ਜਲੰਧਰ (02.03.2026) – ਸਿਵਲ ਸਰਜਨ ਡਾ. ਰਾਜੇਸ਼ ਗਰਗ ਵੱਲੋਂ ਜਿਲ੍ਹੇ ਦੇ ਸਮੂਹ ਐਸ.ਐਮ.ਓਜ਼ ਨੂੰ ਸੋਮਵਾਰ ਨੂੰ ਵੀਸੀ ਰਾਹੀਂ ਐਚ.ਪੀ.ਵੀ. ਟੀਕਾਕਰਨ ਮੁਹਿੰਮ ਸਬੰਧੀ ਜ਼ਰੂਰੀ ਹਦਾਇਤਾਂ ਦਿੱਤੀਆਂ ਗਈਆਂ। ਉਨ੍ਹਾਂ ਦੱਸਿਆ ਕਿ ਸਿਹਤ ਵਿਭਾਗ ਵੱਲੋਂ “ਸਵਸਥ ਨਾਰੀ” ਦ੍ਰਿਸ਼ਟੀਕੋਣ ਨੂੰ ਸਸ਼ਕਤ ਬਣਾਉਣ ਲਈ 90 ਦਿਨਾਂ ਹਿਊਮਨ ਪੈਪੀਲੋਮਾਵਾਇਰਸ (ਐੱਚਪੀਵੀ) ਟੀਕਾਕਰਨ ਮੁਹਿੰਮ ਮਿਸ਼ਨ ਮੋਡ ਵਿੱਚ ਸ਼ੁਰੂ ਕੀਤੀ ਗਈ ਹੈ, ਜਿਸ ਦੌਰਾਨ 14 ਸਾਲ ਦੀਆਂ ਅਤੇ ਇਸ ਤੋਂ ਵੱਧ ਉਮਰ ਦੀਆਂ ਕੁੜੀਆਂ ਲਈ ਹਿਊਮਨ ਪੈਪੀਲੋਮਾਵਾਇਰਸ (ਐੱਚਪੀਵੀ) ਟੀਕਾਕਰਨ ਕੀਤਾ ਜਾ ਰਿਹਾ ਹੈ।

ਸਿਵਲ ਸਰਜਨ ਡਾ. ਰਾਜੇਸ਼  ਗਰਗ ਨੇ ਕਿਹਾ ਕਿ ਸਰਵਾਈਕਲ ਕੈਂਸਰ ਨੂੰ ਖਤਮ ਕਰਨ ਅਤੇ ਨਾਰੀ ਸ਼ਕਤੀ ਨੂੰ ਸਸ਼ਕਤ ਬਣਾਉਣ ਵਿੱਚ ਇਹ ਮੁਹਿੰਮ ਮਹੱਤਵਪੂਰਨ ਭੂਮਿਕਾ ਨਿਭਾਏਗੀ। ਧੀਆਂ ਦੀ ਭਵਿੱਖੀ ਸਿਹਤ ਨੂੰ ਸੁਰੱਖਿਅਤ ਕਰਨ ਅਤੇ ਪ੍ਰੀਵੈਂਟਿਵ ਹੈਲਥਕੇਅਰ ਨੂੰ ਮਜ਼ਬੂਤ ਕਰਨ ਦੀ ਦਿਸ਼ਾ ਵੱਲ ਇਹ ਇੱਕ ਮਹੱਤਵਪੂਰਨ ਕਦਮ ਹੈ। ਸਿਵਲ ਸਰਜਨ ਨੇ ਦੱਸਿਆ ਕਿ ਇਹ ਟੀਕਾ ਸਰਕਾਰੀ ਸਿਹਤ ਸੰਸਥਾਵਾਂ ਜਿਲ੍ਹਾ ਹਸਪਤਾਲ, ਸਬ-ਡਿਵੀਜਨਲ ਹਸਪਤਾਲ, ਕਮਿਊਨਿਟੀ ਹੈਲਥ ਸੈਂਟਰ ਅਤੇ ਪ੍ਰਾਇਮਰੀ ਹੈਲਥ ਸੈਂਟਰਾਂ ਵਿੱਚ ਮੁਫ਼ਤ ਲਗਾਇਆ ਜਾਵੇਗੀ। ਉਨ੍ਹਾਂ ਸਮੂਹ ਐਸ.