ਜਲੰਧਰ (27-07-2023): ਸਿਵਲ ਸਰਜਨ ਡਾ. ਰਮਨ ਸ਼ਰਮਾ ਵੱਲੋਂ ਡੇਂਗੂ ਦੀ ਰੋਕਥਾਮ ਹਿੱਤ ਸਮੂਹ ਪ੍ਰੋਗਰਾਮ ਅਫ਼ਸਰਾਂ, ਜਿਲ੍ਹਾ ਐਪੀਡਮੋਲੋਜਿਸਟ, ਸੁਪਰਵਾਈਜਰਜ਼, ਲੈਬ ਟੈਕਨੀਸ਼ਿਅਨਜ਼ ਅਤੇ ਵਰਕਰਜ਼ ਨਾਲ ਵੀਰਵਾਰ ਨੂੰ ਦਫਤਰ ਸਿਵਲ ਸਰਜਨ ਵਿਖੇ ਮੀਟਿੰਗ ਕੀਤੀ ਗਈ। ਜਿਸ ਵਿੱਚ ਸਿਵਲ ਸਰਜਨ ਵੱਲੋਂ ਸਿਹਤ ਟੀਮਾਂ ਵੱਲੋਂ ਡੇਂਗੂ ਰੋਕਥਾਮ ਹਿੱਤ ਕੀਤੇ ਜਾ ਰਹੇ ਉਪਰਾਲਿਆਂ ਦੀ ਸਮੀਖਿਆ ਕੀਤੀ ਗਈ ਅਤੇ ਜਾਗਰੂਕਤਾ ਗਤੀਵਿਧੀਆਂ ‘ਚ ਹੋਰ ਤੇਜੀ ਲਿਆਉਣ ਦੇ ਨਾਲ-ਨਾਲ ਡੇਂਗੂ ਸਰਵੇ ਅਤੇ ਮੱਛਰਾਂ ਦੀ ਰੋਕਥਾਮ ਲਈ ਦਵਾਈ ਦਾ ਛਿੜਕਾਅ ਕਰਨ ਸੰਬੰਧੀ ਜਰੂਰੀ ਹਦਾਇਤਾਂ ਦਿੱਤੀਆਂ ਗਈਆਂ।

 

ਮੀਟਿੰਗ ਦੌਰਾਨ ਸਿਵਲ ਸਰਜਨ ਡਾ. ਰਮਨ ਸ਼ਰਮਾ ਵੱਲੋਂ ਡੇਂਗੂ ਰੋਕਥਾਮ ਸੰਬੰਧੀ ਹਦਾਇਤਾਂ ਦੀ ਪਾਲਣਾ ਨਾ ਕਰਨ ਵਾਲੇ ਲੋਕਾਂ ਦੇ ਮਿਉਂਸੀਪਲ ਕਾਰਪੋਰੇਸ਼ਨ ਹੈਲਥ ਬ੍ਰਾਂਚ ਦੇ ਸਹਿਯੋਗ ਨਾਲ ਚਲਾਨ ਕਰਨ ਲਈ ਕਿਹਾ ਗਿਆ। ਮੀਟਿੰਗ ਦੌਰਾਨ ਸਿਵਲ ਸਰਜਨ ਡਾ. ਰਮਨ ਸ਼ਰਮਾ ਵੱਲੋਂ ਡੇਂਗੂ ਰੋਕਥਾਮ ਦੇ ਮੱਦੇਨਜਰ ਡੇਂਗੂ ਸਰਵੇ ਅਤੇ ਫਾਗਿੰਗ ਸੰਬੰਧੀ ਯੋਜਨਾਬੰਦੀ ਕੀਤੀ ਗਈ। ਉਨ੍ਹਾਂ ਹਦਾਇਤ ਕਰਦਿਆਂ ਕਿਹਾ ਕਿ ਜਿਸ ਖੇਤਰ ਵਿੱਚ ਡੇਂਗੂ ਦਾ ਲਾਰਵਾ ਮਿਲੇਗਾ, ਸਿਹਤ ਵਿਭਾਗ ਵੱਲੋਂ ਹਫ਼ਤੇ ਬਾਅਦ ਉਸ ਖੇਤਰ ਵਿੱਚ ਜਾ ਕੇ ਚੈਕਿੰਗ ਕੀਤੀ ਜਾਵੇਗੀ ਅਤੇ ਦੋਬਾਰਾ ਲਾਰਵਾ ਮਿਲਣ ‘ਤੇ ਮੌਕੇ ‘ਤੇ ਹੀ ਚਲਾਨ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਡੇਂਗੂ ਦੇ ਖਾਤਮੇ ਲਈ ਲੋਕਾਂ ਦਾ ਸਹਿਯੋਗ ਅਤੇ ਲੋਕਾਂ ਦਾ ਜਾਗਰੂਕ ਹੋਣਾ ਬਹੁਤ ਜਰੂਰੀ ਹੈ।

 

ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਲੋਕਾਂ ਨੂੰ ਘਰ-ਘਰ ਜਾ ਕੇ ਸਮੇਂ-ਸਮੇਂ ‘ਤੇ ਡੇਂਗੂ ਦੇ ਲੱਛਣਾਂ ਅਤੇ ਸਾਵਧਾਨੀਆਂ ਪ੍ਰਤੀ ਜਾਗਰੂਕ ਕੀਤਾ ਜਾ ਰਿਹਾ ਹੈ। ਸਿਵਲ ਸਰਜਨ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਇਸ ਸਾਲ ਹੁਣ ਤੱਕ 1,48,437 ਘਰਾਂ ਵਿੱਚ ਸਰਵੇ ਕੀਤਾ ਜਾ ਚੁੱਕਾ ਹੈ, ਜਿਨ੍ਹਾਂ ਵਿਚੋਂ ਸ਼ਹਿਰੀ ਖੇਤਰ ਵਿੱਚ 35,651 ਘਰਾਂ ਅਤੇ ਪੇਂਡੂ ਖੇਤਰ ਵਿੱਚ 1,12,786 ਘਰਾਂ ਦਾ ਸਰਵੇ ਕੀਤਾ ਗਿਆ ਹੈ। ਜਿਨ੍ਹਾਂ ਵਿਚੋਂ 369 ਘਰਾਂ ਵਿੱਚ ਲਾਰਵਾ ਮਿਲਿਆ, ਜਿਸਨੂੰ ਕਿ ਟੀਮਾਂ ਵੱਲੋਂ ਨਿਰਧਾਰਤ ਤਰੀਕੇ ਨਾਲ ਨਸ਼ਟ ਕੀਤਾ ਗਿਆ। ਜਿਕਰਯੋਗ ਹੈ ਕਿ ਸਾਲ 2023 ਦੌਰਾਨ ਪੰਜਾਬ ਵਿੱਚ ਹੁਣ ਤੱਕ ਡੇਂਗੂ ਦੇ ਕੁਲ 359 ਕੇਸ ਰਿਪੋਰਟ ਹੋ ਚੁੱਕੇ ਹਨ ਜਿਨ੍ਹਾਂ ਵਿੱਚੋਂ ਜਲੰਧਰ ਵਿੱਚ ਡੇਂਗੂ ਦੇ 5 ਕੇਸ ਸਾਹਮਣੇ ਆਏ ਹਨ ਜੋ ਕਿ ਠੀਕ ਹੋ ਚੁੱਕੇ ਹਨ।

 

