
(29-09-2025): ਸਿਹਤ ਵਿਭਾਗ ਜਲੰਧਰ ਵੱਲੋਂ ਸਿਵਲ ਸਰਜਨ (ਕਾਰਜਕਾਰੀ) ਡਾ. ਰਮਨ ਗੁਪਤਾ ਦੀ ਅਗਵਾਈ ਵਿੱਚ ਸੋਮਵਾਰ ਨੂੰ ਸਿਵਲ ਹਸਪਤਾਲ ਜਲੰਧਰ ਵਿਖੇ “ਵਿਸ਼ਵ ਦਿਲ ਦਿਵਸ” ਮਨਾਇਆ ਗਿਆ। ਇਸ ਮੌਕੇ ਸਿਵਲ ਸਰਜਨ ਡਾ. ਰਮਨ ਗੁਪਤਾ ਵੱਲੋਂ ਦੱਸਿਆ ਗਿਆ ਕਿ ਇਲਾਜ ਲਈ ਆਏ ਹੋਏ ਮਰੀਜਾਂ ਨੂੰ ਦਿਲ ਦੀਆਂ ਬਿਮਾਰੀਆਂ ਤੋਂ ਬਚਾਅ ਪ੍ਰਤੀ ਜਾਗਰੂਕ ਕਰਦੇ ਹੋਏ ਜਾਗਰੂਕਤਾ ਪੰਫਲੈਟ ਵੀ ਰੀਲੀਜ਼ ਕੀਤਾ ਗਿਆ। ਉਨ੍ਹਾਂ ਵੱਲੋਂ ਲੋਕਾਂ ਨੂੰ ਦਿਲ ਦੇ ਰੋਗਾਂ ਤੋਂ ਬਚਾਓ ਲਈ ਜਰੂਰੀ ਸੁਝਾਅ ਦਿੰਦੇ ਹੋਏ ਸੁਚੇਤ ਰਹਿਣ ਦਾ ਸੁਨੇਹਾ ਦਿੱਤਾ ਗਿਆ।
ਸਿਵਲ ਸਰਜਨ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਸਿਹਤ ਵਿਭਾਗ ਵੱਲੋਂ ਹਰ ਸਾਲ 29 ਸਤੰਬਰ ਨੂੰ “ਵਿਸ਼ਵ ਦਿਲ ਦਿਵਸ” ਮਨਾਇਆ ਜਾਂਦਾ ਹੈ। ਇਸ ਸਾਲ, 2025, ਵਿਸ਼ਵ ਦਿਲ ਦਿਵਸ ਦਾ ਵਿਸ਼ਾ ਹੈ “ਇੱਕ ਵੀ ਬੀਟ (ਧੜਕਣ) ਨੂੰ ਮਿਸ ਨਾ ਕਰੋ (Don’t Miss a Beat)”। ਇਹ ਥੀਮ ਦਿਲ ਦੀ ਸਿਹਤ ਵਿੱਚ ਨਿਰੰਤਰ ਚੌਕਸੀ ਦੀ ਮਹੱਤਤਾ ‘ਤੇ ਜ਼ੋਰ ਦਿੰਦਾ ਹੈ, ਵਿਅਕਤੀਆਂ ਨੂੰ ਚਿਤਾਵਨੀ ਸੰਕੇਤਾਂ ਨੂੰ ਨਜ਼ਰਅੰਦਾਜ਼ ਨਾ ਕਰਕੇ, ਸਿਹਤਮੰਦ ਆਦਤਾਂ ਬਣਾਈ ਰੱਖ ਕੇ, ਨਿਯਮਤ ਜਾਂਚ-ਪੜਤਾਲ ਦਾ ਸਮਾਂ ਨਿਰਧਾਰਤ ਕਰਕੇ ਅਤੇ ਦਿਲ ਦੀ ਬਿਮਾਰੀ ਨਾਲ ਹੋਣ ਵਾਲੀਆਂ ਮੌਤਾਂ ਨੂੰ ਰੋਕਣ ਲਈ ਸਮੇਂ ਸਿਰ ਡਾਕਟਰੀ ਸਹਾਇਤਾ ਪ੍ਰਾਪਤ ਕਰਕੇ ਸਰਗਰਮ ਰਹਿਣ ਲਈ ਉਤਸ਼ਾਹਿਤ ਕਰਦਾ ਹੈ।
