
ਜਲੰਧਰ (24-10-2025): ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਜੀ ਦੇ ਹੁਕਮਾਂ ਅਤੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਜੀ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਿਹਤ ਵਿਭਾਗ ਵੱਲੋਂ ਸਿਵਲ ਸਰਜਨ ਜਲੰਧਰ ਡਾ. ਰਾਜੇਸ਼ ਗਰਗ ਦੀ ਅਗਵਾਈ ਹੇਠ ਸ਼ੁੱਕਰਵਾਰ ਨੂੰ ਜਿਲ੍ਹੇ ਦੇ ਪ੍ਰਾਇਵੇਟ ਹਸਪਤਾਲਾਂ ਵਿਖੇ “ਹਰ ਸ਼ੁੱਕਰਵਾਰ, ਡੇਂਗੂ ‘ਤੇ ਵਾਰ” ਮੁਹਿੰਮ ਚਲਾਈ ਗਈ। ਇਸ ਮੌਕੇ ਉਨ੍ਹਾਂ ਨਾਲ ਜਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ. ਰਮਨ ਗੁਪਤਾ, ਜਿਲ੍ਹਾ ਐਪੀਡਮੋਲੋਜਿਸਟ ਡਾ. ਸ਼ੋਭਨਾ ਬਾਂਸਲ, ਡਿਪਟੀ ਐਮ.ਈ.ਆਈ.ਓ. ਅਸੀਮ ਸ਼ਰਮਾ, ਜਿਲ੍ਹਾ ਬੀਸੀਸੀ ਕੋਆਰਡੀਨੇਟਰ ਨੀਰਜ ਸ਼ਰਮਾ ਅਤੇ ਐਂਟੀ ਲਾਰਵਾ ਟੀਮ ਮੌਜੂਦ ਸੀ।
ਸਿਵਲ ਸਰਜਨ ਡਾ. ਰਾਜੇਸ਼ ਗਰਗ ਵੱਲੋਂ ਹੈਲਥ ਟੀਮ ਨਾਲ ਮਿਲ ਕੇ ਅੱਜ ਦੀ ਇਸ ਵਿਸ਼ੇਸ਼ ਮੁਹਿੰਮ ਦੇ ਤਹਿਤ “ਹਰ ਸ਼ੁੱਕਰਵਾਰ – ਡੇਂਗੂ ਤੇ ਵਾਰ” ਅਭਿਆਨ ਅਧੀਨ, ਪ੍ਰਾਈਵੇਟ ਹਸਪਤਾਲਾਂ – ਭੂਟਾਨੀ ਚਿਲਡਰਨ ਹਸਪਤਾਲ ਅਤੇ ਸ਼ਰਨਜੀਤ ਹਸਪਤਾਲ ਵਿੱਚ ਡੇਂਗੂ ਲਾਰਵੇ ਦੀ ਸ਼ਨਾਖਤ ਕੀਤੀ ਗਈ। ਸਿਵਲ ਸਰਜਨ ਡਾ. ਰਾਜੇਸ਼ ਗਰਗ ਨੇ ਦੱਸਿਆ ਕਿ ਦੋਵੇਂ ਹਸਪਤਾਲਾਂ ਵਿੱਚ ਡੇਂਗੂ ਸਬੰਧੀ ਕਿਸੇ ਤਰ੍ਹਾਂ ਦੀ ਕੋਈ ਤ੍ਰੁੱਟੀ ਨਹੀਂ ਪਾਈ ਗਈ। ਇਸ ਮੌਕੇ ਡਾ. ਐਮ.ਐਸ. ਭੂਟਾਨੀ (ਆਈ.ਐੱਮ.