ਜਲੰਧਰ (21.11.2023) : ਸਿਹਤ ਵਿਭਾਗ ਵੱਲੋਂ ਸਿਵਲ ਸਰਜਨ ਡਾ. ਰਮਨ ਸ਼ਰਮਾ ਦੀ ਅਗਵਾਈ ਹੇਠ ਲੋਕਾਂ ਨੂੰ ਵੱਖ-ਵੱਖ ਸਿਹਤ ਗਤੀਵਿਧੀਆਂ ਪ੍ਰਤੀ ਜਾਗਰੂਕ ਕਰਨ ਦੇ ਮੱਦੇਨਜਰ ਮੰਗਲਵਾਰ ਨੂੰ ਜਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ. ਮਨਦੀਪ ਕੌਰ ਦੀ ਰਹਿਨੁਮਾਈ ਹੇਠ “ਬੇਟੀ ਬਚਾਓ, ਬੇਟੀ ਪੜ੍ਹਾਓ” ਮੁਹਿੰਮ ਤਹਿਤ ਸ਼ਹੀਦ ਬਾਬੂ ਲਾਭ ਸਿੰਘ ਯਾਦਗਾਰੀ ਨਰਸਿੰਗ ਸਕੂਲ, ਸਿਵਲ ਹਸਪਤਾਲ ਜਲੰਧਰ ਵਿਖੇ ਜਿਲ੍ਹਾ ਪੱਧਰੀ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ। ਜਿਸਦੇ ਤਹਿਤ ਬੇਟਾ-ਬੇਟੀ ਵਿੱਚ ਸਮਾਨਤਾ ਅਤੇ ਧੀਆਂ ਨੂੰ ਸਿੱਖਿਅਤ ਕਰਨ ਦਾ ਸੁਨੇਹਾ ਦਿੱਤਾ ਗਿਆ।
ਸੈਮੀਨਾਰ ਦੌਰਾਨ ਡਾ. ਮਨਦੀਪ ਕੌਰ ਨੇ ਕਿਹਾ ਕਿ ਬੇਟੀਆਂ ਸਾਡੇ ਸਮਾਜ ਦਾ ਇੱਕ ਮਹੱਤਵਪੂਰਨ ਅੰਗ ਹੈ ਅਤੇ ਇਨ੍ਹਾਂ ਤੋਂ ਬਿਨਾ ਸਾਡਾ ਭਵਿੱਖ ਅਧੂਰਾ ਹੈ। ਸਿੱਖਿਅਤ ਤੇ ਖੁਸ਼ਹਾਲ ਬੇਟੀ ਸਾਡੇ ਦੇਸ਼ ਤੇ ਸਮਾਜ ਦਾ ਭਵਿੱਖ ਹੁੰਦੀ ਹੈ। ਸਿਹਤ ਵਿਭਾਗ ਲੜਕੀ ਨੂੰ ਕੁੱਖ ਵਿੱਚ ਹੀ ਮਾਰ ਦੇਣ ਦੇ ਘਿਨੋਣੇ ਕੰਮ ਦੀ ਨਿੰਦਾ ਕਰਦਾ ਹੈ ਅਤੇ ਪੀ.ਸੀ.- ਪੀ.ਐਨ.ਡੀ.ਟੀ. ਐਕਟ ਦੀ ਪਾਲਣਾ ਕਰਨਾ ਯਕੀਨੀ ਬਣਾਉਂਦਾ ਹੈ। ਜਿਲ੍ਹਾ ਸਮੂਹ ਸਿੱਖਿਆ ਤੇ ਸੂਚਨਾ ਅਫ਼ਸਰ ਗੁਰਦੀਪ ਸਿੰਘ ਨੇ ਕਿਹਾ ਕਿ “ਬੇਟੀ ਬਚਾਓ, ਬੇਟੀ ਪੜਾਓ” ਅਭਿਆਨ ਔਰਤਾਂ ਨੂੰ ਸ਼ਕਤੀਸ਼ਾਲੀ ਬਨਾਉਣ, ਸਮਾਜ ਵਿੱਚ ਮਾਣ ਵਧਾਉਣ ਅਤੇ ਅੱਗੇ ਵੱਧਣ ਦੇ ਮੌਕੇ ਦੇਣ ਦੀ ਇੱਕ ਕੋਸ਼ਿਸ ਹੈ।
