ਜਲੰਧਰ (07.11.2025): ਕੈਂਸਰ ਪ੍ਰਤੀ ਜਾਗਰੂਕਤਾ ਪੈਦਾ ਕਰਨ ਲਈ ਹਰ ਸਾਲ ਦੇਸ਼ ਵਿੱਚ 07 ਨਵੰਬਰ ਨੂੰ “ਕੌਮੀ ਕੈਂਸਰ ਜਾਗਰੂਕਤਾ ਦਿਵਸ” ਵਜ੍ਹੋਂ ਮਨਾਇਆ ਜਾਂਦਾ ਹੈ।ਇਸ ਦੇ ਮੱਦੇਨਜ਼ਰ ਸਿਵਲ ਸਰਜਨ ਜਲੰਧਰ ਡਾ. ਰਾਜੇਸ਼ ਗਰਗ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸਿਹਤ ਵਿਭਾਗ ਜਲੰਧਰ ਵੱਲੋਂ ਸ਼ੁੱਕਰਵਾਰ ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਮਕਸੂਦਾਂ ਜਲੰਧਰ ਵਿਖੇ “ਕੌਮੀ ਕੈਂਸਰ ਜਾਗਰੂਕਤਾ ਦਿਵਸ” ਮਨਾਇਆ ਗਿਆ।ਇਸ ਸਾਲ ਇਸ ਜਾਗਰੂਕਤਾ ਦਿਵਸ ਨੂੰ “ਯੂਨਾਈਟਿਡ ਬਾਇ ਯੂਨੀਕ” ਵਿਸ਼ੇ ਤਹਿਤ ਮਨਾਇਆ ਜਾ ਰਿਹਾ ਹੈ ਜੋ ਲੋਕਾਂ ਨੂੰ ਦੇਖਭਾਲ ਦੇ ਕੇਂਦਰ ਵਿੱਚ ਰੱਖਦਾ ਹੈ।
ਇਸ ਮੌਕੇ ‘ਤੇ ਡਾ. ਪ੍ਰਭਸ਼ਰਨ ਕੌਰ ਕੈਂਸਰ ਰੋਗ ਮਾਹਿਰ ਸਿਵਲ ਹਸਪਤਾਲ ਜਲੰਧਰ ਵੱਲੋਂ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜੇਕਰ ਕੈਂਸਰ ਦੀ ਸ਼ੁਰੂਆਤ ਵਿੱਚ ਹੀ ਜਾਂਚ ਕਰਵਾ ਲਈ ਜਾਵੇ ਤਾਂ ਰੋਗੀ ਦੀ ਜਾਨ ਬਚਾਈ ਜਾ ਸਕਦੀ ਹੈ, ਮੁੱਢਲੀ ਸਟੇਜ ਤੇ ਜਲਦ ਪਛਾਣ ਹੋਣ ਅਤੇ ਇਲਾਜ ਨਾਲ ਕੈਂਸਰ ਠੀਕ ਹੋ ਸਕਦਾ ਹੈ। ਉਨ੍ਹਾ ਵੱਲੋਂ ਕੈਂਸਰ ਦੇ ਲੱਛਣਾਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਆਮ ਤੌਰ ਤੇ ਕੈਂਸਰ ਦੀ ਪਛਾਣ ਕਰਨ ਸਮੇਂ ਉਸ ਦੇ ਚਿੰਨ੍ਹ ਅਤੇ ਲੱਛਣਾਂ ਦਾ ਪਤਾ ਸਕਰੀਨਿੰਗ ਟੈਸਟ ਦੇ ਜ਼ਰੀਏ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਸਧਾਰਨ ਲੱਛਣਾਂ ਵਿੱਚ ਆਮ ਤੌਰ ਤੇ ਕਮਜ਼ੋਰੀ, ਸਰੀਰ ਦਾ ਭਾਰ ਘੱਟ ਹੋਣਾ, ਚਮੜੀ ਦਾ ਰੰਗ ਬਦਲ ਜਾਣਾ ਜਾਂ ਥਕਾਵਟ ਦੇ ਰੂਪ ਵਿੱਚ ਦਿਖਾਈ ਦਿੰਦੇ ਹਨ। ਜੇਕਰ ਕਿਸੇ ਵਿਅਕਤੀ ਨੂੰ ਇੱਕ ਹਫਤੇ ਤੋਂ ਜਿਆਦਾ ਅਸਾਧਾਰਣ ਲੱਛਣ ਹੋਣ ਤਾਂ ਉਸ ਨੂੰ ਡਾਕਟਰੀ ਸਹਾਇਤਾ ਦੀ ਸਲਾਹ ਦਿੱਤੀ ਜਾਂਦੀ ਹੈ। ਸਰੀਰ ਵਿੱਚ ਗਿਲਟੀ, ਲਗਾਤਾਰ ਖੰਘ ਅਤੇ ਆਵਾਜ਼ ਵਿਚ ਭਾਰੀਪਣ, ਮੂੰਹ ਵਿੱਚ ਨਾ ਠੀਕ ਹੋਣ ਵਾਲੇ ਛਾਲੇ ਅਤੇ ਮਹਾਂਮਾਰੀ ਤੋਂ ਇਲਾਵਾ ਖੂਨ ਪੈਣਾ ਆਦਿ ਲੱਛਣ ਹੋਣ ਤੇ ਤੁਰੰਤ ਹਸਪਤਾਲ ਵਿੱਚ ਜਾ ਕੇ ਜਾਂਚ ਕਰਵਾਉਣੀ ਚਾਹੀਦੀ ਹੈ। ਉਨ੍ਹਾਂ ਦੱਸਿਆ ਕਿ ਸਿਵਲ ਹਸਪਤਾਲ ਜਲੰਧਰ ਵਿਖੇ ਕੈਂਸਰ ਦੇ ਮਰੀਜ਼ਾਂ ਲਈ ਇਲਾਜ ਦੌਰਾਨ ਹੋਣ ਵਾਲੀ ਕੀਮੋਥਰੈਪੀ ਦੀ ਸਿਹਤ ਸਹੂਲਤ ਆਯੂਸ਼ਮਾਨ ਭਾਰਤ ਸਿਹਤ ਬੀਮਾ ਯੋਜਨਾ ਦੇ ਤਹਿਤ ਮੁਫਤ ਦਿੱਤੀ ਜਾਂਦੀ ਹੈ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਸੰਤੁਲਤ ਖੁਰਾਕ ਲੈਣ ਅਤੇ ਆਪਣੀ ਰੋਜ਼ਮਰਾ ਦੀ ਜ਼ਿੰਦਗੀ ਵਿਚ ਸੁਧਾਰ ਕਰਨ ਅਤੇ ਸ਼ਰਾਬ, ਸਿਗਰਟ ਅਤੇ ਤੰਬਾਕੂ ਦੀ ਵਰਤੋਂ ਤੋਂ ਪ੍ਰਹੇਜ਼ ਕਰਨ ਲਈ ਪ੍ਰੇਰਿਤ ਕੀਤਾ ।
ਡਿਪਟੀ ਐਮ.ਈ.ਆਈ.ਓ. ਅਸੀਮ ਸ਼ਰਮਾ ਵੱਲੋਂ ਦੱਸਿਆ ਗਿਆ ਕਿ ਪੰਜਾਬ ਸਰਕਾਰ ਵੱਲੋਂ ਸਾਰੇ ਮੈਡੀਕਲ ਕਾਲਜਾਂ ਅਤੇ ਸੂਚੀਬੱਧ ਹਸਪਤਾਲਾਂ ਵਿੱਚ ਕੈਂਸਰ ਦੀ ਬਿਮਾਰੀ ਦੇ ਇਲਾਜ ਲਈ ਮੁੱਖ ਮੰਤਰੀ ਪੰਜਾਬ ਕੈਂਸਰ ਰਾਹਤ ਕੋਸ਼ ਸਕੀਮ ਤਹਿਤ ਡੇਢ ਲੱਖ ਤੱਕ ਦਾ ਨਕਦੀ ਰਹਿਤ ਮੁਫ਼ਤ ਇਲਾਜ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਸਿਹਤ ਸੰਬੰਧੀ ਜਾਗਰੂਕਤਾ ਲਈ ਯੁਵਾ ਪੀੜ੍ਹੀ ਦਾ ਰੋਲ ਬਹੁਤ ਅਹਿਮ ਹੈ। ਇਸ ਦਿਵਸ ਨੂੰ ਵਿਦਿਆਰਥੀਆਂ ਨਾਲ ਮਨਾਉਣ ਦਾ ਮਕਸਦ ਇਹ ਹੈ ਕਿ ਉਹ ਇਸ ਨਾਮੁਰਾਦ ਬਿਮਾਰੀ ਪ੍ਰਤੀ ਵੱਧ ਤੋਂ ਵੱਧ ਜਾਗਰੂਕ ਹੋਣ ਅਤੇ ਆਪਣਾ ਅਤੇ ਆਪਣੇ ਪਰਿਵਾਰ ਤੇ ਹੋਰ ਲੋਕਾਂ ਨੂੰ ਵਧੀਆ ਜੀਵਨਸ਼ੈਲੀ ਜੀਉਣ ਲਈ ਪ੍ਰੇਰਿਤ ਕਰਨ ਤਾਂ ਜੋ ਇਕ ਸਿਹਤਮੰਦ ਅਤੇ ਖੁਸ਼ਹਾਲ ਸਮਾਜ ਦੀ ਸਿਰਜਨਾ ਕੀਤੀ ਜਾ ਸਕੇ।
—— _ਜਾਗਰੂਕਤਾ ਸੈਮੀਨਾਰ ਦੌਰਾਨ ਸਿਹਤ ਵਿਭਾਗ ਦੀ ਟੀਮ ਨੇ ਸਰਕਾਰ ਵੱਲੋਂ 9 ਅਕਤੂਬਰ 2025 ਤੋਂ ਚਲਾਈ ਜਾ ਰਹੀ 60 ਦਿਨਾਂ ਦੀ “ਤੰਬਾਕੂ ਫਰੀ ਯੂਥ ਕੰਪੇਨ” ਮੁਹਿੰਮ ਬਾਰੇ ਵੀ ਜਾਣਕਾਰੀ ਦਿੱਤੀ।ਤੰਬਾਕੂ ਦੀ ਵਰਤੋਂ ਕੈਂਸਰ ਲਈ ਇੱਕ ਵੱਡਾ ਜੋਖਮ ਕਾਰਕ ਹੈ, ਇਸ ਦੇ ਮੱਦੇਨਜ਼ਰ ਤੰਬਾਕੂ ਦੀ ਵਰਤੋਂ ਨੂੰ ਰੋਕਣ ਲਈ ਸਰਕਾਰ ਵੱਲੋਂ ਵਿਸੇਸ਼ ਉਪਾਅ ਲਾਗੂ ਕੀਤੇ ਜਾ ਰਹੇ ਹਨ। ਕੈਂਸਰ

ਰੋਗ ਮਾਹਿਰ ਡਾ. ਪ੍ਰਭਸ਼ਰਨ ਕੌਰ ਨੇ ਦੱਸਿਆ ਕਿ ਤੰਬਾਕੂ ਦਾ ਸੇਵਨ, ਭਾਵੇਂ ਸਿਗਰਟਨੋਸ਼ੀ ਰਾਹੀਂ ਹੋਵੇ ਜਾਂ ਚਬਾਉਣ ਰਾਹੀਂ, ਕੈਂਸਰ ਦਾ ਸਭ ਤੋਂ ਮਹੱਤਵਪੂਰਨ ਕਾਰਨ ਹੈ। ਉਨ੍ਹਾਂ ਵੱਲੋਂ ਦੱਸਿਆ ਗਿਆ ਕਿ ਤੰਬਾਕੂ ਪਦਾਰਥਾਂ ਦੀ ਸੂਚੀ ਵਿੱਚ ਬੀੜੀ, ਸਿਗਰੇਟ, ਗੁਟਖਾ, ਪਾਨ ਮਸਾਲਾ, ਈ-ਸਿਗਰੇਟ, ਹੁੱਕਾ ਆਦਿ ਸ਼ਾਮਿਲ ਹਨ। ਸਿਗਰੇਟਨੋਸ਼ੀ ਫੇਫੜੇ, ਦਿਲ ਅਤੇ ਸਰੀਰ ਦੇ ਹੋਰ ਅੰਗਾਂ ਨੂੰ ਨੁਕਸਾਨ ਪਹੁੰਚਾਉਂਦੀ ਹੈ। ਤੰਬਾਕੂ ਸੇਵਨ ਨਾਲ ਸ਼ਰੀਰ ਫੇਫੜਿਆਂ ‘ਤੇ ਸਭ ਤੋਂ ਜਿਆਦਾ ਅਸਰ ਪੈਂਦਾ ਹੈ। ਇਸ ਨਾਲ ਕਈ ਘਾਤਕ ਬਿਮਾਰੀਆਂ ਤਪਦਿਕ, ਜਿਗਰ ਰੋਗ, ਮੂੰਹ ਦਾ ਕੈਂਸਰ, ਪ੍ਰਜਨਨ ਸ਼ਕਤੀ ਉੱਤੇ ਅਸਰ, ਹਾਈ ਬਲੱਡ ਪ੍ਰੈੱਸਰ ਹੋ ਸਕਦੀਆਂ ਹਨ। ਉਨ੍ਹਾਂ ਵੱਲੋਂ ਤੰਬਾਕੂਨੋਸ਼ੀ ਦੇ ਬੁਰੇ ਪ੍ਰਭਾਵਾਂ ਬਾਰੇ ਵਿਸਥਾਰਥ ਦਸਦਿਆਂ ਵਿਦਿਆਰਥੀਆਂ ਨੂੰ ਤੰਬਾਕੂ ਦਾ ਸੇਵਨ ਨਾ ਕਰਨ ਲਈ ਪ੍ਰੇਰਿਤ ਕੀਤਾ ਗਿਆ।_
ਸੈਮੀਨਾਰ ਦੌਰਾਨ ਵਿਦਿਆਰਥੀਆਂ ਨੂੰ ਡੇਂਗੂ ਤੋਂ ਬਚਾਅ ਅਤੇ ਇਸ ਦੀ ਰੋਕਥਾਮ ਬਾਰੇ ਵੀ ਜਾਗਰੂਕ ਕੀਤਾ ਗਿਆ। ਅੰਤ ਵਿੱਚ ਸਕੂਲ ਇੰਚਾਰਜ ਸ਼੍ਰੀ ਵਿਨੋਦ ਕੁਮਾਰ ਪੁਰੀ ਵੱਲੋਂ ਸਕੂਲ ਦੇ ਵਿਦਿਆਰਥੀਆਂ ਨੂੰ ਸਿਹਤ ਸੰਬੰਧੀ ਵੱਡਮੁੱਲੀ ਜਾਣਕਾਰੀ ਦੇਣ ਲਈ ਸਿਹਤ ਵਿਭਾਗ ਦੀ ਟੀਮ ਦਾ ਧੰਨਵਾਦ ਕੀਤਾ ਅਤੇ ਵਿਦਿਆਰਥੀਆਂ ਨੂੰ ਇਹ ਜਾਣਕਾਰੀ ਹੋਰ ਲੋਕਾਂ ਤੱਕ ਵੀ ਸਾਂਝੀ ਕਰਨ ਲਈ ਪ੍ਰੇਰਿਤ ਕੀਤਾ ਗਿਆ।ਇਸ ਮੌਕੇ ਮੈਡਮ ਬਬਲੀ ਲੈਕਚਰਰ ਕਾਮਰਸ, ਲੈਕਚਰਰ ਕਮਲ ਕਿਸ਼ੋਰ, ਸਕੂਲ ਦਾ ਹੋਰ ਸਟਾਫ ਅਤੇ ਵਿਦਿਆਰਥੀ ਮੌਜੂਦ ਸਨ।

Disclaimer : यह खबर उदयदर्पण न्यूज़ को सोशल मीडिया के माध्यम से प्राप्त हुई है। उदयदर्पण न्यूज़ इस खबर की आधिकारिक तौर पर पुष्टि नहीं करता है। यदि इस खबर से किसी व्यक्ति अथवा वर्ग को आपत्ति है, तो वह हमें संपर्क कर सकते हैं।