ਸਿਵਲ ਸਰਜਨ ਵੱਲੋਂ ਦੱਸਿਆ ਗਿਆ ਕਿ ਸਿਹਤ ਵਿਭਾਗ ਵੱਲੋਂ ਅਰਬਨ ਖੇਤਰਾਂ ਵਿੱਚ ਡੇਂਗੂ ਸਰਵੇ ਲਈ 12 ਟੀਮਾਂ ਦਾ ਗਠਨ ਕੀਤਾ ਗਿਆ ਹੈ ਅਤੇ ਰੂਰਲ ਖੇਤਰਾਂ ਵਿੱਚ 9 ਟੀਮਾਂ ਦਾ ਗਠਨ ਕੀਤਾ ਗਿਆ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਟੀਮਾਂ ਵਿੱਚ ਹੋਰ ਵਾਧਾ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਡੇਂਗੂ ਤੋਂ ਬਚਾਓ ਦਾ ਤਰੀਕਾ ਮੱਛਰਾਂ ਦੀ ਗਿਣਤੀ ਵੱਧਣ ‘ਤੇ ਕਾਬੂ ਪਾਉਣਾ ਹੈ। ਡੇਂਗੂ ਮਾਦਾ ਏਡੀਜ਼ ਅਜਿਪਟੀ ਨਾਂ ਦੇ ਮੱਛਰ ਦੇ ਕੱਟਣ ਨਾਲ ਫੈਲਦਾ ਹੈ ਅਤੇ ਇਹ ਮੱਛਰ ਸਾਫ਼ ਖੜ੍ਹੇ ਪਾਣੀ ਵਿੱਚ ਪੈਦਾ ਹੁੰਦਾ ਹੈ। ਉਨ੍ਹਾਂ ਦੱਸਿਆ ਕਿ ਡੇਂਗੂ ਬੁਖਾਰ ਤੋਂ ਬਚਾਅ ਲਈ ਸਰੀਰ ਨੂੰ ਪੂਰੀ ਤਰ੍ਹਾਂ ਨਾਲ ਢੱਕ ਕੇ ਰੱਖਣ ਵਾਲੇ ਕੱਪੜੇ ਪਹਿਨਣੇ ਚਾਹੀਦੇ ਹਨ, ਮੱਛਰਦਾਨੀਆਂ ਅਤੇ ਮੱਛਰ ਭਜਾਊ ਕਰੀਮਾਂ ਦੀ ਵਰਤੋਂ ਕਰਨੀ ਚਾਹੀਦੀ ਹੈ। ਕੂਲਰਾਂ ਅਤੇ ਗਮਲਿਆਂ ਦੀਆਂ ਟ੍ਰੇਆਂ ਵਿੱਚ ਖੜ੍ਹੇ ਪਾਣੀ ਨੂੰ ਹਫਤੇ ਵਿੱਚ ਇੱਕ ਵਾਰ ਜਰੂਰ ਸਾਫ ਕਰਨਾ ਚਾਹੀਦਾ ਹੈ। ਘਰਾਂ ਦੀਆਂ ਛੱਤਾਂ ‘ਤੇ ਪਏ ਟੁੱਟੇ ਬਰਤਨਾਂ, ਡਰੰਮਾ ਅਤੇ ਟਾਇਰਾਂ ਆਦਿ ਵਿੱਚ ਪਾਣੀ ਇੱਕਠਾ ਨਾ ਹੋਣ ਦੇਵੋ ਅਤੇ ਹੋ ਸਕੇ ਤਾਂ ਇਨ੍ਹਾਂ ਨੂੰ ਖੁੱਲੇ ‘ਚ ਨਾ ਰੱਖੋ ਤਾਂ ਜੋ ਮੱਛਰ ਦੇ ਲਾਰਵੇ ਦੇ ਫੈਲਾਅ ਨੂੰ ਰੋਕਿਆ ਜਾ ਸਕੇ।

 

ਮੀਟਿੰਗ ਦੌਰਾਨ ਸਹਾਇਕ ਸਿਵਲ ਸਰਜਨ ਡਾ. ਜੋਤੀ ਫੁਕੇਲਾ, ਜਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ. ਰਮਨ ਗੁਪਤਾ, ਜਿਲ੍ਹਾ ਟੀਕਾਕਰਨ ਅਫ਼ਸਰ ਡਾ. ਰਾਕੇਸ਼ ਚੋਪੜਾ, ਜਿਲ੍ਹਾ ਡੈਂਟਲ ਸਿਹਤ ਅਫ਼ਸਰ ਡਾ. ਬਲਜੀਤ ਕੌਰ ਰੂਬੀ, ਸਹਾਇਕ ਸਿਹਤ ਅਫ਼ਸਰ ਡਾ. ਸੱਤਜੀਤ ਕੌਰ, ਡਿਪਟੀ ਮੈਡੀਕਲ ਕਮਿਸ਼ਨਰ ਡਾ. ਜੋਤੀ ਸ਼ਰਮਾ, ਐਸ.ਐਮ.ਓ. ਡਾ. ਗੁਰਮੀਤ ਲਾਲ, ਮਾਇਕ੍ਰੋਬਾਇਓਲੋਜਿਸਟ ਭਵਨਪ੍ਰੀਤ ਕੌਰ, ਬੀ.ਟੀ.ਓ. ਡਾ. ਗੁਰਪਿੰਦਰ ਕੌਰ ਆਦਿ ਮੌਜੂਦ ਸਨ।

 

 

Disclaimer : यह खबर उदयदर्पण न्यूज़ को सोशल मीडिया के माध्यम से प्राप्त हुई है। उदयदर्पण न्यूज़ इस खबर की आधिकारिक तौर पर पुष्टि नहीं करता है। यदि इस खबर से किसी व्यक्ति अथवा वर्ग को आपत्ति है, तो वह हमें संपर्क कर सकते हैं।