ਡਾ. ਗੁਪਤਾ ਨੇ ਦੱਸਿਆ ਕਿ ਦਿਲ ਦੀ ਸਿਹਤ ਨਾਲ ਕੋਈ ਲਾਪਰਵਾਹੀ ਨਹੀਂ ਕਰਨੀ ਚਾਹੀਦੀ। ਸਿਹਤ ਹੈ ਤਾਂ ਹੀ ਜੀਵਨ ਹੈ, ਦਿਲ ਹੈ ਤਾਂ ਹੀ ਧੜਕਣ ਹੈ – ਆਪਣੀ ਧੜਕਣਾਂ ਦੀ ਸੰਭਾਲ ਕਰੋ। ਖਰਾਬ ਖੁਰਾਕ, ਤਣਾਅ, ਕਸਰਤ ਦੀ ਘਾਟ, ਧੂਮਰਪਾਨ ਅਤੇ ਸ਼ਰਾਬ ਦਿਲ ਨੂੰ ਬਿਮਾਰੀਆਂ ਵੱਲ ਧੱਕਦੇ ਹਨ। ਇਸ ਲਈ ਲੋਕਾਂ ਨੂੰ ਆਪਣੀ ਰੋਜ਼ਾਨਾ ਦੀ ਜੀਵਨਸ਼ੈਲੀ ਵਿੱਚ ਕਸਰਤ, ਸਹੀ ਖੁਰਾਕ, ਨਿਯਮਿਤ ਜਾਂਚ ਅਤੇ ਨਸ਼ਿਆਂ ਤੋਂ ਦੂਰ ਰਹਿਣਾ ਲਾਜ਼ਮੀ ਹੈ। ਸਿਹਤ ਹੈ ਤਾਂ ਹੀ ਜੀਵਨ ਹੈ, ਦਿਲ ਹੈ ਤਾਂ ਹੀ ਧੜਕਣ ਹੈ – ਆਪਣੀ ਧੜਕਣਾਂ ਦੀ ਸੰਭਾਲ ਕਰੋ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਸਿਹਤ ਵਿਭਾਗ ਵੱਲੋਂ ਲੋਕਾਂ ਨੂੰ ਜਾਗਰੂਕ ਕਰਨ ਲਈ ਕਈ ਪੱਧਰਾਂ ’ਤੇ ਪ੍ਰੋਗਰਾਮ ਕੀਤੇ ਜਾ ਰਹੇ ਹਨ, ਤਾਂ ਜੋ ਹਰ ਨਾਗਰਿਕ ਆਪਣੇ ਦਿਲ ਦੀ ਸਿਹਤ ਪ੍ਰਤੀ ਸਾਵਧਾਨ ਹੋ ਸਕੇ। ਉਨ੍ਹਾਂ ਕਿਹਾ ਕਿ ਦਿਲ ਦੀ ਬਿਮਾਰੀ ਕਿਸੇ ਉਮਰ ਦੀ ਸੀਮਾ ਨਹੀਂ ਜਾਣਦੀ, ਇਸ ਲਈ ਨੌਜਵਾਨ ਤੋਂ ਬਜ਼ੁਰਗ ਤੱਕ ਹਰ ਕਿਸੇ ਨੂੰ ਆਪਣੀ ਜੀਵਨਸ਼ੈਲੀ ’ਚ ਸਕਾਰਾਤਮਕ ਬਦਲਾਅ ਲਿਆਉਣ ਦੀ ਲੋੜ ਹੈ।