ਐਮ.ਓਜ਼ ਨੂੰ ਹਦਾਇਤ ਕੀਤੀ ਕਿ ਮੁਹਿੰਮ ਦੌਰਾਨ ਹਰੇਕ ਸੈਸ਼ਨ ਦੀ ਨਿਗਰਾਨੀ ਸਿਖਲਾਈ ਪ੍ਰਾਪਤ ਮੈਡੀਕਲ ਅਫਸਰਾਂ ਦੁਆਰਾ ਕੀਤੀ ਜਾਵੇ ਅਤੇ ਵੈਕਸੀਨ ਦੀ ਸੁਰੱਖਿਆ ਲਈ ਕੋਲਡ ਚੇਨ ਪੁਆਇੰਟਾਂ (ਸੀਸੀਪੀ) ਦੀ ਕਾਰਜਸ਼ੀਲਤਾ ਦੀ ਨਿਗਰਾਨੀ ਨੂੰ ਯਕੀਨੀ ਬਣਾਇਆ ਜਾਵੇ। ਇਹ ਟੀਕਾਕਰਨ ਸਵੈ-ਇੱਛੁਕ ਹੋਵੇਗਾ ਅਤੇ ਟੀਕਾਕਰਨ ਤੋਂ ਪਹਿਲਾਂ ਮਾਤਾ-ਪਿਤਾ/ਸਰਪ੍ਰਸਤ ਤੋਂ ਸੂਚਿਤ ਸਹਿਮਤੀ ਲਈ ਜਾਵੇਗੀ।

ਸਿਵਲ ਸਰਜਨ ਵੱਲੋਂ ਨੇ ਅਪੀਲ ਕਰਦਿਆਂ ਕਿਹਾ ਕਿ ਐੱਚਪੀਵੀ ਟੀਕਾਕਰਨ ਪ੍ਰੋਗਰਾਮ ਐੱਚਪੀਵੀ ਲਾਗ ਨੂੰ ਕੈਂਸਰ ਵਿੱਚ ਵਧਣ ਤੋਂ ਪਹਿਲਾਂ ਰੋਕ ਕੇ ਇਸ ਚੁਣੌਤੀ ਦਾ ਸਿੱਧੇ ਤੌਰ ‘ਤੇ ਸਮਾਧਾਨ ਕਰਦਾ ਹੈ ਇਸ ਲਈ ਲੋਕਾਂ ਨੂੰ ਇਸ ਮੁਹਿੰਮ ਸਫਲ ਬਣਾਉਣ ਵਿੱਚ ਪੂਰਾ ਸਹਿਯੋਗ ਦੇਣਾ ਚਾਹੀਦਾ ਹੈ। ਉਨ੍ਹਾਂ ਨੇ ਮਾਪਿਆਂ ਅਤੇ ਸਰਪ੍ਰਸਤਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਖੇਤਰ ਦੇ ਆਸ਼ਾ ਅਤੇ ਏਐਨਐਮ ਨਾਲ ਸੰਪਰਕ ਕਰਨ ਅਤੇ ਇਹ ਯਕੀਨੀ ਬਣਾਉਣ ਕਿ ਉਨ੍ਹਾਂ ਦੀਆਂ 14 ਸਾਲ ਦੀਆਂ ਧੀਆਂ ਨੂੰ ਐੱਚਪੀਵੀ ਟੀਕਾ ਜ਼ਰੂਰ ਲਗਵਾਇਆ ਜਾਵੇ ਤਾਂ ਜੋ ਧੀਆਂ ਲਈ ਇੱਕ ਸਿਹਤਮੰਦ, ਕੈਂਸਰ-ਮੁਕਤ ਭਵਿੱਖ ਨੂੰ ਯਕੀਨੀ ਬਣਾਇਆ ਜਾ ਸਕੇ।