ਜਲੰਧਰ (28-09-2022): ਸਿਵਲ ਸਰਜਨ ਡਾ. ਰਮਨ ਸ਼ਰਮਾ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਸਿਹਤ ਵਿਭਾਗ ਜਲੰਧਰ ਵੱਲੋਂ ਨੇਸ਼ਨਲ ਰੇਬੀਜ਼ ਕੰਟਰੋਲ ਪ੍ਰੋਗਰਾਮ ਤਹਿਤ ਬੁੱਧਵਾਰ ਨੂੰ “ਵਰਲਡ ਰੈਬੀਜ਼ ਡੇ” ਮੌਕੇ ਸ਼ਹੀਦ ਬਾਬੂ ਲਾਭ ਸਿੰਘ ਨਰਸਿੰਗ ਸਕੂਲ ਸਿਵਲ ਹਸਪਤਾਲ ਜਲੰਧਰ ਵਿਖੇ ਜਾਗਰੂਕਤਾ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਮੈਡੀਕਲ ਸੁਪਰਡੈਂਟ ਡਾ. ਰਾਜੀਵ ਸ਼ਰਮਾ ਅਤੇ ਜਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ. ਰਮਨ ਗੁਪਤਾ ਦੀ ਅਗਵਾਈ ਵਿੱਚ ਹੋਏ ਇਸ ਸੈਮੀਨਾਰ ‘ਚ ਨਰਸਿੰਗ ਸਕੂਲ ਦੀਆਂ ਵਿਦਿਆਰਥਣਾਂ ਵੱਲੋਂ ਪੋਸਟਰ ਮੇਕਿੰਗ ਕੰਪੀਟੀਸ਼ਨ ਦੌਰਾਨ ਰੇਬੀਜ਼ ਦੀ ਬਿਮਾਰੀ ਤੋਂ ਬਚਾਅ ਸੰਬੰਧੀ ਜਾਗਰੂਕਤਾ ਪੋਸਟਰ ਪ੍ਰਦਰਸ਼ਿਤ ਕੀਤੇ ਗਏ।
ਮੈਡੀਕਲ ਸੁਪਰਡੈਂਟ ਡਾ. ਰਾਜੀਵ ਸ਼ਰਮਾ ਵੱਲੋਂ ਦੱਸਿਆ ਗਿਆ ਕਿ ਸਿਹਤ ਵਿਭਾਗ ਵੱਲੋਂ ਲੋਕਾਂ ਨੂੰ ਹਲਕਾਅ ਦੀ ਬਿਮਾਰੀ ਤੋਂ ਬਚਾਅ ਪ੍ਰਤੀ ਜਾਗਰੂਕ ਕਰਨ ਦੇ ਮਕਸਦ ਨਾਲ ਹਰ ਸਾਲ 28 ਸਤੰਬਰ ਨੂੰ “ਵਿਸ਼ਵ ਹਲਕਾਅ ਦਿਵਸ” ਮਨਾਇਆ ਜਾਂਦਾ ਹੈ। ਇਸ ਵਾਰ ਇਸ ਦਿਵਸ ਨੂੰ “ਵਨ ਹੈਲਥ ਜੀਰੋ ਡੈਥਸ” ਥੀਮ ਤਹਿਤ ਮਨਾਇਆ ਜਾ ਰਿਹਾ ਹੈ। ਉਨ੍ਹਾਂ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਰੇਬੀਜ਼ (ਹਲਕਾਅ) ਇਕ ਜਾਨਲੇਵਾ ਬਿਮਾਰੀ ਹੈ, ਜਿਸਦਾ ਬਚਾਅ ਪੂਰੀ ਤਰ੍ਹਾਂ ਸੰਭਵ ਹੈ। ਉਨ੍ਹਾਂ ਕਿਹਾ ਕਿ ਹਲਕਾਅ ਕੁੱਤੇ, ਬਿੱਲੀ, ਬਾਂਦਰ, ਖਰਗੋਸ਼, ਨਿਓਲਾ, ਗਿੱਦੜ ਆਦਿ ਵਰਗੇ ਜਾਨਵਰਾਂ ਦੇ ਕੱਟਣ ਜਾਂ ਖਰੋਚ ਦੇ ਕਾਰਨ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਹਲਕਾਅ ਦੀ ਬਿਮਾਰੀ ਤੋਂ ਬਚਾਅ ਲਈ ਜਾਨਵਰ ਦੇ ਵੱਢਣ ‘ਤੇ ਜਖ਼ਮ ਨੂੰ ਸਾਬਣ ਤੇ ਵੱਗਦੇ ਪਾਣੀ ਨਾਲ ਤੁਰੰਤ ਧੋਵੋ, ਜਖਮ ‘ਤੇ ਆਇਓਡੀਨ/ਸਪਿਰਿਟ ਜਾਂ ਹੋਰ ਉਪਲੱਬਧ ਐਂਟੀਸੈਪਟਿਕ ਲਗਾਓ ਅਤੇ ਸਮੇਂ ਸਿਰ ਡਾਕਟਰ ਦੀ ਸਲਾਹ ਲੈ ਕੇ ਇਲਾਜ ਕਰਵਾਉਣਾ ਚਾਹੀਦਾ ਹੈ। ਇਸ ਦੌਰਾਨ ਫਾਰਮੈਸੀ ਅਫ਼ਸਰ ਨੀਰਜ ਵੱਲੋਂ ਰੈਬੀਜ਼ ਦਾ ਟੀਕਾ ਲਗਾਉਣ ਦੀ ਵਿਧੀ ਅਤੇ ਇਸਦੇ ਡੋਜ਼ ਬਾਰੇ ਜਾਣਕਾਰੀ ਦਿੱਤੀ ਗਈ।
ਜਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ. ਰਮਨ ਗੁਪਤਾ ਵੱਲੋਂ ਰੇਬੀਜ਼ (ਹਲਕਾਅ) ਦੀ ਬਿਮਾਰੀ ਤੋਂ ਬਚਾਅ ਸੰਬੰਧੀ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਜਾਨਵਰ ਦੇ ਵੱਢੇ ਜਾਂ ਖਰੋਚਾਂ ਨੂੰ ਅਣਦੇਖਾ ਨਹੀਂ ਕਰਨਾ ਚਾਹੀਦਾ ਹੈ, ਬਿਨਾਂ ਕਿਸੇ ਦੇਰੀ ਦੇ ਡਾਕਟਰੀ ਸਲਾਹ ਲੈਣੀ ਚਾਹੀਦੀ ਹੈ ਅਤੇ ਆਪਣੇ ਨੇੜੇ ਦੀ ਸਰਕਾਰੀ ਸਿਹਤ ਸੰਸਥਾਂ ਵਿੱਚ ਇਲਾਜ ਕਰਵਾਉਣਾ ਚਾਹੀਦਾ ਹੈ, ਇਨ੍ਹਾਂ ਸੰਸਥਾਵਾਂ ਵਿੱਚ ਜਾਨਵਰਾਂ ਦੇ ਵੱਢੇ ਦਾ ਇਲਾਜ ਮੁਫ਼ਤ ਕੀਤਾ ਜਾਂਦਾ ਹੈ। ਐਪੀਡਮੋਲੋਜਿਸਟ ਡਾ. ਸ਼ੋਭਨਾ ਬਾਂਸਲ ਵੱਲੋਂ ਰੇਬੀਜ਼ (ਹਲਕਾਅ) ਦੀ ਰੋਕਥਾਮ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਹਰ ਸਾਲ ਆਪਣੇ ਪਾਲਤੂ ਜਾਨਵਰਾਂ ਦਾ ਟੀਕਾਕਰਨ ਕਰਵਾਓ ਅਤੇ ਜਾਨਵਰਾਂ ਦੇ ਵੱਢਣ ‘ਤੇ ਜਖਮ ਤੇ ਮਿਰਚਾਂ, ਸਰੋਂ ਦਾ ਤੇਲ ਜਾਂ ਇਸ ਤਰ੍ਹਾਂ ਦੇ ਹੋਰ ਪਦਾਰਥ ਨਾ ਲਗਾਓ ਅਤੇ ਤੁਰੰਤ ਡਾਕਟਰੀ ਸਲਾਹ ਲਓ।
