
ਚੰਡੀਗੜ੍ਹ /ਲੁਧਿਆਣਾ :ਮੀਡੀਆ ਵਿੱਚ ਛਪੀਆਂ ਖਬਰਾਂ ਮੁਤਾਬਕ ਸ੍ਰੀਮਤੀ ਸੁਰਿੰਦਰ ਕੌਰ ਰਾਜਪੂਤ ਬਰਾਦਰੀ ਨਾਲ ਸਬੰਧਤ ਹੈ ਤੇ ਜਾਪਦਾ ਹੈ ਉਸ ਨੇ ਸਿਰਕੀਬੰਦ (ਰਾਜਪੂਤ) ਦਾ ਅਨੁਸੂਚਿਤ ਜਾਤੀ ਸਰਟੀਫਿਕੇਟ ਬਣਾਇਆ ਹੋਵੇਗਾ। ਪੰਜਾਬ ਅੰਦਰ ਸਿਰਕੀਬੰਦ ਜਾਤੀ, ਮਹਾਤਮ ਤੇ ਰਾਏ ਸਿੱਖ ਲੋਕ ਇੱਕੋ ਬਰਾਦਰੀ ਅਤੇ ਅਨੁਸੂਚਿਤ ਜਾਤੀ ਨਾਲ ਸਬੰਧਤ ਹਨ ਜਿਵੇਂ ਚਮਾਰ, ਆਦਿ ਧਰਮੀ, ਰਵਿਦਾਸੀਆ ਤੇ ਮੋਚੀ ਆਦਿ ਇੱਕੋ ਬਰਾਦਰੀ ਦੇ ਵੱਖ-ਵੱਖ ਨਾਂ ਹਨ। ਸਿਰਕੀਬੰਦ ਰਾਜਪੂਤ ਨਾਂ ਦੀ ਕੋਈ ਜਾਤੀ ਨਹੀ ਹੈ। ਭਾਰਤ ਸਰਕਾਰ ਵੱਲੋਂ ਪੰਜਾਬ ਅੰਦਰ 39 ਜਾਤੀਆਂ ਦੀ ਨੋਟੀਫਿਕੇਸ਼ਨ ਹੋ ਚੁੱਕੀ ਹੈ ਪਰ ਸਿਰਕੀਬੰਦ-ਰਾਜਪੂਤ ਨਾਂ ਦੀ ਕੋਈ ਜਾਤੀ ਨਹੀ ਹੈ। ਉੱਚ ਜਾਤੀ ਰਾਜਪੂਤਾਂ ਵੱਲੋਂ ਸਰਕਾਰੀ ਨੌਕਰੀਆਂ ਅਤੇ ਡਾਕਟਰਾਂ ਆਦਿ ਦੇ ਦਾਖਲੇ ਜਾਲ਼ੀ ਸਿਰਕੀਬੰਦ ਸਰਟੀਫਿਕੇਟ ਬਣਾ ਕੇ ਗਰੀਬ ਅਨੁਸੂਚਿਤ ਜਾਤੀਆਂ ਨਾਲ ਧੱਕਾ ਕੀਤਾ ਜਾ ਰਿਹਾ ਹੈ। ਆਲਮਪੁਰ ਪਿੰਡ ਜਿਲਾ ਪਟਿਆਲ਼ਾ ਦੇ ਸਰਪੰਚ ਤੇ ਪੰਚ ਸਮੇਤ ਛੇ ਜਾਹਲੀ ਸਰਟੀਫਿਕੇਟ ਜਿਹੜੇ ਰਾਜਪੂਤ ਬਰਾਦਰੀ ਨੇ ਸਿਰਕੀਬੰਦ ਨਾਂ ਹੇਠ ਬਣਾਏ ਸਨ ਕੈਂਸਲ ਹੋ ਚੁੱਕੇ ਹਨ ਤੇ ਹਾਈਕੋਰਟ ਨੇ ਵੀ ਅਜਿਹੇ ਹੁਕਮਾਂ ਤੇ ਮੋਹਰ ਲਾ ਦਿੱਤੀ ਹੈ। ਰਾਜਪੁਰਾ ਤਹਿਸੀਲ , ਜਿਲਾ ਪਟਿਆਲ਼ਾ ਦੀ ਇੱਕ 2018 ਤੋਂ MBBS ਕਰ ਰਹੀ ਲੜਕੀ ਰਵਨੀਤ ਕੌਰ ਜਿਹੜੀ ਰਾਜਪੂਤ ਜਾਤੀ ਨਾਲ ਸਬੰਧਤ ਸੀ ਤੇ ਸਿਰਕੀਬੰਦ ਸਰਟੀਫਿਕੇਟ ਬਣਾ ਕੇ ਅਡਮਿਸ਼ਨ ਲਿਆ ਸੀ, ਪੂਰੀ ਪੜਤਾਲ ਕਰਨ ਉਪਰੰਤ ਵਾਈਸ ਚਾਂਸਲਰ ਡਾਃ ਰਾਜ ਬਹਾਦੁਰ ਵੱਲੋਂ ਅਡਮਿਸ਼ਨ ਕੈਸਲ ਕਰ ਦਿੱਤਾ ਗਿਆ। ਅਜਿਹੇ ਅਨੇਕਾਂ ਕੇਸ ਪੰਜਾਬ ਵਿੱਚ ਜਾਹਲੀ ਅਨੁਸੂਚਿਤ ਜਾਤੀਆਂ ਦੇ ਸਰਟੀਫਿਕੇਟ ਬਣਾ ਕੇ ਗਰੀਬ ਐਸ ਸੀ ਬੱਚਿਆਂ ਦਾ ਭਵਿੱਖ ਮਾਰਿਆ ਜਾ ਰਿਹਾ ਹੈ। ਹੋਰ ਤਾਂ ਹੋਰ ਜੇਕਰ ਐਮ ਐਲ ਏ ਵੀ ਉੱਚ ਜਾਤੀ ਲੋਕ ਜਾਅਲੀ ਸਰਟੀਫਿਕੇਟ ਬਣਾ ਕੇ ਲੱਗ ਗਏ ਤਾਂ ਪੰਜਾਬ ਅੰਦਰ ਕਨੂੰਨ ਦੀ ਪਾਲਣਾ ਦਾ ਅੰਦਾਜ਼ਾ ਸਹਿਜੇ ਹੀ ਲਾਇਆ ਜਾ ਸਕਦਾ ਹੈ। ਭਾਵੇਂ ਇਹ ਪੜਤਾਲ ਦਾ ਵਿਸ਼ਾ ਹੈ ਕਿ ਸੁਰਜੀਤ ਕੌਰ ਉਮੀਦਵਾਰ ਜਲੰਧਰ ਵੈਸਟ ਸਿਰਕੀਬੰਦ ਹੈ, ਰਾਜਪੂਤ ਹੈ ਜਾਂ ਸਿਰਕੀਬੰਦ-ਰਾਜਪੂਤ ਜਿਵੇਂ ਕੇ ਮੀਡੀਆ ਤੋ ਪੜ੍ਹਿਆ ਹੈ ਪਰ ਇਹ ਸ਼ਤ ਪ੍ਰਤੀ ਸ਼ਤ ਸਹੀ ਹੈ ਕੇ ਜਾਹਲੀ ਅਨੁਸੂਚਿਤ ਜਾਤੀ ਸਰਟੀਫਿਕੇਟਾਂ ਨੂੰ ਲੈ ਕੇ ਪੰਜਾਬ ਸਰਕਾਰ ਘੇਸਲ ਮਾਰ ਕੇ ਸੁੱਤੀ ਪਈ ਹੈ। ਪਿੱਛੇ ਜਿਹੇ ਅੰਮ੍ਰਿਤ ਮਾਨ ਪੰਜਾਬੀ ਗਾਇਕ ਜਿਹਨੇ ਗਾਣਾ ਗਾਇਆ ਸੀ , “ਜੱਟ ਦੀ ਮੁੱਛ ਡਬਲਯੂ ਵਰਗੀ”, ਦੇ ਪਿਤਾ ਜੀ ਨੇ ਵੀ ਜਾਅਲੀ ਅਨੁਸੂਚਿਤ ਜਾਤੀ ਸਰਟੀਫਿਕੇਟ ਤੇ ਸਰਕਾਰੀ ਨੌਕਰੀ ਕੀਤੀ ਤੇ ਪ੍ਰਿੰਸੀਪਲ ਦੇ ਔਹਦੇ ਤੇ ਪਹੁੰਚ ਕੇ ਸੇਵਾ ਮੁੱਕਤ ਹੋਇਆ। ਇੱਕ ਮਨਜੀਤ ਸਿੰਘ ਸੇਖੋਂ ਜੱਟ ਬਰਾਦਰੀ ਦਾ ਪੀ ਡਬਲਯੂ ਡੀ ਡਿਪਾਰਟਮੈਂਟ ਵਿੱਚ ਅੱਜ ਵੀ ਐਸ ਡੀ ੳ ਲੱਗਾ ਹੋਇਆ ਹੈ। ਕਈ ਸ਼ਿਕਾਇਤਾਂ ਪੰਜਾਬ ਸਰਕਾਰ ਕੋਲ ਲੰਬਿਤ ਹਨ ਪਰ ਸਰਕਾਰੀ ਅਫਸਰ ਸੰਜੀਦਗੀ ਨਾਲ ਪੜਤਾਲ ਨਹੀਂ ਕਰਦੇ। ਮੰਤਰੀ ਤੇ ਸਾਬਕਾ ਮੰਤਰੀ ਅਜਿਹੇ ਜਾਹਲੀ ਬੰਦਿਆਂ ਦੀਆਂ ਸਿਫਾਰਸ਼ਾਂ ਕਰਦੇ ਹਨ ਕਿ ਚਲੋ ਛੱਡੋ ਪਰੇ। ਜੇਕਰ ਹੁਣ ਐਮ ਐਲ ਏ ਵੀ ਉੱਚ ਜਾਤੀ ਲੋਕ ਹੀ ਬਣ ਗਏ ਤਾਂ ਰਾਖਵਾਂਕਰਣ ਕੀ ਕਰਨਾ, ਖਤਮ ਹੀ ਕਰ ਦਿਓ। ਪੰਜਾਬ ਸਰਕਾਰ ਤੇ ਅਫਸਰਾਂ ਨੂੰ ਨੀਂਦ ਤਿਆਗ ਕੇ ਕਨੂੰਨ ਦਾ ਰਾਜ ਸੈਟ ਕਰਨ ਲਈ ਯਤਨ ਕਰਨ ਦੀ ਲੋੜ ਹੈ। ਸੁਰਜੀਤ ਕੌਰ ਦਾ ਮਸਲਾ ਪੰਜਾਬ ਸਰਕਾਰ ਨੂੰ ਸੰਜੀਦਗੀ ਨਾਲ ਲੈਣਾ ਚਾਹੀਦਾ ਹੈ ਤੇ ਐਕਟ ਵਿੱਚ ਸੋਧ ਕਰ ਕੇ ਅਨੁਸੂਚਿਤ ਜਾਤੀ ਸਰਟੀਫਿਕੇਟ ਜਾਰੀ ਕਰਨ ਦੀ ਵਿਧੀ ਵਿੱਚ ਜ਼ਬਰਦਸਤ ਸੁਧਾਰ ਲਿਆਉਣ ਦੀ ਲੋੜ ਹੈ ਜਿਵੇਂ ਮਾਹਾਰਾਸ਼ਟਰ ਤੇ ਉੜੀਆ ਸਰਕਾਰਾਂ ਨੇ ਜਾਹਲੀ ਸਰਟੀਫਿਕੇਟਾਂ ਨੂੰ ਨੱਥ ਪਾਈ ਹੈ।