ਪੋਸਟਰ ਮੇਕਿੰਗ ਕੰਪੀਟੀਸ਼ਨ ਵਿੱਚ ਹਰਸਿਮਰਨ ਜੀਤ ਕੌਰ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ
ਨਰਸਿੰਗ ਵਿਦਿਆਰਥਣਾਂ ਵਿੱਚਕਾਰ ਪੋਸਟਰ ਮੇਕਿੰਗ ਕੰਪੀਟੀਸ਼ਨ ਕਰਵਾਇਆ ਗਿਆ। ਜਿਸ ਵਿੱਚ ਵਿਦਿਆਰਥਣਾਂ ਵੱਲੋਂ ਭਾਗ ਲੈਂਦੇ ਹੋਏ “ਬੇਟੀ ਬਚਾਓ, ਬੇਟੀ ਪੜ੍ਹਾਓ” ਅਭਿਆਨ ਦਾ ਸੁਨੇਹਾ ਦਿੰਦੇ ਜਾਗਰੂਕਤਾ ਪੋਸਟਰ ਪ੍ਰਦਰਸ਼ਿਤ ਕੀਤੇ ਗਏ। ਵਿਦਿਆਰਥਣ ਕੌਮਲਪ੍ਰੀਤ ਕੌਰ ਵੱਲੋਂ ਬੇਟੀ ਬਚਾਓ, ਬੇਟੀ ਪੜ੍ਹਾਓ ਵਿਸ਼ੇ ‘ਤੇ ਆਪਣੀਆਂ ਭਾਵਨਾਵਾਂ ਵਿਅਕਤ ਕਰਦੇ ਹੋਏ ਵਿਚਾਰ ਪੇਸ਼ ਕੀਤੇ ਗਏ। ਕੰਪੀਟੀਸ਼ਨ ਵਿੱਚ ਨਰਸਿੰਗ ਵਿਦਿਆਰਥਣ ਹਰਸਿਮਰਨ ਜੀਤ ਕੌਰ ਨੇ ਪਹਿਲਾ, ਮੁਸਕਾਨ ਨੇ ਦੂਜਾ ਅਤੇ ਸਾਨਾ ਸਜ਼ਰੀਨ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਸਿਹਤ ਵਿਭਾਗ ਵੱਲੋਂ ਕੰਪੀਟੀਸ਼ਨ ਵਿੱਚ ਜੇਤੂ ਰਹਿਣ ਵਾਲੀਆਂ ਵਿਦਿਆਰਥਣਾਂ ਨੂੰ ਸਨਮਾਨ ਚਿੰਨ ਅਤੇ ਪ੍ਰਸ਼ੰਸਾ ਸਰਟੀਫਿਕੇਟ ਅਤੇ ਭਾਗ ਲੈਣ ਵਾਲੀਆਂ ਵਿਦਿਆਰਥਣਾਂ ਨੂੰ ਪ੍ਰਸ਼ੰਸਾ ਸਰਟੀਫਿਕੇਟ ਦੇ ਕੇ ਸਨਮਾਨਤ ਕੀਤਾ ਗਿਆ। ਸ਼ਹੀਦ ਬਾਬੂ ਲਾਭ ਸਿੰਘ ਯਾਦਗਾਰੀ ਨਰਸਿੰਗ ਸਕੂਲ, ਸਿਵਲ ਹਸਪਤਾਲ ਜਲੰਧਰ ਦੀ ਪ੍ਰਿੰਸਿਪਲ ਡਾ. ਪਰਮਜੀਤ ਕੌਰ ਵੱਲੋਂ ਸਿਹਤ ਵਿਭਾਗ ਦੀ ਟੀਮ ਦਾ ਧੰਨਵਾਦ ਕੀਤਾ ਗਿਆ ।
Disclaimer : यह खबर उदयदर्पण न्यूज़ को सोशल मीडिया के माध्यम से प्राप्त हुई है। उदयदर्पण न्यूज़ इस खबर की आधिकारिक तौर पर पुष्टि नहीं करता है। यदि इस खबर से किसी व्यक्ति अथवा वर्ग को आपत्ति है, तो वह हमें संपर्क कर सकते हैं।