
ਜਲੰਧਰ (29.10.2025) ਸਿਵਲ ਸਰਜਨ ਡਾ. ਰਾਜੇਸ਼ ਗਰਗ ਜੀ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਮੈਡੀਕਲ ਸੁਪਰਡੈਂਟ ਡਾ. ਨਮਿਤਾ ਘਈ ਅਤੇ ਜਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ. ਰਮਨ ਗੁਪਤਾ ਦੀ ਅਗਵਾਈ ਹੇਠ ਸਿਹਤ ਵਿਭਾਗ ਜਲੰਧਰ ਵੱਲੋਂ ਸਿਵਲ ਹਸਪਤਾਲ ਜਲੰਧਰ ਵਿਖੇ “ਵਿਸ਼ਵ ਸਟ੍ਰੋਕ ਦਿਵਸ” ਮਨਾਇਆ ਗਿਆ। ਇਸ ਪ੍ਰੋਗਰਾਮ ਦੀ ਅਗਵਾਈ ਕਰਦਿਆਂ ਮੈਡੀਕਲ ਸੁਪਰਡੈਂਟ ਡਾ. ਨਮਿਤਾ ਘਈ ਨੇ ਦੱਸਿਆ ਕਿ ਸਟ੍ਰੋਕ ਦਾ ਇਲਾਜ਼ ਸੰਭਵ ਹੈ। ਵਧੇਰੇ ਜਾਗਰੂਕਤਾ, ਸਮੇਂ ਸਿਰ ਪਹੁੰਚ ਅਤੇ ਸਮੇਂ ਸਿਰ ਕੀਤੀ ਕਾਰਵਾਈ ਨਾਲ ਜਾਨ ਬਚ ਸਕਦੀ ਹੈ।
ਜਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ. ਰਮਨ ਗੁਪਤਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਟ੍ਰੋਕ ਇਲਾਜਯੋਗ ਹੈ। ਉਨ੍ਹਾਂ ਦੱਸਿਆ ਕਿ ਹਾਈ ਬਲੱਡ ਪ੍ਰੈਸ਼ਰ ਸਟ੍ਰੋਕ ਦਾ ਕਾਰਨ ਬਣ ਸਕਦਾ ਹੈ। ਸਟ੍ਰੋਕ ਸਰੀਰ ਦੀ ਗਤੀਸ਼ੀਲਤਾ, ਬੋਲਣ ਵਿੱਚ ਅਸਪਸ਼ਟਤਾ ਅਤੇ ਸੋਚਣ ਸਮਝਣ ਤੇ ਤੀਰਿਕਆਂ ਨੂੰ ਵੀ ਪ੍ਰਭਾਵਿਤ ਕਰ ਸਕਦਾ ਹੈ। ਉਨ੍ਹਾਂ ਦੱਸਿਆ ਕਿ ਸਟ੍ਰੋਕ ਅਪੰਗਤਾ ਦਾ ਮੁੱਖ ਕਾਰਣ ਹੈ ਅਤੇ ਸਟ੍ਰੋਕ ਕਿਸੀ ਵੀ ਵਿਅਕਤੀ ਨੂੰ ਕਿਸੀ ਵੀ ਉਮਰ ਵਿੱਚ ਹੋ ਸਕਦਾ ਹੈ। ਜਿਸ ਵਿੱਚ ਦਿਮਾਗ ਦੀਆਂ ਨਸਾਂ ਜਾਮ ਹੋਣੀਆਂ ਸ਼ੁਰੂ ਹੋ ਜਾਂਦੀਆਂ ਹਨ ਅਤੇ ਖੂਨ ਸਹੀ ਢੰਗ ਨਾਲ ਦਿਮਾਗ ਤੱਕ ਨਹੀਂ ਪਹੁੰਚਦਾ। ਜਦੋਂ ਦਿਮਾਗ ਦੇ ਬਲੱਡ ਸਰਕੂਲੇਸ਼ਨ ਵਿੱਚ ਗੜਬੜ ਹੁੰਦੀ ਹੈ, ਤਾਂ ਸਟ੍ਰੋਕ ਦਾ ਖ਼ਤਰਾ ਵੱਧ ਜਾਂਦਾ ਹੈ। ਦਿਮਾਗ ਦੇ ਅੰਦਰ ਖੂਨ ਲੀਕ ਹੋਣਾ ਸ਼ੁਰੂ ਹੋ ਜਾਂਦਾ ਹੈ। ਜਿਸ ਕਾਰਨ ਇਸ ਦਾ ਦਿਮਾਗ ‘ਤੇ ਬੁਰਾ ਪ੍ਰਭਾਵ ਪੈਂਦਾ ਹੈ ਅਤੇ ਆਮ ਭਾਸ਼ਾ ‘ਚ ਇਸ ਨੂੰ ਬ੍ਰੇਨ ਹੈਮਰੇਜ ਕਿਹਾ ਜਾਂਦਾ ਹੈ।
ਡਾ. ਰਮਨ ਗੁਪਤਾ ਨੇ ਦੱਸਿਆ ਕਿ ਬੋਲਣ ਅਤੇ ਸਮਝਣ ਵਿੱਚ ਪਰੇਸ਼ਾਨੀ ਹੋਣਾ, ਲਕਵਾ, ਚਿਹਰੇ, ਹੱਥਾਂ ਜਾਂ ਪੈਰਾਂ ਦਾ ਸੁੰਨ ਪੈ ਜਾਣਾ, ਧੁੰਦਲਾ ਜਾਂ ਦੋ-ਦੋ ਨਜ਼ਰ ਆਉਣਾ, ਅਚਾਨਕ ਗੰਭੀਰ ਸਿਰਦਰਦ ਅਤੇ ਆਮ ਤੌਰ ‘ਤੇ ਸਰੀਰ ਦੇ ਇੱਕ ਪਾਸੇ ਸੰਤੁਲਨ ਵਿੱਚ ਸਮੱਸਿਆਵਾਂ ਪਰੇਸ਼ਾਨੀ ਆਦਿ ਸਟ੍ਰੋਕ ਦੇ ਮੁੱਖ ਲੱਛਣ ਹਨ। ਸਾਨੂੰ ਅਜਿਹੀ ਸਥਿਤੀ ਵਿੱਚ ਘਰੇਲੂ ਇਲਾਜ ਅਤੇ ਝੋਲਾ-ਛਾਪ ਡਾਕਟਰਾਂ ਤੋਂ ਪਰਹੇਜ਼ ਕਰਨਾ ਚਾਹੀਦਾ ਹੈ ਅਤੇ ਇਲਾਜ ਦੇ ਵਧੀਆ ਨਤੀਜਿਆਂ ਲਈ 4.5 ਘੰਟਿਆਂ ਦੇ ਅੰਦਰ-ਅੰਦਰ ਹਸਪਤਾਲ ਪਹੁੰਚਣਾ ਚਾਹੀਦਾ ਹੈ ਤਾਂ ਜੋ ਸਟ੍ਰੋਕ ਤੋਂ ਬਚਾਅ ਲਈ ਜ਼ਰੂਰੀ ਇੰਨਜੈਕਸ਼ਨ ਲਗਾ ਕੇ ਮਰੀਜ ਨੂੰ ਸਟ੍ਰੋਕ ਤੋਂ ਬਚਾਇਆ ਜਾ ਸਕੇ, ਜੋ ਕਿ ਸਰਕਾਰੀ ਹਸਪਤਾਲ ਵਿੱਚ ਬਿਲਕੁਲ ਮੁਫ਼ਤ ਲਗਾਇਆ ਜਾਂਦਾ ਹੈ।