
ਜਲੰਧਰ (16-10-2025): ਦਿਵਾਲੀ ਦੇ ਮੱਦੇਨਜਰ ਐਮਰਜੈਂਸੀ ਸੁਵਿਧਾਵਾਂ ਸੰਬੰਧੀ ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਿਵਲ ਸਰਜਨ ਜਲੰਧਰ ਡਾ. ਰਾਜੇਸ਼ ਗਰਗ ਵੱਲੋਂ ਵੀਰਵਾਰ ਨੂੰ ਸ਼ਹੀਦ ਬਾਬੂ ਲਾਭ ਸਿੰਘ ਯਾਦਗਾਰੀ ਸਿਵਲ ਹਸਪਤਾਲ ਜਲੰਧਰ ਦੇ ਐਮਰਜੈਂਸੀ ਵਾਰਡ ਵਿਖੇ ਅਚਨਚੇਤ ਚੈਕਿੰਗ ਕੀਤੀ ਗਈ ਅਤੇ ਲੋਕਾਂ ਨੂੰ ਦਿੱਤੀਆਂ ਜਾ ਰਹੀਆਂ ਸਿਹਤ ਸੇਵਾਵਾਂ ਦਾ ਜਾਇਜਾ ਲਿਆ ਗਿਆ। ਇਸ ਦੌਰਾਨ ਉਨ੍ਹਾਂ ਨਾਲ ਜਿਲ੍ਹਾ ਪਰਿਵਾਰ ਭਲਾਈ ਅਫਸਰ ਡਾ. ਰਮਨ ਗੁਪਤਾ, ਜਿਲ੍ਹਾ ਟੀਕਾਕਰਨ ਅਫਸਰ ਡਾ. ਰਾਕੇਸ਼ ਚੋਪੜਾ, ਐਸ.ਐਮ.ਓ. ਡਾ. ਵਰਿੰਦਰ ਕੌਰ ਥਿੰਦ ਅਤੇ ਐਸ.ਐਮ.ਓ. ਡਾ. ਨਵਨੀਤ ਮੌਜੂਦ ਸਨ।
ਡਾ. ਰਾਜੇਸ਼ ਗਰਗ ਵਲੋਂ ਐਮਰਜੈਂਸੀ ਵਿੱਚ ਦਾਖਿਲ ਮਰੀਜਾਂ ਨਾਲ ਗੱਲਬਾਤ ਕੀਤੀ ਗਈ ਅਤੇ ਉਨ੍ਹਾਂ ਨੂੰ ਸਿਹਤ ਸਟਾਫ ਵੱਲੋਂ ਦਿੱਤੀਆਂ ਜਾ ਰਹੀਆਂ ਸਿਹਤ ਸੇਵਾਵਾਂ ਬਾਰੇ ਜਾਣਕਾਰੀ ਲਈ ਗਈ। ਉਨ੍ਹਾਂ ਨੇ ਮੌਕੇ ‘ਤੇ ਮੌਜੂਦ ਐਮਰਜੈਂਸੀ ਵਾਰਡ ਦੇ ਇੰਚਾਰਜ ਡਾ. ਪਰਮਿੰਦਰ ਅਤੇ ਸਟਾਫ ਤੋਂ ਵੀ ਲੋਕਾਂ ਨੂੰ ਦਿੱਤੀਆਂ ਜਾ ਰਹੀਆਂ ਐਮਰਜੈਂਸੀ ਸਿਹਤ ਸੇਵਾਵਾਂ ਸੰਬੰਧੀ ਜਾਣਕਾਰੀ ਲਈ ਅਤੇ ਦਿਵਾਲੀ ਦੇ ਮੱਦੇਨਜਰ ਉਨ੍ਹਾਂ ਨੂੰ ਐਮਰਜੈਂਸ਼ੀ ਸੇਵਾਵਾਂ ਦੇਣ ਸਬੰਧੀ ਜਰੂਰੀ ਦਿਸ਼ਾ-ਨਿਰਦੇਸ਼ ਦਿੱਤੇ। ਇਸ ਦੇ ਨਾਲ ਹੀ ਉਨ੍ਹਾਂ ਨੇ ਐਮਰਜੈਂਸੀ ਵਾਰਡ ਦੇ ਸਟਾਫ ਨੂੰ ਲੋਕਾਂ ਨੂੰ ਹੋਰ ਬਿਹਤਰ ਸਿਹਤ ਸੇਵਾਵਾਂ ਪ੍ਰਦਾਨ ਕਰਨ ਲਈ ਪ੍ਰੋਤਸਾਹਿਤ ਵੀ ਕੀਤਾ।