
ਜਲੰਧਰ (01-08-2025): ਸਿਹਤ ਵਿਭਾਗ ਵੱਲੋਂ ਡੇਂਗੂ ਰੋਕਥਾਮ ਦੇ ਮੱਦੇਨਜ਼ਰ “ਹਰ ਸ਼ੁੱਕਰਵਾਰ – ਡੇਂਗੂ ‘ਤੇ ਵਾਰ” ਮੁਹਿੰਮ ਲਗਾਤਾਰ ਜਾਰੀ ਹੈ। ਬਰਸਾਤੀ ਸੀਜਨ ਦੇ ਮੱਦੇਨਜਰ ਲੋਕਾਂ ਨੂੰ ਜਾਗਰੂਕ ਕਰਨ ਦੇ ਮੰਤਵ ਨਾਲ ਸਿਵਲ ਸਰਜਨ ਡਾ. ਗੁਰਮੀਤ ਲਾਲ ਨੇ ਸ਼ੁੱਕਰਵਾਰ ਨੂੰ ਅਲੀ ਮੁਹੱਲੇ, ਜਲੰਧਰ ਵਿਖੇ ਲੋਕਾਂ ਨੂੰ ਡੇਂਗੂ, ਮਲੇਰੀਆ ਬਾਰੇ ਜਾਗਰੂਕ ਕੀਤਾ। ਸਿਵਲ ਸਰਜਨ ਨੇ ਸਾਈਂ ਦਾਸ ਏਐਸ ਸਕੂਲ ਅਲੀ ਮੁਹੱਲਾ ਸ਼ਾਖਾ ਵਿਖੇ ਹੈੱਡ ਟੀਚਰ ਮੀਰਾ, ਮਿਸ ਨੇਹਾ ਦੇ ਨਾਲ ਮਿਲ ਕੇ ਵਿਦਿਆਰਥੀਆਂ ਨੂੰ ਬੋਤਲ ਵਿੱਚ ਡੇਂਗੂ ਲਾਰਵੇ ਨੂੰ ਦਿਖਾਉਂਦੇ ਹੋਏ ਲਾਰਵੇ ਦੀ ਪਛਾਣ ਬਾਰੇ ਜਾਣਕਾਰੀ ਸਾਂਝਾ ਕੀਤੀ।
ਸਿਵਲ ਸਰਜਨ ਨੇ ਦੱਸਿਆ ਕਿ ਡੇਂਗੂ ਬੁਖਾਰ ਏਡੀਜ਼ ਅਜਿਪਟੀ ਮੱਛਰ ਦੇ ਕੱਟਣ ਨਾਲ ਹੁੰਦਾ ਹੈ ਅਤੇ ਡੇਂਗੂ ਮੱਛਰ ਦਾ ਲਾਰਵਾ ਸਾਫ ਖੜੇ ਪਾਣੀ ਵਿੱਚ ਪੈਦਾ ਹੁੰਦਾ ਹੈ, ਇਹ ਮੱਛਰ ਦਿਨ ਸਮੇਂ ਹੀ ਕੱਟਦਾ ਹੈ। ਡੇਂਗੂ ਦੇ ਲੱਛਣਾਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਤੇਜ ਬੁਖਾਰ, ਸਿਰਦਰਦ, ਮਸੂੜਿਆਂ ਤੇ ਨੱਕ ਵਿੱਚੋਂ ਖੂਨ ਵੱਗਣਾ, ਮਾਸਪੇਸ਼ੀਆਂ ਵਿੱਚ ਦਰਦ, ਅੱਖਾਂ ਦੇ ਪਿਛਲੇ ਹਿੱਸੇਆਂ ਵਿੱਚ ਦਰਦ, ਡੇਂਗੂ ਬੁਖਾਰ ਦੇ ਮੁੱਖ ਲੱਛਣ ਹਨ। ਇਹ ਲੱਛਣ ਦਿਸਣ ‘ਤੇ ਨਜਦੀਕੀ ਸਰਕਾਰੀ ਸਿਹਤ ਸੰਸਥਾ ਨਾਲ ਸੰਪਰਕ ਕਰੋ। ਉਨ੍ਹਾਂ ਕਿਹਾ ਕਿ ਕੋਈ ਵੀ ਵਿਅਕਤੀ ਡੇਂਗੂ ਦੇ ਲੱਛਣ ਦਿਸਣ ‘ਤੇ ਨਜ਼ਦੀਕੀ ਆਮ ਆਦਮੀ ਕਲੀਨਿਕ ਵਿਖੇ ਵੀ ਆਪਣੀ ਸਿਹਤ ਜਾਂਚ ਕਰਵਾ ਸਕਦਾ ਹੈ।
