ਜਲੰਧਰ 24 ਜੁਲਾਈ : ਸਿਹਤ ਵਿਭਾਗ ਜਲੰਧਰ ਅਤੇ “ਫੁਲਕਾਰੀ ਆਲ ਵੂਮੈੱਨ ਆਰਗਨਾਈਜੇਸ਼ਨ” ਦੇ ਸਾਂਝੇ ਯਤਨਾਂ ਸਦਕਾ ਵੀਰਵਾਰ ਨੂੰ ਸਿਵਲ ਹਸਪਤਾਲ ਜਲੰਧਰ ਦੇ ਜੱਚਾ-ਬੱਚਾ ਸਿਹਤ ਕੇਂਦਰ ਵਿਖੇ ਸਰਵਾਈਕਲ ਕੈਂਸਰ ਸਕਰੀਨਿੰਗ ਕੈਂਪ ਆਯੋਜਿਤ ਕੀਤਾ ਗਿਆ। ਸਿਵਲ ਸਰਜਨ ਡਾ. ਗੁਰਮੀਤ ਲਾਲ ਨੇ ਕੈਂਪ ਦੀ ਰਸਮੀ ਸ਼ਰੂਆਤ ਕਰਦਿਆਂ ਕਿਹਾ ਕਿ ਸਰਵਾਈਕਲ ਕੈਂਸਰ ਇੱਕ ਅਜਿਹਾ ਰੋਗ ਹੈ ਜੋ ਮਾਹਿਰ ਡਾਕਟਰ ਦੀ ਸਲਾਹ ਅਤੇ ਸਮੇਂ ਸਿਰ ਸਕਰੀਨਿੰਗ ਰਾਂਹੀ ਪੂਰੀ ਤਰ੍ਹਾਂ ਰੋਕਿਆ ਜਾ ਸਕਦਾ ਹੈ। ਇਸ ਮੌਕੇ ਡਾ.ਰਮਨ ਗੁਪਤਾ ਜਿਲ੍ਹਾ ਪਰਿਵਾਰ ਭਲਾਈ ਅਫਸਰ, ਡਾ. ਵਰਿੰਦਰ ਕੌਰ ਥਿੰਦ ਐੱਸ. ਐੱਮ.ਓ.(ਗਾਇਨੀ), ਡਾ. ਸਤਿੰਦਰ ਬਜਾਜ ਐਸ.ਐੱਮ.ਓ., ਡਾ.ਪ੍ਰਿਅੰਕਾ, ਡਾ. ਸਵਾਤੀ, ਡਾ. ਪ੍ਰਭਸ਼ਰਨ ਕੌਰ, ਡਿਪਟੀ.ਐੱਮ.ਈ.ਆਈ.ਓ. ਅਸੀਮ ਸ਼ਰਮਾ ਵੀ ਮੌਜੂਦ ਸਨ।
ਸਿਵਲ ਸਰਜਨ ਡਾ. ਗਰਮੀਤ ਲਾਲ ਨੇ ਸਵੈ-ਸੇਵੀ ਸੰਸਥਾ “ਫੁਲਕਾਰੀ” ਦੇ ਸਕਰੀਨਿੰਗ ਕੈਂਪ ਆਯੋਜਨ ਕਰਨ ਦੇ ਇਸ ਉਪਰਾਲੇ ਦੀ ਸ਼ਾਲਾਘਾ ਕਰਦਿਆਂ ਕਿਹਾ ਕਿ ਭਵਿੱਖ ਦੀਆਂ ਪੀੜ੍ਹੀਆਂ ਨੂੰ ਇਲਾਜਯੋਗ ਕੈਂਸਰ ਤੋਂ ਬਚਾਉਣ ਦੀ ਦਿਸ਼ਾ ਵਿੱਚ ਵਧਾਇਆ ਗਿਆ ਇਹ ਇੱਕ ਮਹੱਤਵਪੂਰਨ ਕਦਮ ਹੈ। ਉਨ੍ਹਾਂ ਇਸ ਗੱਲ ਤੇ ਜ਼ੋਰ ਦਿੰਦਿਆ ਕਿਹਾ ਕਿ ਸਰਵਾਈਕਲ ਕੈਂਸਰ 100 ਪ੍ਰਤੀਸ਼ਤ ਇਲਾਜਯੋਗ ਹੈ ਅਤੇ ਸਮੇਂ ਸਿਰ ਜਾਂਚ ਅਤੇ ਐੱਚ.ਪੀ.ਵੀ. ਟੀਕਾਕਰਨ ਰਾਹੀਂ ਇਸ ਤੋਂ ਬਚਾਅ ਸੰਭਵ ਹੈ। ਸਿਵਲ ਸਰਜਨ ਨੇ ਫੁਲਕਾਰੀ ਸੰਗਠਨ ਦੇ ਮੈਂਬਰਾਂ ਨੂੰ ਅਪੀਲ ਕੀਤੀ ਕਿ ਵਿਲੇਜ ਹੈਲਥ, ਸੈਨੀਟੇਸ਼ਨ ਐਂਡ ਨਿਊਟ੍ਰਿਸ਼ਨ (ਵੀ.ਐੱਚ.ਐੱਸ.ਐੱਨ.ਸੀ.) ਕਮੇਟੀਆਂ ਨਾਲ ਤਾਲਮੇਲ ਕਰਕੇ ਜਿਲ੍ਹੇ ਦੇ ਪਿੰਡਾਂ ਤੱਕ ਵੀ ਇਹ ਜਾਗਰੂਕਤਾ ਫੈਲਾਈ ਜਾ ਸਕਦੀ ਹੈ ਅਤੇ ਅਜਿਹੇ ਕੈਂਪ ਲਗਾਉਣਾ ਲੋਕਾਂ ਲਈ ਲਾਭਕਾਰੀ ਸਿੱਧ ਹੋਣਗੇ।
