ-ਕੋਆਰਡੀਨੇਟਰ ਸਤਵਿੰਦਰ ਸਿੰਘ ਵੱਲੋਂ ਸਿਹਤ ਵਿਭਾਗ ਦੀ ਟੀਮ ਦਾ ਸਵਾਗਤ ਕੀਤਾ ਗਿਆ।
ਐਪੀਡਮੋਲੋਜਿਸਟ ਡਾ. ਆਦਿੱਤਅਪਾਲ ਵੱਲੋਂ ਸਕੂਲੀ ਵਿਦਿਆਰਥੀਆਂ ਨੂੰ ਮਲੇਰੀਆ ਦੇ ਲੱਛਣਾਂ ਬਾਰੇ ਜਾਣਕਾਰੀ ਦਿੰਦੇ ਹੋਏ ਇਸ ਤੋਂ ਬਚਾਅ ਪ੍ਰਤੀ ਜਾਗਰੂਕ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਵਿਸ਼ਵ ਮਲੇਰੀਆ ਦਿਵਸ ਹਰ ਸਾਲ 25 ਅਪ੍ਰੈਲ ਨੂੰ ਮਨਾਇਆ ਜਾਂਦਾ ਹੈ। ਇਸ ਸਾਲ ਇਸ ਦਿਵਸ ਨੂੰ ” ਐਕਸੀਲੀਰੇਟਿੰਗ ਦ ਫਾਈਟ ਅਗੇਨਸਟ ਮਲੇਰੀਆ ਫਾਰ ਮੋਰ ਇਕਵੇਟੇਬਲ ਵਰਲਡ” ਵਿਸ਼ੇ ਤਹਿਤ ਮਨਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਮਲੇਰੀਆ ਇੱਕ ਘਾਤਕ ਬਿਮਾਰੀ ਹੈ, ਮਲੇਰੀਆ ਬੁਖ਼ਾਰ ਮਾਦਾ ਮੱਛਰ ‘ਐਨਾਫਲੀਜ’ ਦੇ ਕੱਟਣ ਨਾਲ ਫੈਲਦਾ ਹੈ। ਇਹ ਮੱਛਰ ਖੜ੍ਹੇ ਸਾਫ਼ ਪਾਣੀ ‘ਚ ਪੈਦਾ ਹੁੰਦਾ ਹੈ। ਇਸ ਲਈ ਆਪਣੇ ਆਲੇ-ਦੁਆਲੇ ਕਿਸੇ ਵੀ ਥਾਂ ‘ਤੇ ਸਾਫ਼ ਪਾਣੀ ਜਮਾ ਨਾ ਹੋਣ ਦਿਓ ਅਤੇ ਦੂਸਰੇ ਲੋਕਾਂ ਨੂੰ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਪ੍ਰੇਰਿਤ ਕਰੋ।
ਜਿਲ੍ਹਾ ਐਪੀਡਮੋਲੋਜਿਸਟ ਡਾ. ਸ਼ੋਭਨਾ ਬਾਂਸਲ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਮਾਦਾ ਮੱਛਰ ‘ਐਨਾਫਲੀਜ’ ਰਾਤ ਵੇਲੇ ਕੱਟਦੇ ਹਨ। ਇਸ ਦੇ ਲੱਛਣ ਠੰਢ ਅਤੇ ਕਾਂਬੇ ਨਾਲ ਬੁਖ਼ਾਰ, ਤੇਜ਼ ਬੁਖ਼ਾਰ, ਉਲਟੀ, ਪੇਟ ‘ਚ ਮੱਠੀ ਦਰਦ, ਸਿਰਦਰਦ, ਬੁਖ਼ਾਰ ਉਤਰਨ ਤੋਂ ਬਾਅਦ ਥਕਾਵਟ ਕਮਜ਼ੋਰੀ ਤੇ ਪਸੀਨਾ ਆਉਣਾ ਆਦਿ ਹੁੰਦੇ ਹਨ। ਮਲੇਰੀਆ ਦੇ ਮਰੀਜ਼ਾਂ ਦਾ ਟੈਸਟ ਤੇ ਇਲਾਜ ਸਰਕਾਰੀ ਸਿਹਤ ਸੰਸਥਾਵਾਂ ‘ਚ ਮੁਫ਼ਤ ਕੀਤਾ ਜਾਂਦਾ ਹੈ। ਇਸ ਦੌਰਾਨ ਡਾ. ਸੋਭਨਾ ਵੱਲੋਂ ਸਿਹਤ ਵਿਭਾਗ ਵੱਲੋਂ ਮਨਾਏ ਜਾ ਰਹੇ ‘ਵਿਸ਼ਵ ਟੀਕਾਕਰਨ ਹਫ਼ਤੇ’ ਸੰਬੰਧੀ ਵੀ ਜਾਗਰੂਕ ਕੀਤਾ ਗਿਆ।
ਕੁਇਜ਼ ਕੰਪੀਟਿਸ਼ਨ ਅਤੇ ਡੀਬੇਟ ਵਿੱਚ ਭਾਗ ਲੈਣ ਵਾਲੀਆਂ ਟੀਮਾਂ ਨੂੰ ਕੀਤਾ ਸਨਮਾਨਿਤ
ਸੈਮੀਨਾਰ ਦੌਰਾਨ ਸਕੂਲੀ ਵਿਦਿਆਰਥੀਆਂ ਦਰਮਿਆਨ ਕੁਇਜ਼ ਕੰਪੀਟਿਸ਼ਨ ਅਤੇ ਡੀਬੇਟ ਵੀ ਕਰਵਾਈ ਗਈ। ਸਕੂਲੀ ਵਿਦਿਆਰਥੀਆਂ ਨੂੰ ਤਿੰਨ ਟੀਮਾਂ ਵਿੱਚ ਵੰਡੀਆ ਗਿਆ। ਜਿਸ ਦੌਰਾਨ ਵਿਦਿਆਰਥੀਆਂ ਨੂੰ ਮਲੇਰੀਆ ਥੀਮ ‘ਤੇ ਆਧਾਰਤ ਸਵਾਲ ਪੁੱਛੇ ਗਏ। ਡਾ. ਆਦਿਤਯਪਾਲ ਅਤੇ ਡਾ. ਸ਼ੋਭਨਾ ਬਾਂਸਲ ਵੱਲੋਂ ਸਭ ਤੋਂ ਵੱਧ ਸਹੀ ਜਵਾਬ ਦੇਣ ਵਾਲੀ ਟੀਮ ਨੂੰ ਅਵੱਲ ਆਉਣ ‘ਤੇ ਵਿਜੇਤਾ ਚੁਨੀਆ ਗਿਆ ਅਤੇ ਮੋਮੈਂਟੋ ਦੇ ਕੇ ਸਨਮਾਨਤ ਕੀਤਾ ਗਿਆ। ਦੂਜੇ ਅਤੇ ਤੀਜੇ ਸਥਾਨ ‘ਤੇ ਰਹਿਣ ਵਾਲੀਆਂ ਟੀਮਾਂ ਨੂੰ ਵੀ ਸਿਹਤ ਵਿਭਾਗ ਵੱਲੋਂ ਮੁਮੈਂਟੋ ਦੇ ਕੇ ਸਨਮਾਨਤ ਕੀਤਾ ਗਿਆ। ਸਮਾਰੋਹ ਦੇ ਅੰਤ ਵਿੱਚ ਪ੍ਰਿੰਸਿਪਲ ਕੰਨਵਲਜੀਤ ਵੱਲੋਂ ਸਿਹਤ ਵਿਭਾਗ ਦੀ ਟੀਮ ਦਾ ਧੰਨਵਾਦ ਕੀਤਾ ਗਿਆ ਅਤੇ ਵਿਦਿਆਰਥੀਆਂ ਨੂੰ ਸਿਹਤ ਵਿਭਾਗ ਵੱਲੋਂ ਮਲੇਰੀਆ ਤੇਂ ਬਚਾਅ ਪ੍ਰਤੀ ਦਿੱਤੀ ਜਾਣਕਾਰੀ ਨੂੰ ਆਪਣੇ ਸੰਬੰਧੀਆਂ ਅਤੇ ਆਸ ਪੜੋਸ ਦੇ ਲੋਕਾਂ ਤੱਕ ਪਹੁੰਚਾਉਣ ਲਈ ਪ੍ਰੋਤਸਾਹਿਤ ਕੀਤਾ ਗਿਆ।