
ਜਲੰਧਰ,15 ਜੁਲਾਈ,
ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਵਲੋਂ ਸਿਆਸੀ ਇਸ਼ਾਰੇ ਉੱਪਰ ਸੰਗਰੂਰ ਪ੍ਰਸ਼ਾਸਨ ਦੀ ਸ਼ਹਿ ਉੱਤੇ ਪਿੰਡ ਸ਼ਾਦੀਹਰੀ ਦੇ ਦਲਿਤਾਂ ਨਾਲ ਸ਼ਰੇਆਮ ਗੁੰਡਾਗਰਦੀ ਕਰਦੇ ਹੋਏ ਦਲਿਤਾਂ ਦੇ ਤੰਬੂਆਂ ਨੂੰ ਅੱਗ ਲਗਾਉਣ ਅਤੇ ਉਹਨਾਂ ਦੀ ਫ਼ਸਲ ਬਰਬਾਦ ਕਰਨ ਦੀ ਸ਼ਖਤ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਇਸਦਾ ਗੰਭੀਰ ਨੋਟਿਸ ਲਿਆ ਹੈ।
ਯੂਨੀਅਨ ਦੇ ਸੂਬਾ ਪ੍ਰਧਾਨ ਤਰਸੇਮ ਪੀਟਰ ਅਤੇ ਜਨਰਲ ਸਕੱਤਰ ਅਵਤਾਰ ਰਸੂਲਪੁਰ ਨੇ ਕਿਹਾ ਕਿ ਸੰਗਰੂਰ ਦਾ ਜ਼ਿਲ੍ਹਾ ਪੁਲਿਸ ਪ੍ਰਸ਼ਾਸਨ 25 ਜੁਲਾਈ ਨੂੰ ਪੰਜਾਬ ਨੂੰ ਪੁਲਿਸ ਰਾਜ ਵਿੱਚ ਤਬਦੀਲ ਕੀਤੇ ਜਾਣ ਦੇ ਵਿਰੋਧ ਵਿੱਚ ਮਜ਼ਦੂਰ ਅਤੇ ਕਿਸਾਨ ਰੈਲੀ ਵਿੱਚ ਹੋਣ ਵਾਲੇ ਇਕੱਠ ਤੋਂ ਘਬਰਾਇਆ ਹੋਇਆ ਹੈ । ਜ਼ਿਲ੍ਹੇ ਅੰਦਰ ਜਾਣ ਬੁਝ ਕੇ ਇਹੋ ਜਿਹੇ ਹਾਲਾਤ ਪੈਦਾ ਕਰਨਾ ਚਾਹੁੰਦਾ ਹੈ ਤਾਂ ਕਿ ਹੋ ਰਹੀ ਰੈਲੀ ਨੂੰ ਲਾਅ ਐਂਡ ਆਰਡਰ ਦੀ ਸਮੱਸਿਆ ਬਣਾ ਕੇ ਰੋਕਣ ਦਾ ਬਹਾਨਾਂ ਮਿਲ ਸਕੇ। ਇਸ ਕਰਕੇ ਹੀ ਗਿਣੀ ਮਿਥੀ ਯੋਜਨਾ ਦੇ ਤਹਿਤ ਸ਼ਾਦੀਹਰੀ ਵਿੱਚ ਪੁਲਿਸ ਦੇ ਸਹਿ ਪ੍ਰਾਪਤ ਗੁੰਡਿਆਂ ਵਲੋਂ ਮਜ਼ਦੂਰਾਂ ਤੇ ਹਮਲਾ ਕਰਕੇ ਉਹਨਾਂ ਦੇ ਤੰਬੂਆਂ ਨੂੰ ਸ਼ਰੇਆਮ ਅੱਗ ਲਗਾਈ ਗਈ ਅਤੇ ਉਹਨਾਂ ਦੀ ਫ਼ਸਲ ਬਰਬਾਦ ਕੀਤੀ ਗਈ ਹੈ। ਇਸ ਤਰ੍ਹਾਂ ਕਰਕੇ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਜ਼ਮੀਨੀ ਘੋਲ ਨੂੰ ਪੁਲਿਸ ਅਤੇ ਗੁੰਡਿਆਂ ਦੀ ਦਹਿਸ਼ਤ ਨਾਲ ਦਬਾਇਆ ਜਾ ਸਕੇ।
ਯੂਨੀਅਨ ਨੇ ਮੰਗ ਕੀਤੀ ਕਿ ਦਲਿਤ ਮਜ਼ਦੂਰਾਂ ਨਾਲ ਗੁੰਡਾਗਰਦੀ ਕਰਨ ਅਤੇ ਉਹਨਾਂ ਦੇ ਤੰਬੂਆਂ ਨੂੰ ਅੱਗ ਲਗਾਉਣ ਵਾਲਿਆਂ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ।
ਜਥੇਬੰਦੀ ਨੇ ਮਜ਼ਦੂਰਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਇਸ ਗੁੰਡਾਗਰਦੀ ਦਾ ਡੱਟ ਕੇ ਵਿਰੋਧ ਕੀਤਾ ਜਾਵੇ।