
ਜਲੰਧਰ (08-08-2025): ਸਿਹਤ ਵਿਭਾਗ ਵੱਲੋਂ ਡੇਂਗੂ ਰੋਕਥਾਮ ਦੇ ਮੱਦੇਨਜ਼ਰ “ਹਰ ਸ਼ੁੱਕਰਵਾਰ – ਡੇਂਗੂ ‘ਤੇ ਵਾਰ” ਮੁਹਿੰਮ ਲਗਾਤਾਰ ਜਾਰੀ ਹੈ। ਬਰਸਾਤੀ ਸੀਜਨ ਦੇ ਮੱਦੇਨਜਰ ਡੇਂਗੂ ਰੋਕਥਾਮ ਲਈ ਸਿਵਲ ਸਰਜਨ ਡਾ. ਗੁਰਮੀਤ ਲਾਲ ਨੇ ਸ਼ੁੱਕਰਵਾਰ ਨੂੰ ਮਿੱਠਾਪੁਰ ਦੇ ਵੱਖ-ਵੱਖ ਖੇਤਰਾਂ ਵਿਖੇ ਗਾਰਡਨ ਨਰਸਰੀਆਂ ਦਾ ਨਿਰੀਖਣ ਕੀਤਾ। ਇਸ ਦੌਰਾਨ ਉਨ੍ਹਾਂ ਵੱਲੋਂ ਕ੍ਰਿਸ਼ਨਾ ਨਰਸਰੀ ਰਾਜਾ ਗਾਰਡਨ ਅਤੇ ਹਸਨ ਨਰਸਰੀ, ਡੀਸੀ ਕਲੌਨੀ ਵਿਖੇ ਡੇਂਗੂ ਲਾਰਵੇ ਦੀ ਸ਼ਨਾਖਤ ਕੀਤੀ ਗਈ। ਉਨ੍ਹਾਂ ਵੱਲੋਂ ਮੌਕੇ ‘ਤੇ ਹੀ ਨਰਸਰੀ ਦੀ ਦੇਖਰੇਖ ਕਰ ਰਹੇ ਕਾਮਗਰਾਂ ਨੂੰ ਨਰਸਰੀਆਂ ਵਿੱਚ ਮੌਜੂਦ ਡੇਂਗੂ ਲਾਰਵੇ ਨੂੰ ਦਿਖਾਇਆ ਅਤੇ ਲਾਰਵੇ ਦੀ ਪਛਾਣ ਬਾਰੇ ਜਾਣਕਾਰੀ ਸਾਂਝਾ ਕੀਤੀ ਗਈ। ਇਸ ਦੌਰਾਨ ਦੋ ਨਰਸਰੀਆਂ ਨੂੰ ਡੇਂਗੂ ਲਾਰਵਾ ਮਿਲਣ ਕਰਕੇ ਮੌਕੇ ‘ਤੇ ਹੀ ਨੋਟਿਸ ਜਾਰੀ ਕੀਤਾ ਗਿਆ।
ਸਿਵਲ ਸਰਜਨ ਨੇ ਲੋਕਾਂ ਨੂੰ ਸਚੇਤ ਕਰਦਿਆਂ ਕਿਹਾ ਕਿ ਡੇਂਗੂ ਬੁਖਾਰ ਏਡੀਜ਼ ਅਜਿਪਟੀ ਮੱਛਰ ਦੇ ਕੱਟਣ ਨਾਲ ਹੁੰਦਾ ਹੈ ਅਤੇ ਡੇਂਗੂ ਮੱਛਰ ਦਾ ਲਾਰਵਾ ਸਾਫ ਖੜੇ ਪਾਣੀ ਵਿੱਚ ਪੈਦਾ ਹੁੰਦਾ ਹੈ, ਇਹ ਮੱਛਰ ਦਿਨ ਸਮੇਂ ਹੀ ਕੱਟਦਾ ਹੈ। ਡੇਂਗੂ ਦੇ ਲੱਛਣਾਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਤੇਜ ਬੁਖਾਰ, ਸਿਰਦਰਦ, ਮਸੂੜਿਆਂ ਤੇ ਨੱਕ ਵਿੱਚੋਂ ਖੂਨ ਵੱਗਣਾ, ਮਾਸਪੇਸ਼ੀਆਂ ਵਿੱਚ ਦਰਦ, ਅੱਖਾਂ ਦੇ ਪਿਛਲੇ ਹਿੱਸੇਆਂ ਵਿੱਚ ਦਰਦ, ਡੇਂਗੂ ਬੁਖਾਰ ਦੇ ਮੁੱਖ ਲੱਛਣ ਹਨ। ਇਹ ਲੱਛਣ ਦਿਸਣ ‘ਤੇ ਨਜਦੀਕੀ ਸਰਕਾਰੀ ਸਿਹਤ ਸੰਸਥਾ ਨਾਲ ਸੰਪਰਕ ਕਰੋ। ਉਨ੍ਹਾਂ ਕਿਹਾ ਕਿ ਕੋਈ ਵੀ ਵਿਅਕਤੀ ਡੇਂਗੂ ਦੇ ਲੱਛਣ ਦਿਸਣ ‘ਤੇ ਨਜ਼ਦੀਕੀ ਆਮ ਆਦਮੀ ਕਲੀਨਿਕ ਵਿਖੇ ਵੀ ਆਪਣੀ ਸਿਹਤ ਜਾਂਚ ਕਰਵਾ ਸਕਦਾ ਹੈ। ਇਸ ਮੌਕੇ ਉਨ੍ਹਾਂ ਨਾਲ ਜਿਲ੍ਹਾ ਐਪੀਡਮੋਲੋਜਿਸਟ ਡਾ. ਆਦਿਤਯਪਾਲ, ਸੈਨਟਰੀ ਇੰਸਪੈਕਟਰ ਮਿਊਂਸੀਪਲ ਕਾਰਪੋਰੇਸ਼ਨ ਅਮਨ ਧਵਨ, ਹੈਲਥ ਸੁਪਰਵਾਈਜ਼ਰ ਸੰਜੀਵ ਕੁਮਾਰ, ਜਿਲ੍ਹਾ ਬੀਸੀਸੀ ਕੋਆਰਡੀਨੇਟਰ ਨੀਰਜ ਸ਼ਰਮਾ, ਏਐਨਐਮ ਇੰਦਰਜੀਤ ਕੌਰ, ਬ੍ਰੀਡਰ ਚੈਕਰ ਸ਼ਿਵਾ ਤੇ ਰਿੰਕੂ, ਆਸ਼ਾ ਸ਼ਿਵਾਨੀ ਸੱਗਰ ਅਤੇ ਨਰਸਿੰਗ ਵਿਦਿਆਰਥਣਾਂ ਮੌਜੂਦ ਸਨ।।
ਸਿਵਲ ਸਰਜਨ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਸਿਹਤ ਵਿਭਾਗ ਜਲੰਧਰ ਵੱਲੋਂ ਸ਼ੁੱਕਰਵਾਰ ਨੂੰ ਹਰ ਸ਼ੁੱਕਰਵਾਰ ਡੇਂਗੂ ‘ਤੇ ਵਾਰ ਮੁਹਿੰਮ ਤਹਿਤ ਕੁੱਲ 7226 ਘਰਾਂ ਦਾ ਡੇਂਗੂ ਸਰਵੇ ਕੀਤਾ ਗਿਆ ਹੈ, ਜਿਨ੍ਹਾਂ ਵਿਚੋਂ ਸ਼ਹਿਰੀ ਖੇਤਰ ਵਿੱਚ 4213 ਘਰਾਂ ਅਤੇ ਪੇਂਡੂ ਖੇਤਰ ਵਿੱਚ 3013 ਘਰਾਂ ਦਾ ਸਰਵੇ ਕੀਤਾ ਗਿਆ ਹੈ ਅਤੇ ਮੱਛਰਾਂ ਦੀ ਰੋਕਥਾਮ ਲਈ ਦਵਾਈ ਦਾ ਛਿੜਕਾਅ ਵੀ ਕੀਤਾ ਗਿਆ। ਇਸ ਦੌਰਾਨ 28 ਘਰਾਂ ਅਤੇ 31 ਕੰਟੇਨਰਾਂ ਵਿੱਚ ਡੇਂਗੂ ਲਾਰਵਾ ਪਾਇਆ ਗਿਆ, ਜਿਸਨੂੰ ਨਿਰਧਾਰਤ ਤਰੀਕੇ ਨਾਲ ਟੀਮਾਂ ਵੱਲੋਂ ਨਸ਼ਟ ਕੀਤਾ ਗਿਆ।