ਸਿਵਲ ਸਰਜਨ ਡਾ. ਗੁਰਮੀਤ ਲਾਲ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਹਰ ਸ਼ੁੱਕਰਵਾਰ ਨੂੰ ਡਰਾਈ-ਡੇ ਫ੍ਰਾਈ-ਡੇ ਵਜੋਂ ਮਨਾਇਆ ਜਾਵੇ, ਜਿਸ ਦੌਰਾਨ ਡੇਂਗੂ ਤੋਂ ਬਚਾਓ ਲਈ ਕੂਲਰਾਂ ਅਤੇ ਗਮਲੇਆਂ ਦੀਆਂ ਟ੍ਰੇਆਂ ‘ਚ ਖੜੇ ਪਾਣੀ ਨੂੰ ਹਫਤੇ ਵਿੱਚ ਇਕ ਵਾਰ ਸਾਫ ਜਰੂਰ ਕਰਨਾ ਚਾਹੀਦਾ ਹੈ। ਸਰੀਰ ਨੂੰ ਪੂਰੀ ਤਰ੍ਹਾਂ ਢੱਕਣ ਵਾਲੇ ਕੱਪੜੇ ਪਹਿਨਣੇ ਚਾਹੀਦੇ ਹਨ ਤਾਂ ਜੋ ਮੱਛਰ ਨਾ ਕੱਟ ਸਕੇ। ਟੁੱਟੇ ਬਰਤਨਾਂ, ਡਰੰਮਾਂ ਅਤੇ ਟਾਇਰਾਂ ਆਦਿ ਨੂੰ ਘਰਾਂ ਦੀਆਂ ਛੱਤਾਂ ਅਤੇ ਖੁੱਲੇ ਵਿੱਚ ਨਾ ਰੱਖੋ ਤਾਂ ਜੋ ਇਨ੍ਹਾਂ ਵਿਚ ਡੇਂਗੂ ਲਾਰਵਾ ਨਾ ਪਨਪ ਸਕੇ। ਇਸ ਮੌਕੇ ਉਨ੍ਹਾਂ ਨਾਲ ਵਿਜੇ ਵਾਸਨ, ਜਿਲ੍ਹਾ ਐਪੀਡਮੋਲੋਜਿਸਟ ਡਾ. ਆਦਿਤਯਪਾਲ ਅਤੇ ਡਿਪਟੀ ਐਮ.ਈ.ਆਈ.ਓ. ਅਸੀਮ ਸ਼ਰਮਾ, ਜਿਲ੍ਹਾ ਬੀਸੀਸੀ ਕੋਆਰਡੀਨੇਟਰ ਨੀਰਜ ਸ਼ਰਮਾ, ਆਸ਼ਾ ਵਰਕਰ ਤੇ ਨਰਸਿੰਗ ਵਿਦਿਆਰਥਣਾਂ ਵੀ ਹਾਜ਼ਰ ਸਨ।
ਸਿਵਲ ਸਰਜਨ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਸਿਹਤ ਵਿਭਾਗ ਜਲੰਧਰ ਵੱਲੋਂ ਸ਼ੁੱਕਰਵਾਰ ਨੂੰ ਹਰ ਸ਼ੁੱਕਰਵਾਰ ਡੇਂਗੂ ‘ਤੇ ਵਾਰ ਮੁਹਿੰਮ ਤਹਿਤ ਕੁੱਲ 7702 ਘਰਾਂ ਦਾ ਡੇਂਗੂ ਸਰਵੇ ਕੀਤਾ ਗਿਆ ਹੈ, ਜਿਨ੍ਹਾਂ ਵਿਚੋਂ ਸ਼ਹਿਰੀ ਖੇਤਰ ਵਿੱਚ 5059 ਘਰਾਂ ਅਤੇ ਪੇਂਡੂ ਖੇਤਰ ਵਿੱਚ 2643 ਘਰਾਂ ਦਾ ਸਰਵੇ ਕੀਤਾ ਗਿਆ ਹੈ ਅਤੇ ਮੱਛਰਾਂ ਦੀ ਰੋਕਥਾਮ ਲਈ ਦਵਾਈ ਦਾ ਛਿੜਕਾਅ ਵੀ ਕੀਤਾ ਗਿਆ। ਇਸ ਦੌਰਾਨ 45 ਥਾਵਾਂ ‘ਤੇ ਡੇਂਗੂ ਲਾਰਵਾ ਪਾਇਆ ਗਿਆ, ਜਿਸਨੂੰ ਨਿਰਧਾਰਤ ਤਰੀਕੇ ਨਾਲ ਟੀਮਾਂ ਵੱਲੋਂ ਨਸ਼ਟ ਕੀਤਾ ਗਿਆ।