
ਜਲੰਧਰ(30-01-2025): ਰਾਸ਼ਟਰ ਪਿਤਾ ਮਹਾਤਮਾ ਗਾਂਧੀ ਜੀ ਦੇ ਬਲੀਦਾਨ ਨੂੰ ਸਮਰਪਿਤ ‘ਵਿਸ਼ਵ ਲੈਪਰੋਸੀ ਦਿਵਸ’ ਦੇ ਸਬੰਧ ਵਿੱਚ ਸਿਹਤ ਵਿਭਾਗ ਜਲੰਧਰ ਵੱਲੋਂ ਸਿਵਲ ਸਰਜਨ ਡਾ. ਗੁਰਮੀਤ ਲਾਲ ਦੀ ਯੋਗ ਅਗਵਾਈ ਅਤੇ ਜਿਲ੍ਹਾ ਲੈਪਰੋਸੀ ਅਫਸਰ ਡਾ. ਦਲਜੀਤ ਸਿੰਘ ਦੀ ਦੇਖਰੇਖ ਹੇਠ ਕੁਸ਼ਟ ਆਸ਼ਰਮ ਜਲੰਧਰ ਵਿਖੇ ਜਿਲ੍ਹਾ ਪੱਧਰੀ ਆਯੋਜਨ ਕੀਤਾ ਗਿਆ। ਇਸ ਮੌਕੇ ‘ਤੇ ਸਿਵਲ ਸਰਜਨ ਡਾ. ਗੁਰਮੀਤ ਲਾਲ, ਜਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ. ਰਮਨ ਗੁਪਤਾ, ਡਾ. ਐਮ.ਐਸ. ਭੁਟਾਨੀ ਪ੍ਰੇਜੀਡੈਂਟ ਆਈ.ਐਮ.ਏ. ਜਲੰਧਰ, ਡਾ. ਪੂਜਾ ਕਪੂਰ ਸੈਕ੍ਰੇਟਰੀ ਆਈ.ਐਮ.ਏ., ਡਾ. ਅਲੋਕ ਲਲਵਾਨੀ ਆਈ.ਐਮ.ਏ., ਡਾ. ਵੰਦਨਾ ਲਾਲਵਾਨੀ, ਡਾ. ਮੀਨਾਕਸ਼ੀ ਆਨੰਦ, ਡਾ. ਜਸਵਿੰਦਰ ਸਿੰਘ, ਜਿਲ੍ਹਾ ਲੈਪਰੋਸੀ ਅਫਸਰ ਡਾ. ਦਲਜੀਤ ਸਿੰਘ, ਸ਼੍ਰੀ ਹਰਬੰਸ ਗਗਨੇਜਾ ਪ੍ਰਧਾਨ ਸਹਾਰਾ ਸੇਵਾ ਸੋਸਾਇਟੀ, ਐਨ.ਐਮ.ਐਸ. ਹਰਿੰਦਰ ਦੋਸਾਂਝ, ਡਿਪਟੀ ਐਮ.ਈ.ਆਈ.ਓ. ਅਸੀਮ ਸ਼ਰਮਾ ਵਲੋਂ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਜੀ ਦੀ ਪ੍ਰਤਿਮਾ ‘ਤੇ ਸ਼ਰਧਾ -ਸੁਮਨ ਭੇਂਟ ਕੀਤੇ ਗਏ ਅਤੇ ਦੋ ਮਿੰਟ ਦਾ ਮੌਨ ਵੀ ਧਾਰਨ ਕੀਤਾ ਗਿਆ। ਇਸ ਮੌਕੇ ਸਿਹਤ ਵਿਭਾਗ ਜਲੰਧਰ ਅਤੇ ਇੰਡੀਅਨ ਮੈਡੀਕਲ ਐਸੋਸੀਏਸ਼ਨ ਵਲੋਂ ਕੁਸ਼ਟ ਆਸ਼ਰਮ ਵਿੱਚ ਮੌਜੂਦ ਲੋੜਵੰਦਾਂ ਨੂੰ ਦਵਾਈਆਂ ਅਤੇ ਹੋਰ ਖਾਣ ਪੀਣ ਵਾਲੀਆਂ ਵਸਤਾਂ ਆਦਿ ਵੀ ਵੰਡੀਆਂ ਗਈਆਂ।