ਸਿਵਲ ਸਰਜਨ ਵੱਲੋਂ ਜਾਣਕਾਰੀ ਦਿੰਦਿਆ ਦੱਸਿਆ ਕਿ “ਜੱਚਾ-ਬੱਚਾ ਸਿਹਤ ਕੇਂਦਰ” ਵਿੱਚ ਆਯੋਜਿਤ ਇਸ ਸਕਰੀਨਿੰਗ ਕੈਂਪ ਦੌਰਾਨ ਕੁਲ 21 ਔਰਤਾਂ ਦੀ ਸਕਰੀਨਿੰਗ ਕੀਤੀ ਗਈ। ਜਿਸ ਦੌਰਾਨ ਪੈਪ-ਸਮੀਅਰ ਟੈਸਟ ਰਾਹੀਂ ਸਰਵਾਈਕਲ ਕੈਂਸਰ ਦੀ ਮੁੱਢਲੀ ਪਛਾਣ ਲਈ ਜਾਂਚ ਕੀਤੀ ਗਈ।
ਜੱਚਾ-ਬੱਚਾ ਸਿਹਤ ਕੇਂਦਰ ਦੇ ਐੱਸ.ਐੱਮ.ਓ. ਡਾ. ਵਰਿੰਦਰ ਕੋਰ ਥਿੰਦ ਨੇ ਸਰਵਾਈਕਲ ਕੈਂਸਰ ਬਾਰੇ ਜਾਣਕਾਰੀ ਦਿੰਦਿਆ ਦੱਸਿਆ ਕਿ ਸਰਵਾਈਕਲ ਕੈਂਸਰ ਔਰਤਾਂ ਦੇ ਬੱਚੇਦਾਨੀ ਦੇ ਮੂੰਹ (ਸਰਵਿਕਸ) ਵਿੱਚ ਹੋਣ ਵਾਲਾ ਇੱਕ ਗੰਭੀਰ ਰੋਗ ਹੈ, ਜੋ ਆਮ ਤੌਰ ‘ਤੇ ਹਿਊਮਨ ਪੈਪੀਲੋਮਾ ਵਾਇਰਸ (ਐੱਚ.ਪੀ.ਵੀ.) ਦੇ ਕਾਰਨ ਹੁੰਦਾ ਹੈ। ਇਸ ਦੇ ਮੁੱਖ ਲੱਛਣਾਂ ਵਿੱਚ ਅਸਧਾਰਣ ਰਕਤਸ੍ਰਾਵ, ਪੇਟ ਹੇਠਾਂ ਦਰਦ ਅਤੇ ਸੰਭੋਗ ਸਮੇਂ ਦਰਦ ਸ਼ਾਮਿਲ ਹਨ। ਸਮੇਂ-ਸਿਰ ਪੈਪ ਟੈਸਟ ਜਾਂ ਐੱਚ.ਪੀ.ਵੀ. ਟੈਸਟ ਕਰਵਾ ਕੇ ਇਸ ਦੀ ਪਛਾਣ ਤੇ ਇਲਾਜ ਸੰਭਵ ਹੈ। “ਫੁਲਕਾਰੀ ਆਲ ਵੂਮੈੱਨ ਆਰਗਨਾਈਜੇਸ਼ਨ” ਦੇ ਪ੍ਰਧਾਨ ਅਦਵੈਤਾ ਤਿਵਾੜੀ, ਹਰਸੀਰਤ ਹੈਨਰੀ, ਅੰਜਲੀ ਦਾਦਾ ਮੁਖੀ ਕੌਂਕਰ ਕੈਂਸਰ ਵਿੰਗ ਅਤੇ ਮੈਡਮ ਮਨਿੰਦਰ ਨੇ ਵੀ ਸਰਵਾਈਕਲ ਕੈਂਸਰ ਬਾਰੇ ਮਹਿਲਾਵਾਂ ਨੂੰ ਜਾਣਕਾਰੀ ਦਿੱਤੀ ਅਤੇ ਸਕਰੀਨਿੰਗ ਲਈ ਉਤਸ਼ਾਹਿਤ ਕੀਤਾ ਗਿਆ।

Disclaimer : यह खबर उदयदर्पण न्यूज़ को सोशल मीडिया के माध्यम से प्राप्त हुई है। उदयदर्पण न्यूज़ इस खबर की आधिकारिक तौर पर पुष्टि नहीं करता है। यदि इस खबर से किसी व्यक्ति अथवा वर्ग को आपत्ति है, तो वह हमें संपर्क कर सकते हैं।