ਜਲੰਧਰ (08.07.2024): ਜਿਲ੍ਹੇ ‘ਚ ਚਲਾਏ ਜਾ ਰਹੇ ਵੱਖ-ਵੱਖ ਸਿਹਤ ਪ੍ਰੋਗਰਾਮਾਂ ਸੰਬੰਧੀ ਸਿਵਲ ਸਰਜਨ ਜਲੰਧਰ ਡਾ. ਜਗਦੀਪ ਚਾਵਲਾ ਜੀ ਦੀ ਅਗਵਾਈ ਹੇਠ ਸੋਮਵਾਰ ਨੂੰ ਸਿਵਲ ਸਰਜਨ ਦਫ਼ਤਰ ਵਿਖੇ ਸਿਹਤ ਵਿਭਾਗ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨਾਲ ਮੀਟਿੰਗ ਕੀਤੀ ਗਈ। ਸਿਵਲ ਸਰਜਨ ਵੱਲੋਂ ਸਮੂਹ ਸੀਨੀਅਰ ਮੈਡੀਕਲ ਅਫ਼ਸਰਾਂ ਨਾਲ ਮੀਟਿੰਗ ਦੌਰਾਨ ਜਿਲ੍ਹੇ ਵਿੱਚ ਸਿਹਤ ਸੇਵਾਵਾਂ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਕੀਤੇ ਜਾ ਰਹੇ ਕੰਮਾਂ ਦੀ ਸਮੀਖਿਆ ਕੀਤੀ ਗਈ। ਉਨ੍ਹਾਂ ਵੱਲੋਂ ਬਰਸਾਤੀ ਮੌਸਮ ਦੇ ਮੱਦੇਨਜਰ 1 ਜੁਲਾਈ ਤੋਂ 31 ਅਗਸਤ ਤੱਕ ਚੱਲ ਰਹੀ ਦਸਤ ਰੋਕੋ ਮੁਹਿੰਮ, ਨੇਸ਼ਨਲ ਵੈਕਟਰ ਐਂਡ ਵਾਟਰ ਬੋਰਨ ਕੰਟਰੋਲ ਪ੍ਰੋਗਰਾਮ ਦੇ ਅੰਤਰਗਤ ਮਲੇਰੀਆ, ਡੇਂਗੂ ਦੀ ਰੋਕਥਾਮ ਅਤੇ 11 ਜੁਲਾਈ ਨੂੰ “ਵਿਸ਼ਵ ਆਬਾਦੀ ਦਿਵਸ” ਮਨਾਉਣ ਸੰਬੰਧੀ ਜਰੂਰੀ ਹਦਾਇਤਾਂ ਦਿੱਤੀਆਂ ਗਈਆਂ। ਉਨ੍ਹਾਂ ਕਿਹਾ ਕਿ 11 ਜੁਲਾਈ ਤੋਂ 24 ਜੁਲਾਈ ਤੱਕ “ਆਬਾਦੀ ਸਥਿਰਤਾ ਪੰਦਰਵਾੜਾ” ਮਨਾਇਆ ਜਾਵੇਗਾ, ਜਿਸ ਸੰਬੰਧੀ ਮੁਕੰਮਲ ਪ੍ਰਬੰਧ ਕਰ ਲਏ ਗਏ ਹਨ।
ਸਿਵਲ ਸਰਜਨ ਨੇ ਹਦਾਇਤ ਕੀਤੀ ਕਿ ਵੱਧ ਤੋਂ ਵੱਧ ਲੋਕਾਂ ਨੂੰ ਜਿਲ੍ਹੇ ਅੰਦਰ ਚੱਲ ਰਹੀਆਂ ਵੱਖ-ਵੱਖ ਸਿਹਤ ਸਕੀਮਾਂ ਅਤੇ ਸਿਹਤ ਸੇਵਾਵਾਂ ਦਾ ਲਾਭ ਲੈਣ ਲਈ ਪ੍ਰੇਰਿਤ ਕੀਤਾ ਜਾਵੇ। ਉਨ੍ਹਾਂ ਹਦਾਇਤ ਕੀਤੀ ਕਿ ਵੱਖ-ਵੱਖ ਸਿਹਤ ਪ੍ਰੋਗਰਾਮਾਂ ਸੰਬੰਧੀ ਲੋੜੀਂਦੀ ਰਿਪੋਰਟਿੰਗ ਸਮੇਂ ਸਿਰ ਜਿਲ੍ਹਾ ਹੈਡਕਵਾਰਟਰ ਨੂੰ ਭੇਜਣਾ ਅਤੇ ਸਿਹਤ ਸੰਸਥਾਵਾਂ ਵਿੱਚ ਦਵਾਈਆਂ ਦੀ ਉਪਲੱਬਧਤਾ ਨੂੰ ਯਕੀਨੀ ਬਣਾਇਆ ਜਾਵੇ।
ਜਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ. ਮਨਦੀਪ ਕੌਰ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਜ਼ਿਲ੍ਹੇ ਅੰਦਰ 28 ਜੂਨ ਤੋਂ 24 ਜੁਲਾਈ ਤੱਕ ਪਰਿਵਾਰ ਨਿਯੋਜਨ ਸਬੰਧੀ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ, ਲੱਗਭਗ ਇੱਕ ਮਹੀਨਾ ਚੱਲਣ ਵਾਲੀ ਇਸ ਮੁਹਿੰਮ ਤਹਿਤ ਸਿਹਤ ਵਿਭਾਗ ਵੱਲੋਂ 28 ਜੂਨ ਤੋਂ 10 ਜੁਲਾਈ ਤੱਕ ” ਦੰਪਤੀ ਸੰਪਰਕ ਪੰਦਰਵਾੜਾ ” ਮਨਾਇਆ ਜਾ ਰਿਹਾ ਹੈ, ਜਿਸ ਵਿੱਚ ਸਿਹਤ ਵਿਭਾਗ ਦੇ ਸਿਹਤ ਕਾਮਿਆਂ ਵੱਲੋਂ ਯੋਗ ਜੋੜਿਆਂ ਤੱਕ ਪਹੁੰਚ ਕਰਕੇ ਉਨ੍ਹਾਂ ਨੂੰ ਉਨ੍ਹਾਂ ਦੀ ਲੋੜ ਮੁਤਾਬਿਕ ਪਰਿਵਾਰ ਨਿਯੋਜਨ ਦੇ ਸਥਾਈ ਅਤੇ ਅਸਥਾਈ ਸਾਧਨ ਅਪਣਾਉਣ ਲਈ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਇਸ ਸਾਲ ਸਿਹਤ ਵਿਭਾਗ ਵੱਲੋਂ ਅਬਾਦੀ ਦਿਵਸ ਨੂੰ “ਵਿਕਸਿਤ ਭਾਰਤ ਦੀ ਨਵੀਂ ਪਹਿਚਾਣ – ਪਰਿਵਾਰ ਨਿਯੋਜਨ ਹਰ ਦੰਪਤੀ ਦੀ ਸ਼ਾਨ” ਵਿਸ਼ੇ ਤਹਿਤ ਮਨਾਇਆ ਜਾ ਰਿਹਾ ਹੈ।
ਡਾ. ਮਨਦੀਪ ਕੌਰ ਵੱਲੋਂ ਦੱਸਿਆ ਗਿਆ ਕਿ 11 ਜੁਲਾਈ ਤੋਂ 24 ਜੁਲਾਈ ਤੱਕ “ਆਬਾਦੀ ਸਥਿਰਤਾ ਪੰਦਰਵਾੜਾ” ਮਨਾਇਆ ਜਾਵੇਗਾ, ਜਿਸ ਤਹਿਤ ਜ਼ਿਲ੍ਹੇ ਅੰਦਰ ਵੱਖ -ਵੱਖ ਸਿਹਤ ਸੰਸਥਾਵਾਂ ਤੇ ਵਿਸ਼ੇਸ਼ ਕੈਂਪ ਲਗਾ ਕੇ ਯੋਗ ਜੋੜਿਆਂ ਨੂੰ ਪਰਿਵਾਰ ਨਿਯੋਜਨ ਦੀਆਂ ਸਿਹਤ ਸੇਵਾਵਾਂ ਮੁਹੱਈਆ ਕਰਵਾਈਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ ਜਿਲ੍ਹੇ ਵਿੱਚ ਯੋਗ ਜੋੜਿਆਂ ਨੂੰ ਸਿਹਤ ਸੰਸਥਾਵਾਂ ‘ਤੇ ਸਿਹਤ ਕਾਮਿਆਂ ਦੀ ਮੱਦਦ ਨਾਲ ਸਿਹਤ ਸੇਵਾਵਾਂ ਮੁਹੱਈਆ ਕਰਵਾਈਆਂ ਜਾਣਗੀਆਂ। ਸਮੂਹ ਆਸ਼ਾ ਵਰਕਰਾਂ ਨਾਲ ਮੀਟਿੰਗ ਦੌਰਾਨ ਜਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ. ਮਨਦੀਪ ਕੌਰ ਵੱਲੋਂ ਹਦਾਇਤ ਕੀਤੀ ਗਈ ਕਿ ਵੱਧ ਤੋਂ ਵੱਧ ਯੋਗ ਜੋੜਿਆਂ ਨੂੰ ਆਬਾਦੀ ਸਥਿਰਤਾ ਪੰਦਰਵਾੜੇ ਦਾ ਲਾਭ ਲੈਣ ਲਈ ਪ੍ਰੇਰਿਤ ਕੀਤਾ ਜਾਵੇ। ਉਨ੍ਹਾਂ ਵੱਲੋਂ ਸਾਰੇ ਯੋਗ ਜੋੜਿਆਂ ਨੂੰ ਅਪੀਲ ਕਰਦਿਆਂ ਕਿਹਾ ਗਿਆ ਕਿ ਉਹ ਇਸ ਪੰਦਰਵਾੜੇ ਦਾ ਵੱਧ ਤੋਂ ਵੱਧ ਲਾਭ ਉਠਾਉਣ।
ਜਿਲ੍ਹਾ ਟੀਕਾਕਰਨ ਅਫ਼ਸਰ ਡਾ. ਰਾਕੇਸ਼ ਚੋਪੜਾ ਵੱਲੋਂ “ਦਸਤ ਰੋਕੋ ਮੁਹਿੰਮ” ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਸਿਹਤ ਵਿਭਾਗ ਵੱਲੋਂ ਬੱਚਿਆਂ ਦੀਆਂ ਡਾਇਰੀਆ (ਦਸਤ) ਕਾਰਨ ਹੋਣ ਵਾਲੀਆਂ ਮੌਤਾਂ ਤੇ ਕਾਬੂ ਪਾਉਣਾ ਹੈ। ਉਨ੍ਹਾਂ ਦੱਸਿਆ ਕਿ ਦਸਤ ਇੱਕ ਆਮ ਸਮੱਸਿਆ ਹੈ। ਇਸ ਦੇ ਹੋਣ ਦਾ ਮੁੱਖ ਕਾਰਨ ਵਾਇਰਲ ਜਾਂ ਬੈਕਟੀਰੀਆ ਇਨਫੈਕਸ਼ਨ ਹੁੰਦਾ ਹੈ। ਦੂਸ਼ਿਤ ਪਾਣੀ ਅਤੇ ਭੋਜਨ ਦੇ ਸੇਵਨ ਕਾਰਨ ਅਕਸਰ ਇਸ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ। ਦਸਤ ਦੇ ਕਾਰਨ ਮਨੁੱਖ ਦੇ ਸਰੀਰ ‘ਚ ਕਈ ਤਰ੍ਹਾਂ ਦੇ ਲੱਛਣ ਨਜ਼ਰ ਆਉਣ ਲੱਗਦੇ ਹਨ। ਇਨ੍ਹਾਂ ‘ਚ ਉਲਟੀ, ਡੀਹਾਈਡਰੇਸ਼ਨ, ਦਸਤ, ਪੇਟ ‘ਚ ਦਰਦ, ਬੁਖ਼ਾਰ, ਸੋਜ ਅਤੇ ਮਲ ‘ਚੋਂ ਖੂਨ ਆਉਣਾ ਆਦਿ ਸ਼ਾਮਲ ਹੈ। ਉਨ੍ਹਾਂ ਵੱਲੋਂ ਓ.ਆਰ.ਐਸ. ਦਾ ਘੋਲ ਬਣਾਉਣ ਅਤੇ ਪਿਲਾਉਣ ਦੀ ਵਿਧੀ ਸੰਬਧੀ ਜਾਣਕਾਰੀ ਦਿੱਤੀ ਗਈ। ਉਨ੍ਹਾਂ ਕਿਹਾ ਕਿ ਬੱਚੇ ਨੂੰ ਪਤਲੇ ਦਸਤ ਹੋਣ ਦੀ ਸੂਰਤ ਵਿੱਚ ਜੇਕਰ ਓ.ਆਰ.ਐਸ. ਦਾ ਘੋਲ ਪਿਲਾਇਆ ਜਾਵੇ ਤਾਂ ਇਹ ਜੀਵਣ ਰੱਖਿਅਕ ਦਾ ਕੰਮ ਕਰਦਾ ਹੈ।