ਚੰਡੀਗੜ () ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਫ਼ਸੀਲ ਤੋਂ ਬਣੀ ਭਰਤੀ ਕਮੇਟੀ ਦੇ ਮੈਬਰਾਂ ਸਰਦਾਰ ਮਨਪ੍ਰੀਤ ਸਿੰਘ ਇਯਾਲੀ, ਜੱਥੇਦਾਰ ਗੁਰਪ੍ਰਤਾਪ ਸਿੰਘ ਵਡਾਲਾ, ਸਰਦਾਰ ਇਕਬਾਲ ਸਿੰਘ ਝੂੰਦਾ, ਜੱਥੇਦਾਰ ਸੰਤਾ ਸਿੰਘ ਉਮੈਦਪੁਰ, ਬੀਬੀ ਸਤਵੰਤ ਕੌਰ ਵੱਲੋਂ ਭਰਤੀ ਦੇ ਆਗਾਜ਼ ਲਈ ਦਿੱਤੇ ਪ੍ਰੋਗਰਾਮ ਨੂੰ ਕਾਮਯਾਬ ਬਣਾਉਣ ਲਈ ਸਮੁੱਚੇ ਪੰਜਾਬ ਤੋਂ ਮਿਲੇ ਵੱਡੇ ਜਨ ਸਮਰਥਨ ਲਈ ਜਿੱਥੇ ਧੰਨਵਾਦ ਕੀਤਾ ਉਥੇ ਹੀ ਪੰਜਾਬ ਸਮੇਤ ਹਰਿਆਣਾ, ਦਿੱਲੀ, ਰਾਜਸਥਾਨ ਅਤੇ ਹਿਮਾਚਲ ਤੋਂ ਪਹੁੰਚੇ ਪੰਥ ਪ੍ਰਸਤ ਸੱਜਣਾਂ ਦਾ ਦਿਲ ਦੀ ਗਹਿਰਾਈਆਂ ਤੋਂ ਸਤਿਕਾਰ ਭੇਂਟ ਕੀਤਾ। ਭਰਤੀ ਕਮੇਟੀ ਨੇ ਕੀਤੇ ਗਏ ਪ੍ਰਬੰਧ ਘੱਟ ਪੈਣ ਅਤੇ ਭਰਤੀ ਲਈ ਕਾਪੀਆਂ ਦੀ ਮੰਗ ਪੂਰੀ ਨਾ ਹੋ ਸਕਣ ਲਈ ਮੁਆਫੀ ਮੰਗੀ ਅਤੇ ਦੁਹਰਾਇਆ ਕਿ ਆਉਣ ਵਾਲੇ ਦੋ ਚਾਰ ਦਿਨਾਂ ਅੰਦਰ ਕਾਪੀਆਂ ਦੀ ਮੰਗ ਨੂੰ ਪੂਰਾ ਕਰ ਦਿੱਤਾ ਜਾਵੇਗਾ।
ਪੰਜ ਮੈਂਬਰੀ ਭਰਤੀ ਕਮੇਟੀ ਵੱਲੋ ਭਰਤੀ ਲਈ ਮੀਟਿੰਗਾਂ ਦਾ ਪ੍ਰੋਗਰਾਮ ਜਾਰੀ ਕੀਤਾ ਗਿਆ ਹੈ ਜਿਸ ਤਹਿਤ
24 ਮਾਰਚ ਨੂੰ ਜ਼ਿਲਾ ਮਲੇਰਕੋਟਲਾ,
26 ਮਾਰਚ ਨੂੰ ਜ਼ਿਲਾ ਜਲੰਧਰ,
29 ਮਾਰਚ ਨੂੰ ਸੰਗਰੂਰ, 31 ਮਾਰਚ ਨੂੰ ਜ਼ਿਲਾ ਪਟਿਆਲਾ, 4 ਅਪ੍ਰੈਲ ਨੂੰ ਗੁਰਦਾਸਪੁਰ, 6 ਅਪ੍ਰੈਲ ਨੂੰ ਰੋਪੜ ਜ਼ਿਲੇ ਦੀਆਂ ਮੀਟਿੰਗ ਰੱਖੀਆਂ ਹਨ। ਜਿੱਥੋਂ ਵਰਕਰ ਭਰਤੀ ਸਬੰਧੀ ਕਾਪੀਆਂ ਵੀ ਲੈ ਸਕਣਗੇ। ਕਿਉਂਕਿ ਕਮੇਟੀ ਦੀ ਸੋਚ ਹੈ ਕੇ ਭਰਤੀ ਕਾਪੀ ਕੋਈ ਵੀ ਵਰਕਰ ਲੈ ਸਕਦਾ ਹੈ ਭਰਤੀ ਵਿੱਚ ਪਹਿਲਾਂ ਤੋਂ ਤਹਿ ਅਜਾਰੇਦਾਰੀ ਸਿਸਟਮ ਪ੍ਰਵਾਨ ਨਹੀ ਇਸੇ ਲਈ ਅਸੀ ਮਿਸਡ ਕਾਲ ਲਈ ਨੰਬਰ ਵੀ ਜਾਰੀ ਕੀਤਾ ਹੈ।
