
ਜਲੰਧਰ (19.05.2025): ਵਿਸ਼ਵ ਹਾਈਪਰਟੈਂਸ਼ਨ ਦਿਵਸ ਮੌਕੇ ਆਈ.ਐਮ.ਏ. ਜਲੰਧਰ ਨੇ ਪਨੇਸ਼ਿਯਾ ਹਸਪਤਾਲ ਵਿੱਚ ਸ਼ਨਿਵਾਰ ਨੂੰ ਜਾਗਰੂਕਤਾ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਇਸ ਪ੍ਰੋਗਰਾਮ ਵਿੱਚ ਸਿਵਲ ਸਰਜਨ ਡਾ. ਗੁਰਮੀਤ ਲਾਲ ਅਤੇ ਜਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ. ਰਮਨ ਗੁਪਤਾ ਵਿਸ਼ੇਸ਼ ਤੌਰ ‘ਤੇ ਸ਼ਾਮਲ ਹੋਏ। ਡਾ. ਅਮਿਤ ਜੈਨ ਵੱਲੋਂ ਮੁੱਖ ਮਹਿਮਾਨਾਂ ਦਾ ਸਵਾਗਤ ਕੀਤਾ ਗਿਆ।
ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹੋਏ ਸਿਵਲ ਸਰਜਨ ਡਾ. ਗੁਰਮੀਤ ਲਾਲ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਿਹਤ ਵਿਭਾਗ ਜਲੰਧਰ ਵੱਲੋਂ 17 ਮਈ 2025 ਤੋਂ 17 ਜੂਨ 2025 ਤੱਕ ਹਾਈਪਰਟੈਂਸ਼ਨ ਸਬੰਧੀ ਜਾਗਰੂਕਤਾ ਮੁਹਿੰਮ ਚਲਾਈ ਜਾ ਰਹੀ ਹੈ। ਜਿਸਦਾ ਮੁੱਖ ਮਕਸਦ ਲੋਕਾਂ ਨੂੰ ਹਾਈਪਰਟੈਂਸ਼ਨ ਬਾਰੇ ਜਾਣਕਾਰੀ ਦਿੰਦੇ ਹੋਏ ਜਾਗਰੂਕ ਕਰਨਾ ਹੈ। ਉਨ੍ਹਾਂ ਦੱਸਿਆ ਕਿ ਅੱਜ ਦੀ ਤਣਾਅ ਭਰੀ ਜ਼ਿੰਦਗੀ ਵਿੱਚ, ਹਾਈਪਰਟੈਂਸ਼ਨ ਦਾ ਇਲਾਜ ਕਰਨ ਵਾਲੇ ਡਾਕਟਰ ਵੀ ਤਣਾਅ ਵਿੱਚ ਹਨ, ਉਨ੍ਹਾਂ ਨੂੰ ਤਣਾਅ ਮੁਕਤ ਕਰਨ ਲਈ ਪਨੇਸ਼ਿਆ ਹਸਪਤਾਲ ਵੱਲੋਂ ਸਿਹਤ ਵਿਭਾਗ ਜਲੰਧਰ ਅਤੇ ਆਈ.ਐਮ.ਏ. ਦੇ ਸਹਿਯੋਗ ਨਾਲ “ਸਟ੍ਰੈਸ਼ ਟ੍ਰੀ” ਈਵਨਿੰਗ ਮਨਾਈ ਗਈ। ਸਾਨੂੰ ਬਹੁਤ ਸਾਰੀਆਂ ਅਜਿਹੀਆਂ ਬਿਮਾਰੀਆਂ ਤੋਂ ਬਚਣਾ ਪੈਂਦਾ ਹੈ, ਜੋ ਸਾਡੇ ਆਪਣੇ ਸਰੀਰ ਵਿੱਚ ਪੈਦਾ ਹੁੰਦੀਆਂ ਹਨ। ਹਾਈਪਰਟੈਂਸ਼ਨ ਜਾਂ ਹਾਈ ਬਲੱਡ ਪ੍ਰੈਸ਼ਰ ਅਜਿਹੀ ਹੀ ਇੱਕ ਬਿਮਾਰੀ ਹੈ, ਜੋ ਸਾਡੀਆਂ ਆਪਣੀਆਂ ਗਲਤ ਆਦਤਾਂ ਅਤੇ ਤਣਾਅ ਕਾਰਨ ਪੈਦਾ ਹੁੰਦੀ ਹੈ ਅਤੇ ਦਿਲ ਦੀਆਂ ਗੰਭੀਰ ਬਿਮਾਰੀਆਂ ਦਾ ਕਾਰਨ ਬਣਦੀ ਹੈ। ਇਸ ਲਈ ਸਾਨੂੰ ਖਾਸਕਰ 30 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ ਨਿਯਮਤ ਬਲੱਡ ਪ੍ਰੈਸ਼ਰ ਦੀ ਜਾਂਚ ਕਰਵਾ ਕੇ ਦਵਾਈ ਦਾ ਸੇਵਨ ਕਰਨਾ ਚਾਹੀਦਾ ਹੈ ਅਤੇ ਇਸਦੀ ਜਾਂਚ ਅਤੇ ਇਲਾਜ ਸਾਰੀਆਂ ਸਰਕਾਰੀ ਸਿਹਤ ਸੰਸਥਾਵਾਂ ਵਿੱਚ ਬਿਲਕੁਲ ਮੁਫਤ ਕੀਤੀ ਜਾਂਦੀ ਹੈ।
ਆਈ.ਐਮ.ਏ. ਪ੍ਰੈਜੀਡੈਂਟ ਡਾ. ਐਮ.ਐਸ. ਭੂਟਾਨ ਨੇ ਬਲੱਡ ਪ੍ਰੈਸ਼ਰ ਦੇ ਵੱਧ ਰਹੇ ਕਾਰਨਾਂ ਅਤੇ ਤਨਾਅ ਨੂੰ ਨਿਯੰਤਰਿਤ ਕਰਨ ਬਾਰੇ ਦੱਸਿਆ। ਇਸ ਜਾਗਰੂਕਤਾ ਪ੍ਰੋਗਰਾਮ ਵਿੱਚ 100 ਤੋਂ ਵੱਧ ਆਈ.ਐਮ.ਏ. ਮੈਂਬਰਾਂ ਨੇ ਭਾਗ ਲਿਆ। ਇਸ ਦੌਰਾਨ ਤੰਬੋਲਾ ਗੇਮ, ਸਭਿਆਚਾਰਕ ਅਤੇ ਨਵੀਨਤਾਕਾਰੀ ਗਤੀਵਿਧੀਆਂ ਰਾਹੀਂ ਲੋਕਾਂ ਵਿੱਚ ਤਣਾਅ ਨੂੰ ਘੱਟ ਕਰਨ ਦਾ ਸੰਦੇਸ਼ ਪਹੁੰਚਾਇਆ ਗਿਆ ਅਤੇ ਲੋਕਾਂ ਨੂੰ ਤਣਾਵ ਮੁਕਤ ਰਹਿਣ ਦਾ ਮਹੱਤਵ ਸਮਝਾਇਆ ਗਿਆ।