ਜਿਲ੍ਹਾ ਸਮੂਹ ਸਿੱਖਿਆ ਤੇ ਸੂਚਨਾ ਅਫ਼ਸਰ ਗੁਰਦੀਪ ਸਿੰਘ ਵੱਲੋਂ ਦੱਸਿਆ ਗਿਆ ਕਿ ਰੇਬੀਜ਼ ਨਾਲ ਭਾਰਤ ਵਿੱਚ ਹਰ ਸਾਲ ਲਗਭਗ 20,000 ਲੋਕਾਂ ਦੀ ਮੌਤ ਹੋ ਜਾਂਦੀ ਹੈ। ਕੁੱਤੇ ਦੇ ਵੱਢਣ ਵਾਲੇ ਵਿਅਕਤੀਆਂ ਵਿੱਚੋਂ 95-96 ਪ੍ਰਤੀਸ਼ਤ ਰੇਬੀਜ਼ ਦੇ ਕੇਸ ਹਨ। ਉਨ੍ਹਾਂ ਕਿਹਾ ਕਿ ਸਾਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਹੈ ਕਿ ਆਮ ਤੌਰ ਤੇ ਜਾਨਵਰ, ਆਪਣੇ ਬਚਾਅ ਅਤੇ ਉਤੇਜੀਤ ਕਰਨ ‘ਤੇ ਹੀ ਵੱਢਦੇ ਹਨ। ਜੇਕਰ ਕੋਈ ਜਾਨਵਰ ਵੱਢ ਲਵੇ ਤਾਂ ਤੁਰੰਤ ਮੁੱਢਲੀ ਸਹਾਇਤਾ ਲਈ ਨਜਦੀਕੀ ਸਿਹਤ ਕੇਂਦਰ ਜਾਓ। ਮੈਡੀਕਲ ਸੁਪਰਡੈਂਟ ਡਾ. ਰਾਜੀਵ ਸ਼ਰਮਾ ਵੱਲੋਂ ਪੋਸਟਰ ਮੇਕਿੰਗ ਕੰਪੀਟਿਸ਼ਨ ਵਿੱਚ ਪਹਿਲਾ ਸਥਾਨ ਹਾਸਲ ਕਰਨ ਵਾਲੀ ਵਿਦਿਆਰਥਣ ਹਰਸਿਮਰਨ ਕੌਰ, ਦੂਜਾ ਸਥਾਨ ਇੰਦਰਜੀਤ ਕੌਰ ਅਤੇ ਤੀਜਾ ਸਥਾਨ ਹਾਸਲ ਕਰਨ ਵਾਲੀ ਵਿਦਿਆਰਥਣ ਗੁਰਪ੍ਰੀਤ ਕੌਰ ਨੂੰ ਸਨਮਾਨਿਤ ਕੀਤਾ ਗਿਆ। ਇਸ ਕੰਪੀਟੀਸ਼ਨ ਵਿੱਚ 15 ਵਿਦਿਆਰਥਣਾਂ ਵਲੋਂ ਭਾਗ ਲਿਆ ਗਿਆ ਸੀ। ਨਰਸਿੰਗ ਸਕੂਲ ਦੀ ਸੀਨੀਅਰ ਫੈਕਲਟੀ ਮੈਂਬਰ ਸ੍ਰੀਮਤੀ ਪਰਮਿੰਦਰ ਕੌਰ ਵੱਲੋਂ ਵਿਦਿਆਰਥਣਾਂ ਨੂੰ ਰੇਬੀਜ਼ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਲਈ ਪ੍ਰੇਰਿਤ ਕੀਤਾ ਗਿਆ ਅਤੇ ਸੈਮੀਨਾਰ ਦੇ ਅੰਤ ਵਿੱਚ ਸਿਹਤ ਵਿਭਾਗ ਦੀ ਟੀਮ ਦਾ ਧੰਨਵਾਦ ਕੀਤਾ ਗਿਆ।

Disclaimer : यह खबर उदयदर्पण न्यूज़ को सोशल मीडिया के माध्यम से प्राप्त हुई है। उदयदर्पण न्यूज़ इस खबर की आधिकारिक तौर पर पुष्टि नहीं करता है। यदि इस खबर से किसी व्यक्ति अथवा वर्ग को आपत्ति है, तो वह हमें संपर्क कर सकते हैं।