ਏ. ਪ੍ਰਧਾਨ) ਅਤੇ ਡਾ. ਸ਼ਰਨਜੀਤ ਕੌਰ ਵੱਲੋਂ ਮੁਹਿੰਮ ਵਿੱਚ ਪੂਰਾ ਸਹਿਯੋਗ ਦਿੱਤਾ ਗਿਆ। ਹਸਪਤਾਲ ਦੇ ਸਟਾਫ ਨੂੰ ਡੇਂਗੂ ਰੋਕਥਾਮ ਬਾਰੇ ਜਾਣਕਾਰੀ ਅਤੇ ਜਾਗਰੂਕਤਾ ਵੀ ਪ੍ਰਦਾਨ ਕੀਤੀ ਗਈ। ਡਾ. ਗਰਗ ਨੇ ਕਿਹਾ ਕਿ ਡੇਂਗੂ ਤੋਂ ਬਚਾਅ ਲਈ ਸਭ ਸੰਸਥਾਵਾਂ ਵਲੋਂ ਸਾਂਝੇ ਯਤਨ ਦੀ ਲੋੜ ਹੈ ਅਤੇ ਇਸ ਨੂੰ ਸਮਝਦੇ ਹੋਏ ਹਰ ਕਿਸੇ ਨੂੰ ਡੇਂਗੂ ਵਰਗੀ ਬਿਮਾਰੀ ਨੂੰ ਜੜੋਂ ਖਤਮ ਕਰਨ ਲਈ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ।
ਸਿਵਲ ਸਰਜਨ ਨੇ ਜਿਲ੍ਹੇ ਦੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਡੇਂਗੂ ਮਾਦਾ ਏਡੀਜ਼ ਅਜਿਪਟੀ ਨਾਂ ਦੇ ਮੱਛਰ ਦੇ ਕੱਟਣ ਨਾਲ ਫੈਲਦਾ ਹੈ ਜੋ ਕਿ ਖੜ੍ਹੇ ਪਾਣੀ ਵਿੱਚ ਪੈਦਾ ਹੁੰਦਾ ਹੈ। ਇਸ ਲਈ ਟੁੱਟੇ ਬਰਤਨਾਂ, ਡਰੰਮਾ ਅਤੇ ਟਾਇਰਾਂ ਆਦਿ ਨੂੰ ਖੁੱਲੇ ਵਿੱਚ ਨਾ ਰੱਖੋ। ਛੱਤਾਂ ‘ਤੇ ਰੱਖੀਆਂ ਪਾਣੀ ਦੀਆਂ ਟੈਂਕੀਆਂ ਦੇ ਢੱਕਣਾ ਨੂੰ ਚੰਗੀ ਤਰ੍ਹਾਂ ਬੰਦ ਰੱਖਿਆ ਜਾਵੇ ਤਾਂ ਜੋ ਮੱਛਰ ਦੇ ਲਾਰਵੇ ਦੇ ਫੈਲਾਅ ਨੂੰ ਰੋਕਿਆ ਜਾ ਸਕੇ। ਇਸ ਪ੍ਰਤੀ ਸਾਨੂੰ ਖੁਦ ਵੀ ਜਾਗਰੂਕ ਰਹਿਣਾ ਚਾਹੀਦਾ ਹੈ ਅਤੇ ਹੋਰਨਾਂ ਨੂੰ ਵੀ ਜਾਗਰੂਕ ਕਰਨਾ ਚਾਹੀਦਾ ਹੈ। ਡੇਂਗੂ ਤੋਂ ਬਚਾਅ ਲਈ ਸਰੀਰ ਨੂੰ ਪੂਰੀ ਤਰ੍ਹਾਂ ਨਾਲ ਢੱਕ ਕੇ ਰੱਖਣ ਵਾਲੇ ਕੱਪੜੇ ਪਹਿਨਣੇ ਚਾਹੀਦੇ ਹਨ। ਮੱਛਰ ਦੇ ਕੱਟਣ ਤੋਂ ਬਚਾਓ ਲਈ ਮੱਛਰਦਾਨੀਆਂ ਅਤੇ ਮੱਛਰ ਭਜਾਊ ਕਰੀਮਾਂ ਦੀ ਵਰਤੋਂ ਕਰਨੀ ਚਾਹੀਦੀ ਹੈ।
ਸਿਵਲ ਸਰਜਨ ਨੇ ਦੱਸਿਆ ਕਿ ਸਿਹਤ ਵਿਭਾਗ ਜਲੰਧਰ ਵੱਲੋਂ ਸ਼ੁੱਕਰਵਾਰ ਨੂੰ ਜਿਲ੍ਹੇ ਵਿੱਚ ਕੁੱਲ 2491 ਘਰਾਂ ਦਾ ਡੇਂਗੂ ਸਰਵੇ ਕੀਤਾ ਗਿਆ, ਜਿਨ੍ਹਾਂ ਵਿਚੋਂ ਸ਼ਹਿਰੀ ਖੇਤਰ ਵਿੱਚ 431 ਘਰਾਂ ਅਤੇ ਪੇਂਡੂ ਖੇਤਰ ਵਿੱਚ 2060 ਘਰਾਂ ਦਾ ਸਰਵੇ ਹੋਇਆ। ਇਸ ਦੌਰਾਨ 4 ਥਾਵਾਂ ‘ਤੇ ਡੇਂਗੂ ਲਾਰਵਾ ਮਿਲਿਆ, ਜਿਸਨੂੰ ਟੀਮਾਂ ਵੱਲੋਂ ਨਿਰਧਾਰਤ ਤਰੀਕੇ ਨਾਲ ਨਸ਼ਟ ਕੀਤਾ ਗਿਆ।