ਉਨ੍ਹਾਂ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅੱਜ ਸਮੇਂ ਦੀ ਲੋੜ ਹੈ ਕਿ ਦਿਲ ਦੀ ਸਿਹਤ ਨੂੰ ਵਧੇਰੇ ਮਹੱਤਵ ਦਿੱਤਾ ਜਾਵੇ ਅਤੇ ਇਸ ਨਾਲ ਜੁੜੀਆਂ ਬਿਮਾਰੀਆਂ ਬਾਰੇ ਵੱਧ ਤੋਂ ਵੱਧ ਜਾਗਰੂਕ ਹੋ ਕੇ ਸਿਹਤਮੰਦ ਜੀਵਨ ਸ਼ੈਲੀ ਅਪਣਾਈ ਜਾਵੇ। ਉਨ੍ਹਾਂ ਕਿਹਾ ਕਿ ਅਜੋਕੇ ਸਮੇਂ ਵਿੱਚ ਲੋਕਾਂ ਦੀ ਤੇਜੀ ਨਾਲ ਬਦਲਦੀ ਜੀਵਨਸ਼ੈਲੀ, ਖਾਣ-ਪੀਣ ਦੀਆਂ ਗਲਤ ਆਦਤਾਂ ਅਤੇ ਰੋਜਾਨਾ ਜੀਵਨ ਵਿੱਚ ਹਾਵੀ ਹੋ ਰਿਹਾ ਤਣਾਅ ਦਿਲ ਦੇ ਰੋਗ ਹੋਣ ਦਾ ਵੱਡਾ ਕਾਰਨ ਬਣ ਰਿਹਾ ਹੈ। ਇਸ ਲਈ ਸਾਨੂੰ 30 ਮਿੰਟ ਰੋਜਾਨਾ ਕਸਰਤ ਅਤੇ ਸੈਰ ਕਰਨੀ ਚਾਹੀਦੀ ਹੈ। ਇਸਦੇ ਨਾਲ ਹੀ ਜੰਕ ਫੂਡ ਤੋਂ ਪਰਹੇਜ਼ ਕਰਦੇ ਹੋਏ ਸੰਤੁਲਿਤ ਖੁਰਾਕ ਦਾ ਸੇਵਨ ਕਰਨਾ ਚਾਹੀਦਾ ਹੈ ਅਤੇ ਤੰਬਾਕੂ, ਸਿਗਰਟਨੋਸ਼ੀ ਤੋਂ ਦੂਰ ਰਹਿਣਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਸਾਹ ਲੈਣ ਵਿੱਚ ਤਕਲੀਫ ਹੋਣਾ, ਘਬਰਾਹਟ ਹੋਣਾ ਅਤੇ ਪਸੀਨਾ ਆਉਣਾ, ਬਾਂਹ ਜਾਂ ਮੋਢੇ ਵਿੱਚ ਦਰਦ ਅਤੇ ਛਾਤੀ ਵਿੱਚ ਦਰਦ ਹੋਣਾ ਆਦਿ ਦਿਲ ਦੀਆਂ ਬਿਮਾਰੀਆਂ ਦੇ ਲੱਛਣ ਹਨ। ਇਹ ਲੱਛਣ ਦਿਸਣ ‘ਤੇ ਨਜਦੀਕੀ ਸਿਹਤ ਸੰਸਥਾ ਵਿਖੇ ਜਾ ਕੇ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ। ਇਸ ਮੌਕੇ ਜਿਲ੍ਹਾ ਐਪੀਡਮੋਲੋਜਿਸਟ ਡਾ. ਆਦਿਤਯਪਾਲ, ਜਿਲ੍ਹਾ ਸਮੂਹ ਸਿੱਖਿਆ ਤੇ ਸੂਚਨਾ ਅਫ਼ਸਰ ਗੁਰਦੀਪ ਸਿੰਘ, ਡਿਪਟੀ ਐਮ.ਈ.ਆਈ.ਓ. ਅਸੀਮ ਸ਼ਰਮਾ ਮੌਜੂਦ ਸਨ।