ਜਿਲਾ ਭਰਤੀ ਮੀਟਿੰਗਾਂ ਨੂੰ ਕਾਮਯਾਬ ਬਣਾਉਣ ਲਈ ਜ਼ਿਲੇ ਦੇ ਹਰ ਅਕਾਲੀ ਸੋਚ ਨੂੰ ਸਮਰਪਿਤ ਲੋਕਾਂ, ਪੰਜਾਬ ਹਿਤੈਸ਼ੀ ਲੋਕਾਂ, ਬੁੱਧੀਜੀਵੀ ਵਰਗ ਸਮੇਤ ਪੰਥ ਦਲ ਨਾਲ ਜੁੜੀ ਹਰ ਸੰਪਰਦਾ ਨੂੰ ਬੇਨਤੀ ਕਰਦਿਆਂ ਵੱਧ ਤੋਂ ਵੱਧ ਸ਼ਮੂਲੀਅਤ ਕਰਨ ਲਈ ਸੱਦਾ ਭੇਜਿਆ। ਇਸ ਤੋਂ ਇਲਾਵਾ ਇਹ ਬੇਨਤੀ ਵੀ ਖਾਸ ਤੌਰ ਤੇ ਕੀਤੀ ਗਈ ਕਿ ਜਿਸ ਜ਼ਿਲੇ ਵਿੱਚ ਮੀਟਿੰਗ ਰੱਖੀ ਗਈ ਹੈ, ਕਮੇਟੀ ਮੈਂਬਰਾਂ ਤੋਂ ਇਲਾਵਾ ਸਿਰਫ ਤੇ ਸਿਰਫ ਉਸੇ ਜ਼ਿਲੇ ਦੀ ਹੀ ਲੀਡਰਸ਼ਿਪ ਆਪਣੀ ਹਾਜ਼ਰੀ ਲਗਾਵੇਗੀ ਤਾਂ ਜੋ ਵਰਕਰਾਂ ਅਤੇ ਜ਼ਿਲਾ ਪੱਧਰੀ ਲੀਡਰਸ਼ਿਪ ਨਾਲ ਖੁੱਲ੍ਹੀਆਂ ਵਿਚਾਰਾਂ ਹੋ ਸਕਣ। ਬਾਕੀ ਲੀਡਰਸ਼ਿਪ ਆਪਣੇ-ਆਪਣੇ ਜਿਲੇ ਵਿੱਚ ਭਰਤੀ ਦਾ ਕੰਮ ਕਰੇਗੀ।
ਜਾਰੀ ਬਿਆਨ ਵਿੱਚ ਜਿੱਥੇ ਭਰਤੀ ਕਮੇਟੀ ਨੇ ਹਰ ਅਕਾਲੀ ਸੋਚ ਦੇ ਧਾਰਨੀ ਵਿਅਕਤੀ ਨੂੰ ਭਰਤੀ ਕਾਪੀਆਂ ਪ੍ਰਾਪਤ ਕਰਨ ਦੀ ਅਪੀਲ ਕੀਤੀ ਉਥੇ ਹੀ ਭਰਤੀ ਕਮੇਟੀ ਨੇ ਸਰਦਾਰ ਬਲਵਿੰਦਰ ਸਿੰਘ ਭੂੰਦੜ ਸਮੇਤ ਸਮੁੱਚੀ ਲੀਡਰਸ਼ਿਪ ਨੂੰ ਬੇਨਤੀ ਕੀਤੀ ਕਿ, ਸ਼੍ਰੋਮਣੀ ਅਕਾਲੀ ਦਲ ਨੂੰ ਤਕੜਾ ਕਰਨ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਫ਼ਸੀਲ ਤੋਂ ਬਣੀ ਭਰਤੀ ਕਮੇਟੀ ਤੋ ਭਰਤੀ ਲਈ ਕਾਪੀਆਂ ਪ੍ਰਾਪਤ ਕਰਕੇ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਕਰਨ ਅਤੇ ਅਧਾਰ ਗੁਆ ਚੁੱਕੀ ਲੀਡਰਸ਼ਿਪ ਦੇ ਬਦਲ ਵਜੋਂ ਨਵੀਂ ਲੀਡਰਸ਼ਿਪ ਨੂੰ ਅੱਗੇ ਲਿਆਉਣ ਲਈ ਆਪਣਾ ਫਰਜ ਅਦਾ ਕਰਨ।
ਇਸ ਦੇ ਨਾਲ ਹੀ ਭਰਤੀ ਕਮੇਟੀ ਨੇ ਮੁੜ ਦੁਹਰਾਇਆ ਕਿ ਭਰਤੀ ਅਧਾਰ ਕਾਰਡ, ਵੋਟਰ ਆਈ ਡੀ ਕਾਰਡ ਅਤੇ ਡ੍ਰਾਈਵਿੰਗ ਲਾਇਸੈਂਸ ਨੰਬਰ ਲੈ ਕੇ ਪੂਰਨ ਪਾਰਦਰਸ਼ਤਾ ਅਤੇ ਬਿਨਾ ਕਿਸੇ ਸਿਆਸੀ ਭੇਦ ਭਾਵ ਦੇ ਸ਼ੁਰੂ ਹੋਈ ਹੈ ਅਤੇ ਇਸ ਨੂੰ ਪੂਰਾ ਵੀ ਏਸੇ ਵਿਸ਼ਵਾਸ ਦੇ ਨਾਲ ਕੀਤਾ ਜਾਵੇਗਾ।