ਸਿਵਲ ਸਰਜਨ ਡਾ. ਗੁਰਮੀਤ ਲਾਲ ਨੇ ਕਿਹਾ ਕਿ ਕੁਸ਼ਟ ਰੋਗ ਮਾਈਕੋਬੈਕਟੀਰੀਅਮ ਲੈਪਰਾ ਨਾਂ ਦੇ ਜੀਵਾਣੂ ਰਾਂਹੀ ਇਕ ਮਰੀਜ਼ ਤੋਂ ਦੂਜੇ ਮਰੀਜ਼ ਵਿੱਚ ਫੈਲਦਾ ਹੈ। ਉਨ੍ਹਾਂ ਕੁਸ਼ਟ ਰੋਗ ਦੇ ਲੱਛਣ ਅਤੇ ਇਸ ਬਿਮਾਰੀ ਤੋਂ ਹੋਣ ਵਾਲੀ ਅੰਗਹੀਣਤਾ ਬਾਰੇ ਦੱਸਿਆ ਕਿ ਕਿਸੇ ਸੁੰਨ, ਹਲਕੇ ਰੰਗ ਦੇ ਨਿਸ਼ਾਨ ਦੇ ਮਿਲਣ ‘ਤੇ ਨਜਦੀਕੀ ਸਿਹਤ ਸੰਸਥਾ ਤੋਂ ਮਾਹਿਰ ਡਾਕਟਰ ਤੋਂ ਤੁਰੰਤ ਜਾਂਚ ਕਰਵਾਓ ਅਤੇ ਜੇ ਸਮੇਂ ਸਿਰ ਇਲਾਜ਼ ਸ਼ੁਰੂ ਹੋ ਜਾਵੇ ਤਾਂ ਸਰੀਰਿਕ ਅੰਗਾਂ ਦਾ ਵਿਗਾੜ ਨਹੀਂ ਹੁੰਦਾ। ਜੇਕਰ ਕਿਸੇ ਵਿਅਕਤੀ ਦੇ ਸਰੀਰ ‘ਤੇ ਹਲਕਾ ਗੁਲਾਬੀ ਰੰਗ ਦਾ ਸੁੰਨ ਚਟਾਕ ਹੋਵੇ ਤਾਂ ਇਹ ਕੁਸ਼ਟ ਰੋਗ ਹੋ ਸਕਦਾ ਹੈ। ਐਮ.ਡੀ.ਟੀ. ਰਾਂਹੀ ਇਸ ਬਿਮਾਰੀ ਦਾ ਇਲਾਜ 100% ਹੋ ਜਾਂਦਾ ਹੈ ਅਤੇ ਇਸ ਤੋਂ ਹੋਣ ਵਾਲੀ ਅੰਗਹੀਣਤਾ ਨੂੰ ਸਮੇਂ ਸਿਰ ਰੋਕਿਆ ਜਾ ਸਕਦਾ ਹੈ।
-12 ਫਰਵਰੀ 2022 ਤੱਕ ਚਲਾਈ ਜਾਵੇਗੀ ਸਪਰਸ਼ ਕੁਸ਼ਟ ਜਾਗਰੂਕਤਾ ਮੁਹਿੰਮ
ਜਿਲ੍ਹਾ ਲੈਪਰੋਸੀ ਅਫ਼ਸਰ ਡਾ. ਦਲਜੀਤ ਸਿੰਘ ਵਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਸਿਹਤ ਵਿਭਾਗ ਵੱਲੋਂ ਸਪਰਸ਼ ਕੁਸ਼ਟ ਜਾਗਰੂਕਤਾ ਮੁਹਿੰਮ 30 ਜਨਵਰੀ, 2024 ਤੋਂ 12 ਫਰਵਰੀ, 2024 ਤੱਕ ਚਲਾਈ ਜਾਵੇਗੀ ਅਤੇ ਸਮੂਹ ਡਾਕਟਰਜ਼, ਪੈਰਾ ਮੈਡੀਕਲ ਸਟਾਫ ਅਤੇ ਆਸ਼ਾ ਵਰਕਰਾਂ ਵੱਲੋਂ ਸਾਰੀਆਂ ਸਿਹਤ ਸੰਸਥਾਵਾ ਵਿੱਚ ਪਬਲਿਕ ਮੀਟਿੰਗਾ ਕਰਕੇ ਲੋਕਾਂ ਨੂੰ ਕੁਸ਼ਟ ਰੋਗ ਬਾਰੇ ਜਾਗਰੂਕ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਹਰ ਸਾਲ ਕੁਸ਼ਟ ਰੋਗ ਦੇ 50 ਦੇ ਕਰੀਬ ਮਰੀਜ ਸਾਹਮਣੇ ਆ ਰਹੇ ਹਨ ਅਤੇ ਨੈਸ਼ਨਲ ਲੈਪਰੋਸੀ ਇਰੈਡੀਕੇਸ਼ਨ ਪ੍ਰੋਗਰਾਮ ਅਧੀਨ ਇਸ ਬਿਮਾਰੀ ਦਾ ਸਾਰਾ ਇਲਾਜ਼ ਸਰਕਾਰੀ ਸਿਹਤ ਸੰਸਥਾਵਾਂ ਵਿੱਚ 6 ਮਹੀਨੇ ਤੋਂ ਲੈ ਕੇ 1 ਸਾਲ ਤੱਕ ਮੁਫ਼ਤ ਕੀਤਾ ਜਾਂਦਾ ਹੈ।